“ਬਾਊ ਜੀ ਵਧਾਈਆਂ ਹੋਣ ਤੁਸੀਂ ਦਾਦਾ ਬਣ ਗਏ।” ਵਿਨੋਦ ਸ਼ਰਮਾ ਨੇ ਮੈਨੂੰ ਫੋਨ ਕਰਕੇ ਕਿਹਾ।
“ਵਧਾਈਆਂ ਬਈ ਵਧਾਈਆਂ ਤੈਨੂੰ ਵੀ। ਕਦੋਂ ਹੋਇਆ ਪੋਤਾ?” ਮੈਂ ਵਧਾਈਆਂ ਦਾ ਜਬਾਬ ਦਿੰਦੇ ਹੋਏ ਨੇ ਪੁੱਛਿਆ।
“ਅੱਜ ਹਫਤੇ ਕੁ ਦਾ ਹੋ ਗਿਆ। ਸੋਚਿਆ ਪਹਿਲਾਂ ਸਾਡੇ ਬਾਊ ਜੀ ਨੂੰ ਦੱਸੀਏ।” ਉਹ ਬੇਹੱਦ ਖੁਸ਼ ਸੀ। ਉਂਜ ਵੀ ਉਹ ਸਦਾ ਹੱਸਦਾ ਹੀ ਰਹਿੰਦਾ ਹੈ।
“ਮੈਂ ਮੂੰਹ ਮਿੱਠਾ ਕਰਾਉਣ ਆਊਂਗਾ ਘਰੇ। ਕੱਲ੍ਹ ਤਾਂ ਮੈਂ ਕਪਾਲ ਮੋਚਨ ਜਾਣਾ ਹੈ।” ਉਸਨੇ ਦੱਸਿਆ। ਇਹ ਵਿਨੋਦ ਸ਼ਰਮਾ ਸਾਡੀ ਸਕੂਲ ਬੱਸ ਦਾ ਡਰਾਈਵਰ ਸੀ। ਸੇਵਾਮੁਕਤੀ ਤੋਂ ਬਾਦ ਵੀ ਕਈ ਸਾਲ ਓਥੇ ਕੰਮ ਕਰਦਾ ਰਿਹਾ। ਮੇਹਨਤੀ ਇਮਾਨਦਾਰ ਵੀ ਹੈ। ਕਾਫੀ ਦੇਰ ਪ੍ਰਾਈਵੇਟ ਬੱਸ ਦੀ ਡਰਾਈਵਰੀ ਕਰਦਾ ਰਿਹਾ ਹੈ। ਜਿੰਦਗੀ ਦਾ ਵਾਧੂ ਤਜ਼ਰੁਬਾ ਹੈ। ਸੇਵਾਮੁਕਤੀ ਤੋਂ ਬਾਅਦ ਵੀ ਸਰੀਰ ਨਰੋਇਆ ਪਿਆ ਹੈ। ਆਪਣੇ ਕੰਮ ਵਿੱਚ ਮਾਹਿਰ ਹੈ। ਹਾਂ ਬੀੜੀ ਦਾ ਵੈਲ ਜਰੂਰ ਹੈ ਪਰ ਪੀਂਦਾ ਚੋਰੀਓ ਹੀ ਹੈ। ਲੰਮੇ ਰੂਟ ਤੇ ਚੱਲਣ ਲਈ ਸਰੀਰ ਨੂੰ ਐਕਸਟਰਾਂ ਡੋਜ ਦੇਣੀ ਪੈਂਦੀ ਹੈ। ਕਹਿੰਦੇ ਸ਼ਰਮਾ ਕਾਰਡ ਵੀ ਲਾਉਂਦਾ ਹੈ ਪਰ ਮੈਂ ਨਹੀਂ ਕਦੇ ਵੇਖਿਆ। ਫਿਰ ਕਾਰਡ ਲੱਗੇ ਤੋਂ ਕਈ ਵਾਰੀ ਬਾਹਲਾ ਬੋਲ ਜਾਂਦਾ । ਰੁੱਸ ਵੀ ਜਾਂਦਾ। ਫਿਰ ਜਲਦੀ ਓੰਹੋ ਜਿਹਾ ਹੋ ਜਾਂਦਾ। ਮੇਰੇ ਨਾਲ ਸ਼ਰਮੇ ਦੀ ਵਾਹਵਾ ਬਣਦੀ ਸੀ। ਮੇਰੇ ਹਰ ਦੁੱਖ ਸੁੱਖ ਤੇ ਪਹੁੰਚ ਹੀ ਜਾਂਦਾ ਹੈ। ਸ਼ਰਮਾ ਲੰਬੀ ਰਹਿੰਦਾ ਸੀ। ਨੌਕਰੀ ਦੌਰਾਨ ਉਹ ਹਰ ਅਫਸਰ ਦੇ ਡਰਾਈਵਰ ਪੀ ਏ ਨਾਲ ਲਿਹਾਜ਼ ਪਾ ਹੀ ਲੈਂਦਾ ਹੈ। ਪ੍ਰਾਈਵੇਟ ਬੱਸਾਂ ਦੇ ਸਾਰੇ ਡਰਾਈਵਰ ਉਸਨੂੰ ਜਾਣਦੇ ਸਨ। ਇਸ ਕਰਕੇ ਉਸਦੀ ਟਿਕਟ ਵੀ ਨਹੀਂ ਸੀ ਲੱਗਦੀ। ਮੈਂ ਸੇਵਾਮੁਕਤ ਹੋ ਗਿਆ। ਸ਼ਰਮਾ ਬਹੁਤ ਉਦਾਸ ਹੋਇਆ। ਫਿਰ ਉਸਨੂੰ ਵੀ ਅੱਗੇ ਐਕਸਟੈਨਸ਼ਨ ਨਾ ਮਿਲੀ। ਉਹ ਆਪਣੇ ਬੇਟੇ ਆਲੀ ਕਰੂਜ਼ਰ ਚਲਾਉਣ ਲੱਗ ਪਿਆ। ਉਹ ਵਹਿਲਾ ਨਹੀਂ ਬੈਠ ਸਕਦਾ। ਡਰਾਈਵਰੀ ਉਹ ਦਿਨ ਰਾਤ ਕਰ ਸਕਦਾ ਹੈ। ਭੋਰਾ ਨਹੀਂ ਥੱਕਦਾ।
ਸ਼ਰਮਾ ਅੱਜ ਆਪਣੇ ਮੁੰਡੇ ਨੂੰ ਨਾਲ ਲੈਕੇ ਮੇਰੇ ਘਰ ਮੂੰਹ ਮਿੱਠਾ ਕਰਾਉਣ ਆਇਆ। ਉਹ ਦਾਦਾ ਜੋ ਬਣਿਆ ਸੀ। ਉਸਦੇ ਪਹਿਲਾਂ ਪੋਤੀ ਹੈ ਜੋ ਮੇਰੀ ਪੋਤੀ ਦੇ ਹਾਣ ਦੀ ਹੈ। ਗੱਲ ਮਿਠਾਈ ਦੇ ਡਿੱਬੇ ਦੀ ਨਹੀਂ ਹੁੰਦੀ। ਗੱਲ ਪ੍ਰੇਮ ਦੀ ਹੈ ਅਤੇ ਲਿਹਾਜ ਨਿਭਾਉਣ ਦੀ ਹੈ। ਮੇਰੀ ਸੇਵਾ ਮੁਕਤੀ ਨੂੰ ਕਈ ਸਾਲ ਹੋਗੇ ਪਰ ਸ਼ਰਮਾ ਮੈਨੂੰ ਨਹੀਂ ਭੁੱਲਿਆ ਤੇ ਨਾ ਹੀ ਮੈਂ ਉਸਨੂੰ ਛੱਡਿਆ। ਉਹ ਪੰਜ ਛੇ ਕਿਲੋਮੀਟਰ ਤੋਂ ਚੱਲਕੇ ਮੇਰੇ ਨਾਲ ਆਪਣੀ ਖੁਸ਼ੀ ਸਾਂਝੀ ਕਰਨ ਆਇਆ। ਹੋ ਸਕਦਾ ਹੈ ਸ਼ਰਮਾ ਬਹੁਤਿਆਂ ਨਾਲੋਂ ਘੱਟ ਪੜ੍ਹਿਆ ਲਿਖਿਆ ਹੋਵੇ। ਭਾਵੇਂ ਉਹ ਪੇਸ਼ੇ ਤੋਂ ਡਰਾਈਵਰ ਹੈ। ਪਰ ਸ਼ਰਮਾ ਕਈ ਪੜ੍ਹੇ ਲਿਖੇ ਉੱਚ ਅਹੁਦਿਆਂ ਤੇ ਬੈਠੇ ਲੋਕਾਂ ਨਾਲੋਂ ਵਾਧੂ ਚੰਗਾ ਨਿਕਲਿਆ। ਇਥੇ ਲੋਕ ਗਿਰਗਿਟ ਵਾੰਗੂ ਰੰਗ ਬਦਲ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ