ਮੇਰੀਆਂ ਦੋ ਮਾਸੀਆਂ ਤੇ ਦੋ ਮਾਮੇ..ਸਿਵਾਏ ਇੱਕ ਮਾਸੀ ਦੇ ਬਾਕੀ ਸਭ ਜਾ ਚੁਕੇ ਨੇ..ਮੇਰੀ ਮਾਂ ਵੀ..ਜਿਹੜੀ ਵੱਡੀ ਮਾਸੀ ਅਜੇ ਜਿਉਂਦੀ ਏ ਉਸਨੂੰ ਭੁੱਲਣ ਦਾ ਰੋਗ ਏ..ਉਸ ਭਾਵੇਂ ਸਭ ਅਜੇ ਵੀ ਜਿਉਂਦੇ ਨੇ..ਕੁਝ ਦਹਾਕੇ ਪਹਿਲੋਂ ਜਾਣ ਆਉਣ ਦੇ ਹਿਸਾਬ ਲੱਗਦੇ ਤਾਂ ਮਾਸੀ ਦਾ ਨੰਬਰ ਸਭ ਤੋਂ ਪਹਿਲਾਂ ਆਉਂਦਾ..ਸਿਹਤ ਜੂ ਥੋੜੀ ਢਿੱਲੀ ਰਹਿੰਦੀ ਸੀ..!
ਮੇਰੇ ਪਿਤਾ ਜੀ ਤੇ ਦੋਵੇਂ ਮਾਸੜ ਵੀ ਜਾ ਚੁਕੇ ਹਨ..ਜਿਉਂਦੀ ਮਾਸੀ ਦੀ ਇੱਕ ਨੂੰਹ ਕੁਝ ਮਹੀਨੇ ਪਹਿਲੋਂ ਕੈਂਸਰ ਦੀ ਭੇਂਟ ਚੜ ਗਈ ਤੇ ਦੂਜੀ ਪਰਸੋ..ਓਸੇ ਰੋਗ ਨਾਲ..ਦਰਿਆ ਬਿਆਸ ਦੇ ਕੰਢੇ ਪੂਰਾਣੀ ਕੀੜੀ ਪਿੰਡ..ਦਹਾਕੇ ਪਹਿਲੋਂ ਲੱਗੀ ਖੰਡ ਮਿੱਲ ਚੋਂ ਚੋਵੀਂ ਘੰਟੇ ਉੱਡਦੀ ਕਾਲੀ ਸਵਾਹ ਨੇ ਸਿਹਤ ਸਮੀਕਰਨ ਹੀ ਬਦਲ ਦਿੱਤੇ..ਖੈਰ ਮੁੱਦੇ ਤੇ ਆਵਾਂ..ਅਜੇ ਕੱਲ ਦੀ ਗੱਲ ਏ..ਭਰਾਵਾਂ ਦੀਆਂ ਜੰਞਾ ਚੜੀਆਂ..ਖੁਸ਼ੀਆਂ ਮਨਾਈਆਂ..ਚਾਅ ਕੀਤੇ..ਨਿਆਣੇ ਹੋਏ..ਫੇਰ ਓਹਨਾ ਦੇ ਵਿਆਹ ਹੋਏ..ਓਦੋਂ ਲੱਗਦਾ ਸੀ ਬੜੀ ਲੰਮੀ ਖੇਡ ਏ..ਸਦੀਵੀਂ ਹੀ ਖੇਡੀ ਜਾਂਦੀ ਰਹੇਗੀ..!
ਪਰ ਬੜੀ ਛੇਤੀ ਸਭ ਕੁਝ ਸਮੇਟਿਆਂ ਗਿਆ..ਦੇਖੀ ਜਮਾਨੇ ਕੀ ਯਾਰੀ..ਬਿਛੜੇ ਸਭੀ ਬਾਰੀ ਬਾਰੀ..ਕੁਝ ਆਖਦੇ ਹਯਾਤੀ ਛੋਟੀ ਨਹੀਂ ਅਸੀਂ ਜਿਉਂਣਾ ਹੀ ਲੇਟ ਸ਼ੁਰੂ ਕਰਦੇ ਹਾਂ..ਨਿੱਕੇ ਹੁੰਦਿਆਂ ਟਰੱਕਾਂ ਮਗਰ ਲਿਖਿਆ ਹੁੰਦਾ..ਰੱਬ ਤੇ ਮੌਤ ਨੂੰ ਹਮੇਸ਼ਾਂ ਯਾਦ ਰੱਖੋ..ਕੇਰਾਂ ਪਿਤਾ ਜੀ ਨੂੰ ਪੁੱਛ ਲਿਆ..ਮੌਤ ਨੂੰ ਯਾਦ ਰੱਖਣਾ ਕਿਓਂ ਜਰੂਰੀ ਏ..ਆਖਣ ਲੱਗੇ ਅਜੇ ਛੋਟਾ ਹੈਂ ਸਮਝ ਨਹੀਂ ਆਉਣੀ..ਵੇਲਾ ਆਵੇਗਾ ਆਪੇ ਸਮਝ ਜਾਵੇਂਗਾ..!
ਕਿਸੇ ਦਾ ਸਿਵਾ ਬਲਦਾ ਹੋਣਾ ਤਾਂ ਮਾਂ ਨੇ ਘਰੇ ਆ ਕੇ ਮਲ ਮਲ ਕੇ ਨਹਾਉਣਾ..ਮੇਰੇ ਪੁੱਤ ਨੂੰ ਬਲਾਵਾਂ ਨਾ ਚੰਬੜ ਗਈਆਂ ਹੋਣ..ਹੁਣ ਆਪ ਸਿਵਾ ਬਣ ਗਈ..ਅਕਸਰ ਗੋਰਿਆਂ ਦੇ ਸਿਵਿਆਂ ਕੋਲ ਦੀ ਲੰਘੀ ਦਾ ਹੈ..ਉਹ ਚੇਤੇ ਆ ਜਾਂਦੀ ਫੇਰ ਮਨ ਹੀ ਮਨ ਹੱਸ ਪੈਂਦਾ ਹਾਂ..ਕਿਓੰਕੇ ਅੰਦਰੋਂ ਅਵਾਜ ਆਉਂਦੀ..ਚਕਾਚੌਂਧ ਕੇ ਚੱਕਰ ਮੇਂ ਕਯਾ ਕਰ ਰਿਹਾ ਹੈ ਫ਼ਰਾਜ਼..ਇਤਨਾ ਤੋਂ ਜੀਣਾ ਭੀ ਨਹੀਂ ਜਿਤਨਾ ਤੂ ਮਰ ਰਿਹਾ ਹੈ ਫ਼ਰਾਜ਼..!
ਵਾਕਿਆ ਹੀ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ ਪਤਾ ਨੀ ਸੁਵੇਰ ਦਾ..!
ਹਰਪ੍ਰੀਤ ਸਿੰਘ ਜਵੰਦਾ
ਬਹੁਤ ਵਾਧਿਆ ਦਿਲ ਨੂੰ ਟੁਬ ਗਈ👌🙏🙏ਧਨੰਵਾਦ ਜੀ