ਜਿੰਦਗੀ ਦੇ ਪੱਚੀਵੇ ਸਾਲ ਵਿੱਚ ਮੇਰਾ ਵਿਆਹ ਹੋ ਗਿਆ ਸੀ ਕੋਈਂ ਸਾਢੇ ਤਿੰਨ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਮੇਰੇ ਵਿਆਹ ਹੋਏ ਨੂੰ। ਸੰਨ ਦੋ ਹਜ਼ਾਰ ਵੀਹ ਦੇ ਚੌਦਾਂ ਦਿਸੰਬਰ ਨੂੰ ਮੈਂ ਆਪਣਾ ਸੱਠਵਾਂ ਜਨਮ ਦਿਨ ਮਨਾਇਆ ਤੇ ਸਠਿਆਇਆ ਗਿਆ। ਉਮਰ ਤਾਂ ਭਾਵੇਂ ਬਹੁਤੀ ਨਹੀਂ ਲੋਕ ਸੱਤਰੇ ਬਹੁੱਤਰੇ ਵੀ ਚੰਗੇ ਭਲੇ ਫਿਰਦੇ ਹਨ। ਪਰ ਕੁਝ ਕੁ ਗੱਲਾਂ ਹਨ ਜੋ ਮੈਂ ਨੋਟ ਕੀਤੀਆਂ ਹਨ। ਉਹ ਕੁਝ ਸੋਚਣ ਲਈ ਮਜਬੂਰ ਕਰਦੀਆਂ ਹਨ।
ਅਕਸਰ ਹੀ ਨਹਾਉਣ ਵੇਲੇ ਮੈ ਆਪਣੀ ਬਨਿਆਣ ਉਲਟੀ ਪਾ ਲੈਂਦਾ ਹਾਂ ਤੇ ਕਦੇ ਕਦੇ ਪੁੱਠੀ ਵੀ। ਉਲਟੀ ਤੇ ਪੁੱਠੀ ਦਾ ਫਰਕ ਸਮਝਣਾ ਵੀ ਜਰੂਰੀ ਹੈ। ਮੈਂ ਘੱਟ ਮਿਲੇ ਲੋਕਾਂ ਦੀ ਪਹਿਚਾਣ ਭੁੱਲ ਜਾਂਦਾ ਹਾਂ। ਇਸ ਗੱਲ ਨੂੰ ਛਪਾਉਣ ਲਈ ਮੈਂ ਅਗਲੇ ਦੀ ਰਾਮ ਰਾਮ ਦਾ ਜਬਾਬ ਦੇਕੇ ਚਾਹ ਦੀ ਸੁਲਾਹ ਵੀ ਮਾਰ ਦਿੰਦਾ ਹਾਂ। ਤਾਂਕਿ ਅਗਲੇ ਨੂੰ ਪਤਾ ਨਾ ਚੱਲੇ ਕਿ ਮੈਂ ਤਾਂ ਉਸਨੂੰ ਪਹਿਚਾਣਿਆ ਵੀ ਨਹੀਂ। ਭਾਵੇਂ ਜਿੰਦਗੀ ਦੇ ਛੋਟੇ ਛੋਟੇ ਕਿੱਸੇ ਮੈਨੂੰ ਅੱਜ ਵੀ ਯਾਦ ਹਨ ਪਰ ਭੁੱਲਣ ਦੀ ਬਿਮਾਰੀ ਅਕਸਰ ਆਪਣਾ ਰੂਪ ਵਿਖਾ ਹੀ ਦਿੰਦੀ ਹੈ। ਮੂਹਰਲੇ ਤਿੰਨ ਚਾਰ ਦੰਦਾਂ ਨੂੰ ਛੱਡ ਕੇ ਜਾੜਾਂ ਵਾਲੇ ਮਾਮਲੇ ਵਿੱਚ ਮੇਰੀ ਹਾਲਤ ਪੰਜਾਬ ਸਰਕਾਰ ਦੇ ਖਜ਼ਾਨੇ ਵਰਗੀ ਹੀ ਹੈ। ਕਾਜੂ ਬਦਾਮ ਤਾਂ ਛੱਡੋ ਮੈਨੂੰ ਸੇਬ ਦੀ ਫਾੜੀ ਖਾਣ ਲਈ ਸਖਤ ਮਸ਼ੱਕਤ ਕਰਨੀ ਪੈਂਦੀ ਹੈ। ਚਸ਼ਮੇ ਦੇ ਉਪਰਲੇ ਤੇ ਹੇਠਲੇ ਦੋਨੇ ਸ਼ੀਸ਼ੇ ਵੀ ਆਪਣਾ ਕੰਮ ਕਰਨ ਵਿੱਚ ਅਸਮਰਥ ਹੋ ਗਏ ਹਨ। ਕਈ ਵਾਰੀ ਸਾਹਮਣੇ ਲੱਗੇ ਕਲੋਕ ਤੋਂ ਟਾਈਮ ਵੇਖਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕੰਨਾਂ ਵਿੱਚ ਖੁਸ਼ਕੀ ਆ ਗਈ ਹੈ ਥੋੜੀ ਥੋੜੀ ਖੁਰਕ ਜਿਹੀ ਹੁੰਦੀ ਰਹਿੰਦੀ ਹੈ ਤੇ ਨਾਲ ਬੈਠੀ ਦੀ ਘੁਸਰ ਮੁਸਰ ਵੀ ਪੱਲੇ ਨਹੀਂ ਪੈਂਦੀ। ਹਾਲਾਂਕਿ ਮੈਂ “#ਹੈਂ” ਆਖਣ ਤੋਂ ਬਹੁਤ ਟਾਲਾ ਵੱਟਦਾ ਹਾਂ ਪਰ ਫਿਰ ਵੀ ਇਹ ਸ਼ਬਦ ਮੂਹੋਂ ਨਿਕਲ ਹੀ ਜਾਂਦਾ ਹੈ। ਖਾਣ ਪੀਣ ਦਾ ਸ਼ੌਕੀਨ ਹੋਣਦੇ ਬਾਵਜੂਦ ਵੀ ਮੈਂ ਬਹੁਤਾ ਚੂਜੀ ਹੋ ਗਿਆ ਹਾਂ। ਚਾਹੁੰਦੇ ਹੋਏ ਨੂੰ ਵੀ ਸਿਰ ਖੱਬੇ ਸੱਜੇ ਹਿਲਾਉਣਾ ਪੈਂਦਾ ਹੈ। ਕਿਉਂਕਿ ਹੁਣ ਖਾਧਾ ਪੀਤਾ ਹਜ਼ਮ ਨਹੀਂ ਹੁੰਦਾ। ਕਿਸੇ ਨਾਲ ਗੈਸ ਤੇਜਾਬ ਦੀ ਸਮੱਸਿਆ ਤੇ ਕਿਸੇ ਨਾਲ ਗਲਾ ਖਰਾਬ ਹੋਣ ਦਾ ਡਰ। ਆਊਟ ਗੋਇੰਗ ਦੀ ਸਮੱਸਿਆ ਵੀ ਅਕਸਰ ਤੰਗ ਕਰਦੀ ਹੈ। ਫਿਰ ਬੀ ਪੀ ਤੇ ਸ਼ੂਗਰ ਵਾਲਾ ਟੈਂਟਾ ਵੀ ਤਾਂ ਹੈ।
ਹੋਰ ਤਾਂ ਹੋਰ ਸਾਹਮਣੇ ਆਲੇ ਨੂੰ ਸੰਬੋਧਨ ਕਰਨ ਲਈ ਬੇਟਾ ਯ ਬੇਟੀ ਸ਼ਬਦ ਆਪ ਮੁਹਾਰਾ ਮੂਹੋਂ ਨਿਕਲ ਜਾਂਦਾ ਹੈ। ਤੇ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਅਗਲੇ ਨਾਲ ਹੱਥ ਮਿਲਾਉਣ ਦੀ ਬਜਾਇ ਉਸਦਾ ਦਾ ਮੋਢਾ ਹੀ ਪਲੂਸਿਆ ਜਾਂਦਾ ਹੈ। ਸੇਵਾਮੁਕਤੀ ਤੋਂ ਬਾਦ ਬਹੁਤ ਸਾਰੇ ਜਵਾਨ ਦੋਸਤ ਬਣੇ ਹਨ। ਜੋ ਮੈਨੂੰ ਐਂਕਲ ਕਮ ਦੋਸਤ ਸਮਝਦੇ ਹਨ। ਪਰ ਉਹਨਾਂ ਜਵਾਨਾਂ ਦੀ ਦੋਸਤੀ ਨੇ ਮੈਨੂੰ ਜਵਾਨ ਵਾਲੀ ਫੀਲਿੰਗ ਨਹੀਂ ਦਿੱਤੀ।
ਕਿਸੇ ਸਿਆਣੇ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਤੁਹਾਨੂੰ #ਬਜ਼ੁਰਗੇਰੀਆ ਹੋ ਗਿਆ। ਲੱਗਦਾ ਮੈਨੂੰ ਵੀ ਇਹੀ ਹੈ। ਬਾਕੀ ਰਾਮ ਜਾਣੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ