ਕਹਿੰਦੇ ਉਮਰ ਦੇ ਵੱਧਣ ਨਾਲ ਬਜ਼ੁਰਗ ਵੀ ਬੱਚਿਆਂ ਵਰਗੇ ਹੋ ਜਾਂਦੇ ਹਨ। ਉਹਨਾ ਦਾ ਦਿਲ ਵੀ ਬੱਚਿਆਂ ਵਾੰਗੂ ਮਚਲਦਾ ਹੈ। ਕਈ ਵਾਰੀ ਸਿਆਣੀ ਉਮਰ ਦੇ ਲੋਕਾਂ ਕੋਲੋਂ ਸੁਣਿਆ ਹੈ। ਕਹਿੰਦੇ ਬਜ਼ੁਰਗ ਵੀ ਜਿੱਦੀ ਹੋ ਜਾਂਦੇ ਹਨ। ਮੇਰੇ ਇੱਕ ਦੋਸਤ ਦੇ ਮਾਤਾ ਜੀ ਕਾਫੀ ਬਿਮਾਰ ਰਹਿੰਦੇ ਸਨ ਉਮਰ ਅੱਸੀਆਂ ਤੋਂ ਉੱਪਰ ਸੀ। ਲੰਮੀ ਬਿਮਾਰੀ ਅਤੇ ਲਗਾਤਾਰ ਮੰਜੇ ਤੇ ਪਏ ਰਹਿਣ ਕਾਰਨ ਸਰੀਰ ਹੱਡੀਆਂ ਦੀ ਮੁੱਠ ਰਹਿ ਗਿਆ ਸੀ। ਵਜ਼ਨ ਵੀ ਕੋਈਂ ਪੰਤਾਲੀ ਕਿਲੋਂ ਤੋਂ ਘੱਟ ਹੀ ਰਹਿ ਗਿਆ ਸੀ। ਉਮਰ ਦਾ ਹੀ ਤਕਾਜ਼ਾ ਸੀ ਕਿ ਉਸਨੂੰ ਦਿਨ ਰਾਤ ਦਾ ਕੋਈਂ ਪਤਾ ਨਹੀਂ ਸੀ। ਇੱਕ ਰੋਟੀ ਦਾਲ ਵਿੱਚ ਚੂਰਕੇ ਦਿੰਦੇ। ਜਿਆਦਾ ਤਾਂ ਖਿਚੜੀ ਦਲੀਆ ਹੀ ਚੱਲਦਾ ਸੀ। ਉਂਜ ਇੰਨੀ ਉਮਰ ਤੇ ਕਮਜ਼ੋਰੀ ਦੇ ਬਾਵਜੂਦ ਮਾਤਾ ਦੀ ਅਵਾਜ ਕੜਕਵੀ ਸੀ। ਕੋਈਂ ਕੰਮ ਹੁੰਦਾ ਯ ਕੋਈਂ ਤਕਲੀਫ ਹੁੰਦੀ ਮੰਜੇ ਤੋਂ ਆਵਾਜ ਮਾਰਦੀ। ਕੋਈਂ ਨਾ ਕੋਈਂ ਪਰਿਵਾਰ ਦਾ ਜੀਅ ਸੇਵਾ ਲਈ ਹਾਜ਼ਿਰ ਹੁੰਦਾ।
“ਵੇ ਸੋਮਿਆ ਵੇ ਸੋਮਿਆ।” ਮਾਤਾ ਨੇ ਸਵੇਰੇ ਸਾਢੇ ਕੁ ਪੰਜ ਵਜੇ ਆਪਣੇ ਪੁੱਤ ਨੂੰ ਆਵਾਜ਼ ਲਗਾਈ। ਸਰਦੀ ਦੇ ਦਿਨ ਸਨ। ਸਭ ਰਜਾਈਆਂ ਵਿੱਚ ਘੂਕ ਸੁੱਤੇ ਪਏ ਸਨ। ਮਾਤਾ ਦੀ ਹੂਟਰ ਵਰਗੀ ਆਵਾਜ਼ ਸੁਣਕੇ ਆਗਿਆਕਾਰੀ ਪੁੱਤਰ ਠੁਰ ਠੁਰ ਕਰਦਾ ਮਾਤਾ ਕੋਲ੍ਹ ਪੇਸ਼ ਹੋਇਆ।
ਸੋਮਿਆ ਮੇਰਾ ਗੰਢਾ ਖਾਣ ਨੂੰ ਚਿੱਤ ਕਰਦਾ ਹੈ। ਇੱਕ ਛੋਟਾ ਜਿਹਾ ਗੰਢਾ ਲਿਆਕੇ ਦੇ।” ਮਾਤਾ ਨੇ ਫੁਰਮਾਨ ਜਾਰੀ ਕੀਤਾ। ਸੋਮੇ ਨੂੰ ਗੁੱਸਾ ਤਾਂ ਬਹੁਤ ਆਇਆ ਕਿ ਮਾਤਾ ਦੇ ਦੰਦ ਨਹੀਂ ਜਾੜ੍ਹ ਨਹੀਂ। ਨਾਲੇ ਆਹ ਕੋਈਂ ਵੇਲਾ ਹੈ ਗੰਢਾ ਖਾਣ ਦਾ। ਪਰ ਹੁਣ ਉਹ ਬੋਲੇ ਤਾਂ ਕੀ ਬੋਲੇ।
ਉਹ ਰਸੋਈ ਚ ਗਿਆ। ਛੋਟਾ ਜਿਹਾ ਗੰਢਾ ਛਿੱਲਿਆ ਤੇ ਮਾਤਾ ਨੂੰ ਦੇ ਦਿੱਤਾ। ਮਾਤਾ ਨੇ ਸਾਬੁਤ ਗੰਢਾ ਮੂੰਹ ਚ ਪਾਇਆ ਦੋ ਤਿੰਨ ਮਿੰਟ ਚੂਸਿਆ ਤੇ ਸੋਮੇ ਨੂੰ ਵਾਪਿਸ ਪਕੜਾ ਦਿੱਤਾ। ਮਾਤਾ ਦੀ ਇੱਛਾ ਪੂਰੀ ਹੋ ਚੁੱਕੀ ਸੀ।
ਹੁਣ ਗੱਲ ਆਉਂਦੀ ਹੈ ਮੋਰਲ ਆਫ ਦਾ ਸਟੋਰੀ। ਇਹ ਮੈਂ ਪਾਠਕਾਂ ਤੇ ਛੱਡਦਾ ਹਾਂ ਉਹ ਇਸ ਘਟਨਾ ਨੂੰ ਕਿਸ ਤਰ੍ਹਾਂ ਲੈਂਦੇ ਹਨ। ਇੱਕ ਗੱਲ ਦੀ ਗਰੰਟੀ ਹੈ ਕਿ ਘਟਨਾ ਸੋ ਫੀਸਦੀ ਸੱਚੀ ਹੈ।
#ਰਮੇਸ਼ਸੇਠੀਬਾਦਲ