ਹੱਡੀ ਰਚੇ ਬੰਦੇ | haddi rache bande

ਸ੍ਰੀ Rajinder Bimal ਜੀ ਦੀ ਬਦੌਲਤ ਮੈਨੂੰ ਐਸ ਪੀ Baljit Sidhu ਜੀ ਦੀ ਕਿਤਾਬ “ਹੱਡੀ ਰਚੇ ਬੰਦੇ” ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਬਿਮਲ ਜੀ ਨੂੰ ਮੈਂ ਆਪਣਾ ਸਿਰਨਾਵਾਂ ਭੇਜਿਆ ਤੇ ਦੋ ਕੁ ਦਿਨਾਂ ਬਾਅਦ ਕਿਤਾਬ ਮੈਨੂੰ ਮਿਲ ਗਈ। ਲੇਖਕ ਪਹਿਲਾਂ ਹੀ ਮੇਰੇ ਨਾਲ ਫਬ ਤੇ ਜੁੜਿਆ ਹੋਇਆ ਹੈ। ਬਹੁਤੇ ਕਿੱਸੇ ਮੈਂ ਪਹਿਲਾਂ ਹੀ ਪੜ੍ਹੇ ਹੋਏ ਸਨ। ਪਰ ਅਜਿਹੇ ਕਿੱਸੇ ਕਿਤਾਬ ਵਿਚੋਂ ਪੜ੍ਹਨ ਦਾ ਮਜ਼ਾ ਵੱਖਰਾ ਹੀ ਹੁੰਦਾ ਹੈ। ਹੱਥ ਵਿੱਚ ਕਿਤਾਬ ਤੇ ਮੂਹਰੇ ਰੋਟੀ ਦੀ ਪਲੇਟ ਯ ਕੌਫ਼ੀ ਦਾ ਮੱਗ। ਅਕਸਰ ਹੀ ਹਾਲਾਤ ਨਾਜ਼ੁਕ ਬਣ ਜਾਂਦੇ। ਰੋਟੀ ਕੌਫ਼ੀ ਠੰਡੀ ਹੋ ਜਾਣੀ ਤੇ ਲੈਕਚਰ ਦੀ ਭਾਸ਼ਾ ਗਰਮ। ਸੇਵਾਮੁਕਤ ਆਦਮੀ ਦੀ ਘਰੇ ਹੁੰਦੀ ਸੇਵਾ ਬਾਰੇ ਤਾਂ ਕੋਈਂ ਸੇਵਾਮੁਕਤ ਹੀ ਦੱਸ ਸਕਦਾ ਹੈ। ਭਾਵੇਂ ਅਗਲਾ ਪੁਲਸ ਦਾ ਵੱਡਾ ਅਫਸਰ ਕਿਉਂ ਨਾ ਰਿਹਾ ਹੋਵੇ। ਮੁਕਦੀ ਗੱਲ ਕਿਤਾਬ ਬਹੁਤ ਦਿਲਚਸਪ ਹੈ। ਇੱਕ ਲੇਖਕ ਨੂੰ ਬਸ ਪਾਤਰ ਹੀ ਚਾਹੀਦੇ ਹੁੰਦੇ ਹਨ। ਉਹ ਆਪਣੀ ਰਚਨਾ ਲਈ ਨਵੇਂ ਨਵੇਂ ਪਾਤਰ ਦੀ ਤਲਾਸ਼ ਕਰਦਾ ਹੈ। ਪਾਤਰ ਤੋਂ ਮਤਲਬ ਸੁਰਜੀਤ ਪਾਤਰ ਨਹੀਂ। ਕਰੈਕਟਰ ਦੀ ਗੱਲ ਕਰਦਾ ਹਾਂ। ਹੁਣ ਪੁਲਸ ਮਹਿਕਮੇ ਵਾਲੇ ਅਫਸਰ ਤੋਂ ਅਜਿਹੀ ਉਮੀਦ ਤਾਂ ਨਹੀਂ ਸੀ ਕਿ ਉਹ ਚੋਰੀਆਂ ਡਕੈਤੀਆਂ ਕਤਲਾਂ ਦੇ ਮਸਲੇ ਸੁਲਝਾਉਂਦਾ ਹੋਇਆ ਵੀ ਸ਼ਿੰਗਾਰਾ ਕੌਤਕੀ, ਤਾਰਾ ਸਕੀਮੀ, ਸ਼ੇਰੂ ਤੇ ਘੋਲੈ ਵਰਗਿਆਂ ਨੂੰ ਲੱਭ ਲਵੇਗਾ। ਪਰ ਇੱਥੇ ਇਹ ਕ੍ਰਿਸ਼ਮਾ ਹੋਇਆ ਹੈ। ਮੈ ਕਦੇ ਕੋਈਂ ਵੀ ਪੁਲਸ ਵਾਲਾ ਸਿਪਾਹੀ ਤੋਂ ਲੈਕੇ ਡੀ ਆਈ ਜੀ ਤੱਕ ਹੱਸਦਾ ਨਹੀਂ ਵੇਖਿਆ। ਕਿਉਂਕਿ ਡੀ ਜੀ ਪੀ ਨੂੰ ਮੈਂ ਕਦੇ ਮਿਲਿਆ ਨਹੀਂ। ਉਂਜ ਇਹਨਾਂ ਦੀ ਨੌਕਰੀ ਹੀ ਇਹੋ ਜਿਹੀ ਹੁੰਦੀ ਹੈ ਥੱਲੇ ਇਹਨਾਂ ਨੂੰ ਮੁਰਦਾਬਾਦ ਮਿਲਦੀ ਹੈ ਤੇ ਉਪਰੋਂ ਡਾਂਟ। ਬਲਜੀਤ ਸਿੱਧੂ ਜੀ ਦੀ ਇਹ ਕਿਤਾਬ ਬਹੁਤ ਵਧੀਆ ਹੈ। ਹਾਸਿਆਂ ਦੇ ਮਸਾਲੇ ਨਾਲ ਭਰਪੂਰ ਇਸ ਕਿਤਾਬ ਵਿੱਚ ਜਿੰਨਾ ਸਖਸ਼ੀਅਤਾਂ ਦਾ ਜਿਕਰ ਕੀਤਾ ਗਿਆ ਹੈ ਵਾਕਿਆ ਹੀ ਉਹ ਹੱਡਾਂ ਵਿੱਚ ਰਚੇ ਹੋਏ ਬੰਦੇ ਹਨ। ਕਿਤਾਬ ਦਾ ਮੈਂਟਰ ਤੇ ਨਾਮ ਢੁਕਵਾਂ ਹੈ। ਬਲਜੀਤ ਸਿੱਧੂ ਜੀ ਬਠਿੰਡੇ ਵਿੱਚ ਮੈਥੋਂ ਕਾਫੀ ਦੂਰੀ ਤੇ ਰਹਿੰਦੇ ਹਨ ਕਿਉਕਿ ਮੇਰੀ ਰਿਹਾਇਸ਼ ਸ਼ੀਸ਼ ਮਹਿਲ ਹੈ ਤੇ ਇਹ ਮਾਡਲ ਟਾਊਨ ਦੇ ਫੇਸ ਵੰਨ ਦੇ ਵਾਸੀ ਹਨ।
ਮੁੜ ਕਿਤਾਬ ਦੀ ਗੱਲ ਕਰਦੇ ਹਾਂ। ਇਹ ਬੋਲ਼ੀ ਤੇ ਅਧਾਰਿਤ ਕਿਤਾਬ ਹੈ ਜਿਸ ਵਿੱਚ ਵਧੀਆ ਭਾਸ਼ਾ ਵਰਤੀ ਗਈ ਹੈ। ਬਹੁਤ ਖੁਸ਼ੀ ਹੋਈ ਜਦੋ ਦੇਖਿਆ ਕਿ ਇਸ ਵਿੱਚ ਪੁਲਸੀਆ ਭਾਸ਼ਾ ਵਰਤਣ ਤੋਂ ਗੁਰੇਜ਼ ਕੀਤਾ ਗਿਆ ਹੈ ਇਸ ਲਈ ਇਹ ਚੰਗੇ ਸਾਹਿਤ ਦੀ ਕਸੌਟੀ ਤੇ ਵੀ ਖਰੀਂ ਉਤਰਦੀ ਹੈ। ਤਾਂਹੀਓਂ ਤਾਂ ਮੈਂ ਇਸ ਨੂੰ ਚੰਗੀ ਨਹੀਂ ਮਹਾਂਚੰਗੀ ਕਿਤਾਬ ਦਾ ਦਰਜ਼ਾ ਦਿੰਦਾ ਹਾਂ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *