ਸਾਰੇ ਉਸਨੂੰ ਦੀਪੋ ਚਾਚੀ ਆਖਦੇ ਪਰ ਅਸਲ ਵਿਚ ਬੰਗਾਲ ਤੋਂ ਮੁੱਲ ਲਿਆਂਦੀ ਸੀ..ਰੰਗ ਦੀ ਪੱਕੀ ਪਰ ਸੁਭਾਅ ਦੀ ਬੜੀ ਚੰਗੀ..ਹਰ ਕੰਮ ਨੂੰ ਚੁਸਤ ਦਰੁਸਤ..ਬੱਚਿਆਂ ਨਾਲ ਬੜਾ ਨੇਹ ਪਿਆਰ..ਪਰ ਚਾਚਾ ਪੀ ਕੇ ਬੜਾ ਧੱਕਾ ਕਰਦਾ..ਪਹਿਲੀ ਨੂੰ ਯਾਦ ਕਰ ਬੜੀ ਲਾਹ ਪਾਹ ਕਰਦਾ..ਹਮੇਸ਼ਾਂ ਕੁਦੇਸਣ ਆਖ ਬੁਲਾਉਂਦਾ..ਅੱਗਿਓਂ ਚੁੱਪ ਚਾਪ ਸਹਿ ਲੈਂਦੀ..!
ਇੱਕ ਦਿਨ ਚਾਚੀ ਨੇ ਕੋਲੋਂ ਲੰਘਦੀ ਨਹਿਰ ਵਿਚ ਛਾਲ ਮਾਰ ਦਿੱਤੀ..ਮੂੰਹ ਹਨੇਰੇ..ਚਸ਼ਮਦੀਦ ਦੱਸਣ ਕੇ ਨਹਿਰ ਵੱਲ ਜਾਂਦੀ ਨੇ ਕਿੰਨੀ ਵੇਰਾਂ ਘਰ ਵੱਲ ਮੁੜ ਕੇ ਵੇਖਿਆ..ਕਦੀ ਖਲੋ ਜਾਂਦੀ..ਕਦੇ ਕੁਝ ਸੋਚਦੀ ਫੇਰ ਕੁਝ ਕਦਮ ਪਿਛਾਂਹ ਨੂੰ ਪੁੱਟਦੀ..ਫੇਰ ਮੁੜ ਪੈਂਦੀ..ਅਖੀਰ ਇਕੇਰਾਂ ਪੱਕੇ ਪੈਰੀ ਹੋ ਸਿੱਧੀ ਛਾਲ ਮਾਰ ਦਿੱਤੀ..ਮਾਰੀ ਵੀ ਸਿਧੀ ਗੜੂੰਮ ਵਿਚ ਜਿਥੋਂ ਘੁੰਮਣ ਘੇਰੀ ਵਿਚੋਂ ਬੰਦਾ ਬਾਹਰ ਹੀ ਨਹੀਂ ਆ ਸਕਦਾ..ਅਸੀਂ ਅਜੇ ਤੀਕਰ ਬਹੁਤ ਯਾਦ ਕਰਦੇ..ਚਾਚੇ ਨੇ ਮਹੀਨਾ ਵੀ ਨਾ ਟੱਪਣ ਦਿੱਤਾ..ਹੋਰ ਲੈ ਆਂਦੀ..!
ਅੱਜ ਤੜਕੇ ਸੜਕ ਕੰਢੇ ਗੱਡੀ ਖਲਿਆਰੀ ਹੋਈ ਸੀ..ਇੱਕ ਝੌਲਾ ਪਿਆ..ਇਹ ਰੱਬ ਦਾ ਦੂਤ ਤੁਰਿਆ ਆ ਰਿਹਾ ਸੀ..ਨੰਗੇ ਪੈਰੀ..ਬਰਫ਼ਾਂ ਦੇ ਉੱਤੋਂ..ਕਦੇ ਖਲੋ ਜਾਂਦਾ..ਕਦੇ ਪਿਛਾਂਹ ਨੂੰ ਮੁੜ ਪੈਂਦਾ..ਕਦੇ ਕਿਸੇ ਘਰ ਵੱਲ ਵੇਖਦਾ..ਸ਼ਾਇਦ ਕੋਈ ਮਗਰ ਲੱਭਣ ਜਾਂ ਰੋਕਣ ਆ ਹੀ ਜਾਵੇ..ਚਾਚੀ ਦੀਪੋ ਯਾਦ ਆ ਗਈ..ਪਰ ਸ਼ੁਕਰ ਕੀਤਾ ਅੱਜ ਲਾਗੇ ਚਾਗੇ ਕੋਈ ਨਹਿਰ ਨਹੀਂ ਸੀ..ਉੱਤੋਂ ਠੰਡ ਵੀ ਏਨੀ ਜਿਆਦਾ ਨਹੀਂ..ਅਰਦਾਸ ਕੀਤੀ ਦੇਰ ਸੁਵੇਰ ਕੋਈ ਨਾ ਕੋਈ ਤੇ ਵਾਪਿਸ ਮੋੜ ਹੀ ਲਿਜਾਵੇਗਾ..!
“ਜਾਓ ਨੀ ਕੋਈ ਮੋੜ ਲਿਆਓ..ਮੇਰੇ ਨਾਲ ਗਿਆ ਜੇ ਲੜਕੇ..ਅੱਲਾ ਕਰੇ ਮੁੜ ਆਵੇ ਸੋਹਣਾ..ਦਿਆਂ ਜਾਨ ਕਦਮਾਂ ਵਿੱਚ ਧਰਕੇ”
ਸੋ ਦੋਸਤੋ ਘਰ ਛੱਡਣੇ ਬੜੇ ਔਖੇ..ਭਾਵੇਂ ਗਲਤੀ ਨਾਲ..ਭਾਵੇਂ ਮਿਥ ਕੇ ਤੇ ਭਾਵੇਂ ਕਲੇਸ਼ ਹੱਥੋਂ ਸਤ ਕੇ..ਇੱਕ ਵੇਰ ਕੰਧਾਂ ਕੌਲੇ ਮਗਰੋਂ ਵਾਜ ਤੇ ਜਰੂਰ ਮਾਰਦੇ ਹੀ ਨੇ..ਰੱਬ ਦਾ ਵਾਸਤਾ..ਵਾਪਿਸ ਪਰਤ ਆ..ਸਾਡੇ ਕਲਾਵੇ ਤੈਂਥੋਂ ਬਗੈਰ ਸੁੰਞੇ ਨੇ..ਪਰ ਹੋਣੀ ਦਾ ਪੂਰਾ ਜ਼ੋਰ ਲੱਗਾ ਪਿਆ ਹੁੰਦਾ..ਇਹ ਕਿਧਰੇ ਹੁਣ ਆਪਣਾ ਮਨ ਹੀ ਨਾ ਬਦਲ ਜਾਵੇ..ਕਿਓੰਕੇ ਹੋਣੀ ਸਿਰਾਂ ਦੀ ਗਿਣਤੀ ਕਰਦੀ ਭਾਵਨਾਵਾਂ ਦੀ ਨਹੀਂ!
ਹਰਪ੍ਰੀਤ ਸਿੰਘ ਜਵੰਦਾ