ਅਖ਼ਬਾਰ ਪੜ੍ਹਿਆ ਪਤਾ ਲੱਗਦਾ ਕਿ ਕੀ ਕੁਝ ਬਣੀ ਜਾਂਦਾ “ਦੁਨੀਆ ‘ਚ ਇਕ ਪਾਸੇ ਤਾਂ ਰੱਬ ਨੂੰ ਮੰਨਣ ਵਾਲੇ ਵੀ ਲੋਕ ਨੇ, ਤੇ ਦੂਜੇ ਪਾਸੇ, ਜੱਗ ਵਿੱਚ ਉਹ ਲੋਕ ਵੀ ਬਥੇਰੇ ਨੇ, ਜਿਹੜੇ ਵਹਿਮਾਂ – ਭਰਮਾਂ ਵਿੱਚ ਲੋਕਾਂ ਨੂੰ ਪਾ ਕੇ ਦਿਨ ਰਾਤ ਲੁੱਟ ਰਹੇ ਨੇ “। ਜਿਵੇਂ – “ਅੱਜ ਇੱਕ ਸਾਧ ਪਾਖ਼ੰਡੀ ਦੀ ਖ਼ਬਰ ਛਪੀ ਏ, ਕਿਵੇਂ ਡੇਰੇ ਆਏ ਸਰਧਾਲੂ ਪਰਿਵਾਰ ਨੂੰ ,ਸਾਧ ਤੇ ਸਾਧ ਦੇ ਚੇਲਿਆਂ ਨੇ ਠੱਗਿਆ” । “ਨਸ਼ੇਈ ਪੁੱਤ ਨੇ ਨਸ਼ੇ ਦੇ ਲੋਰ ‘ਚ ਆਪਣੀ ਮਾਂ ਦੇ ਸਿਰ ਤੇ ਇੱਟ ਮਾਰ ਕੇ ਕੀਤਾ ਕਤਲ ।ਸ਼ਹਿਰੋਂ ਦਵਾਈ ਲੈ ਕੇ ਤੁਰੀ ਆਉਂਦੀ ਬੁੱਢੀ ਮਾਤਾ ਦੀਆਂ ਵਾਲੀਆਂ ਲਾ ਕੇ ਚੋਰ ਫਰਾਰ” ।
ਦੁਹਾਈ ਰੱਬ ਦੀ…
ਜਿੱਧਰ ਵੇਖੋ ਹਰ ਪਾਸੇ ਹਾਹਾਕਾਰ ਮੱਚੀ ਪਈ ਏ , ਰੱਬ ਹੀ ਬਚਾਵੇ ਚੋਰਾਂ ਠੱਗਾਂ ਤੋਂ , ਅੱਜ – ਕੱਲ਼ ਤਾਂ ਕੱਲ਼ੇ ਕਾਰੇ ਬੰਦੇ ਦਾ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਏ । ਡਰ ਲੱਗਦਾ ਏ ਖ਼ਬਰਾਂ ਪੜ੍ਹ ਕੇ ਅਖ਼ਬਾਰ ਪੜਦੀ – ਕੁਲਜੀਤ ਬੋਲੀ ।
ਕੁਲਜੀਤ ਦੇ ਮੂੰਹ ਤੋਂ ਇਹ ਗੱਲ ਸੁਣ ਸ਼ੀਸ਼ੇ ਦੇ ਸਾਹਮਣੇ ਪੱਗ ਬੰਨ੍ਦਾ ਜਗਮੀਤ ਬੋਲਦਾ ,ਸਵੇਰੇ – ਸਵੇਰੇ ਏਦਾਂ ਦਾ ਅਖ਼ਬਾਰ ‘ਚ ਕੀ ਪੜ੍ਹ ਲਿਆ , ਜਿਹੜਾ ਏਨਾ ਡਰ ਲੱਗਣ ਲੱਗ ਪਿਆ ?
ਜੀ ! ਲੋਕ ਤਾਂ ਕਹਿੰਦੇ ਨੇ,“ਡੈਣ ਵੀ ਤਾਂ ਸੱਤਵਾਂ ਘਰ ਛੱਡ ਦਿੰਦੀ ਏ ਪਰ ਠੱਗਣ ਵਾਲੇ ਤਾਂ ਆਪਣੇ ਸਕੇ ਵੀ ਨਹੀ ਛੱਡਦੇ । ਆ ਲਓ ਜੀ ਅਖ਼ਬਾਰ, ” ਤੁਸੀਂ ਵੀ ਪੜੋ ਅੱਜ ਦੀ ਮੁੱਖ ਖ਼ਬਰ ਕਿਵੇਂ ਠੱਗਦੇ ਨੇ ਲੋਕ ਆਪਣਿਆਂ ਨੂੰ “ਖ਼ਬਰ ਵੱਲ਼ ਇਸ਼ਾਰਾ ਕਰਦੀ ਅਖ਼ਬਾਰ ਫੜਾਉਂਦੀ ਕੁਲਜੀਤ ਬੋਲੀ, “ਮੈਂ ਤੁਹਾਡੇ ਲਈ ਚਾਹ ਬਣਾ ਲਿਆਵਾਂ , ਬਾਆਦ ‘ਚ ਤੁਸੀਂ ਦਾਰੀ ਨਾਲ ਸ਼ਹਿਰ ਵੀ ਜਾਣਾ ਦਵਾਈ ਲੈਣ “।
ਅਖ਼ਬਾਰ ਵਿੱਚ ਲਿਖਿਆ ਹੋਇਆ ਸੀ ਕਿ ਵਿਦੇਸ਼ ਜਾਣ ਦੇ ਚੱਕਰ ‘ ਚ ਸਕੇ ਤਾਏ ਦੇ ਮੁੰਡੇ ਨੇ ਆਪਣੇ ਹੀ ਸਕੇ ਚਾਚੇ ਦੇ ਮੁੰਡੇ ਨਾਲ ਮਾਰੀ ਲੱਖਾਂ ਰੁਪਿਆਂ ਦੀ ਠੱਗੀ । ਪੀੜ੍ਹਤ ਪਰਿਵਾਰ ਵੱਲੋਂ ਪੁਲਿਸ਼
ਕੋਲ ਕੀਤੀ ਗਈ ਸ਼ਕਾਇਤ , ਦੋਸ਼ੀ ਖਿਲਾਫ਼ ਕੇਸ ਦਰਜ ‘ਤੇ ਪਰਿਵਾਰ ਨੂੰ ਇਨਸਾਫ਼ ਦਵਾਉਣ ਦਾ ਪੁਲਿਸ ਵੱਲੋਂ ਦਿੱਤਾ ਗਿਆ ਭਰੋਸ਼ਾ । ਇਨੇ ਚਿਰ ਨੂੰ ਚਾਹ ਬਣਾ ਕੇ ਲੈ ਕੇ ਆਈ ਕੁਲਜੀਤ ਬੋਲੀ , “ਬੰਟੀ ਦੇ ਪਾਪਾ ! ਲੱਗਾ ਕੁਝ ਪਤਾ ਖ਼ਬਰ ਪੜ੍ਹ ਕੇ , ਹੁਣ ਤਾਂ ਉਹ ਗੱਲ ਏ ..
‘’ਕੂੜ ਫਿਰੈ ਪਰਧਾਨੁ ਵੇ ਲਾਲੋ ਕੂੜ ਫਿਰੈ ਪਰਧਾਨੁ “।
ਹਾਂ ਕੁਲਜੀਤ ,” ਬਿਲਕੁਲ ਸੱਚ ਕਿਹਾ ਏ ,ਪਰ ਫਿਰ ਵੀ ਪਤਾ ਨਹੀਂ ਲੋਕਾਂ ਨੂੰ ਸਮਝ ਕਿਉ ਨਹੀਂ ਪੈਂਦੀ , ਨਿਤ ਵਪਾਰਦਾ ਏ ਸਾਰਾ ਕੁਝ” ।
ਬਿਲਕੁਲ ਜੀ ! “ਅੱਜ ਕੱਲ਼ ਤਾਂ ਵਿਸ਼ਵਾਸ਼ ,ਭਰੋਸਾ ਨਾਂ ਦੀ ਚੀਜ ਤਾਂ ਬਿਲਕੁਲ ਖਤਮ ਹੋ ਚੁੱਕੀ ਏ” , ਬੰਦਾ ਕਰ ਵੀ ਤਾਂ ਕੀ ਸਕਦਾ ਉਦੋਂ ਜਦੋਂ ਆਪਣੇ ਹੀ ਧੋਖਾ ਦੇ ਜਾਣ , ਤੁਸੀਂ ਚਾਹ ਪੀਓ ਜੀ ! ਠੰਢੀ ਹੋ ਚਲੀ ਏ , ਬਾਅਦ ‘ਚ ਸ਼ਹਿਰ ਵੀ ਜਾਣਾ ਏ। ਚਾਹ ਵਾਲਾ ਕੱਪ ਫੜਾਉਂਦੀ – ਕੁਲਜੀਤ ਬੋਲੀ ।
ਚਾਹ ਵਾਲੇ ਕੱਪ ਚੋ ਚੁਸਕੀ ਭਰ ਕੇ ਕੁਲਜੀਤ ਬੋਲੀ , “ਅੱਜ-ਕੱਲ ਤਾਂ ਬਾਹਰ ਜਾਣ ਦੀ ਹਵਾ ਈਂ ਚੱਲ ਪਈ ਏ , ਜਿਹਨੂੰ ਪੁੱਛੋ ਬੇਟਾ ਕੀ ਕਰਨਾ ਏ ਵੱਡੇ ਹੋ ਕੇ” ?
ਜੀ ! ਬਾਹਰ ਜਾਣਾ ….
ਕਿੱਥੇ ?
ਕਨੇਡਾ ਜਾਂ ਅਮਰੀਕਾ ।
“ਅੱਛਾ ਕੁਲਜੀਤ “! ਮੁਸਕਰਾਉਦਾ ਹੋਇਆ – ਜਗਮੀਤ ਬੋਲਦਾ ।
“ਹਾਂ ਜੀ” ! ਅਮਰੀਕਾ , ਕਨੇਡਾ ਤੋਂ ਥੱਲੇ ਤਾਂ ਅੱਜ ਕੱਲ ਜੁਆਕ ਗੱਲ ਨਹੀ ਕਰਦੇ , ਬਾਹਰ ਵੀ ਤਾਂ ਜਾ ਕੇ ਮਿਹਨਤ ਕਰਨੀ ਏ ਓਹੀ ਇੱਥੇ ਕਰ ਲਓ, ਬਾਹਰ ਕਿਹੜੇ ਡਾਲਰ ਰੁੱਖਾਂ ਨੂੰ ਲੱਗਦੇ ਨੇ ਪਰ ਕੌਣ ਸਮਝਾਵੇ ਅੱਜ ਕੱਲ਼ ਦੇ ਜੁਆਕਾਂ ਨੂੰ ।
“ਮੈਨੂੰ ਤਾਂ ਕੁਝ ਹੋਰ ਲੱਗਦਾ ਏ, ਬਾਹਰ ਜਾਣ ਦਾ ਕਾਰਣ” ।
ਅੱਛਾ ਜੀ ,ਕੀ ਲੱਗਦਾ ਏ ਤੁਹਾਨੂੰ ? ਕੁਲਜੀਤ ਨੇ ਬੜੀ ਉਕਸੁਕਤਾ ਨਾਲ ਜਗਮੀਤ ਨੂੰ ਪੁੱਛਿਆ ।
ਚਾਹ ਦਾ ਘੁੱਟ ਪੀ ਕੇ ਜਗਮੀਤ ਬੋਲਦਾ , “ ਸ਼ਾਇਦ ਬਹੁਤੇ ਕੁੜੀਆਂ ਮੁੰਡੇ , ਖੁੱਲੀ ਹਵਾ ਲੈਣ ਵਾਸਤੇ ਬਾਹਰ ਜਾਦੇ ਨੇ ,ਇੱਥੇ ਉਹਨਾਂ ਦਾ ਦਮ ਜੋ ਘੁਟਦਾ ਏ, ਵੈਸੇ ਪਤਾ ਨਹੀਂ, ਮੇਰੀ ਗੱਲ ਤੈਨੂੰ ਕਿੰਨੀ ਕੁ ਸੱਚੀ ਲੱਗੇ” ।
ਹੈਂ ! ਦਮ ਘੁਟਦਾ ਏ …..
ਹਾਂ ..ਕੁਲਜੀਤ ,ਦਮ ਘਟਦਾ ਏ,
ਬਾਹਰ ਖੁੱਲੀ ਹਵਾ ਲ਼ੈਣ ਵਾਸਤੇ ਜਾਦੇ ਨੇ ।
ਮੈਂ ਸਮਝੀ ਨਹੀ ਜੀ , ਤੁਹਾਡੀ ਗੱਲ ਨੂੰ , ਕੀ ਕਹਿੰਦੇ ਓ ,ਜ਼ਰਾ ਖੁੱਲ ਕੇ ਦੱਸੋ” ।
ਓਹੋ……… ਕੁਲਜੀਤ
,ਕੁਲਜੀਤ ਮੇਰੇ ਕਹਿਣ ਦਾ ਮਤਲਬ ਸੀ , ਆਪਣੇ ਦੇਸ਼ ਦਾ ਸਿਸਟਮ ਬੜਾ ਗੰਧਲਾ ਹੋ ਚੁੱਕਾ ਏ , ਇੱਥੇ ਧਰਮਾਂ ਦੇ ਨਾਂ ਤੇ ਹੁੰਦੇ ਝਗੜੇ ,ਵੱਧਦੀ ਬੇਰੁਜ਼ਗਾਰੀ , ਸਰਕਾਰਾਂ ਦਾ ਲੋਕਾਂ ਪ੍ਰਤੀ ਮਾੜਾ ਰਵੱਈਆ ,ਬੇਲੋੜੀਆਂ ਸਮਾਜਿਕ ਰਸਮਾਂ ਨੂੰ ਵੇਖ ਅੱਜ- ਕੱਲ ਦੇ ਨੋਜਵਾਨਾਂ ਦਾ ਦਮ ਘੁਟਦਾ ਏ ,ਇਸੇ ਕਰਕੇ ਉਹ ਖੁੱਲੀ ਹਵਾ ਲੈਣ ਵਾਸਤੇ , ਉਸ ਥਾਂ ਤੇ ਜਾਣਾ ਪੰਸਦ ਕਰਦੇ ਨੇ, ਜਿੱਥੇ ਚੰਗਾ ਵਾਤਾਵਰਣ “ , ਬੰਦੇ ਦੀ ਜ਼ਿੰਦਗੀ ‘ਚ ਬਹੁਤੀ ਕਿਸੇ ਦੀ ਦਖਲ- ਅੰਦਾਜੀ ਨਾ ਹੋਵੇ ,ਸਰਕਾਰਾਂ ਵੀ ਲੋਕਾਂ ਨਾਲ ਨਿਆਂ ਕਰਨ ।
ਹਾਂ.. ਹਾਂ.. ਬਿਲਕੁਲ ,ਏ ਗੱਲ ਤਾਂ ਠੀਕ ਆ …. ਕੁਲਜੀਤ ਬੋਲੀ ।
ਅੱਛਾ ਜੀ ! ਤਾਂ ਕਰਕੇ ਜਾਂਦੇ ਕੁੜੀਆਂ ਮੁੰਡੇ…
ਪਰ ਕੁਲਜੀਤ …..
ਪਰ ਕੀ.. ਬੰਟੀ ਦੇ ਪਾਪਾ ?
ਪਰ , ਸੋਚਣ ਵਾਲੀ ਗੱਲ ਏ ,ਆਖਰ ਸਿਸਟਮ ਗੰਧਲਾ ਕੀਤਾ ਕਿੰਨੇ , ਕੌਣ ਹੈ ਇਸ ਦਾ ਦੋਸ਼ੀ ,ਕਿਵੇਂ ਹੋਇਆ ਸਿਸਟਮ ਗੰਧਲਾ , ਕੌਣ ਹੈ ਇਸ ਦਾ ਜਿੰਮੇਵਾਰ ?
ਬੜੀ ਚਿੰਤਾ ਵਾਲੀ ਗੱਲ ਏ , ਜੇ ਇਸੇ ਤਰਾਂ ਸਿਸਟਮ ਤੋਂ ਤੰਗ ਆ ਕੇ ਮੁੰਡੇ ਕੁੜੀਆਂ ਬਾਹਰ ਜਾਂਦੇ ਰਹੇ ਤਾਂ ਫਿਰ ਪੰਜਾਬ ਤਾਂ ਵਿਹਲਾ ਹੋ ਜੂ , ਕੌਣ ਰਹੇਗਾ ।
ਦੱਸ ਕੁਲਜੀਤ ..
ਜਗਮੀਤ ਗੱਲ ਸੁਣ ਡੂੰਘੀ ਸੋਚ ਤੋਂ ਬਾਹਰ ਆ …
ਕੁਲਜੀਤ, ਬੜੇ ਜੋਸ਼ ਨਾਲ ਬੋਲੀ ਜਗਮੀਤ ਜੀ ! “ਆਖਰ ਨੂੰ ਤਾਂ ਲੋਕਾਂ ਨੂੰ ਜਾਗਣਾ ਹੀ ਪਏਗਾ , ਜੇ ਆਪਣਿਆਂ ਘਰਾਂ ਨੂੰ ਬਚਾਉਣਾ ਏ , ਹੁਣ ਤਾਂ ਜੀ ! ਗੱਲ ਚਿੰਤਾ ਦੀ ਨਹੀ ਚਿੰਤਨ ਕਰਨੀ ਏ , ਬੜੀ ਤਾਕਤ ਹੈ ਲੋਕਾਂ ਕੋਲ । ਕਿਸਾਨੀ ਮੋਰਚੇ ‘ਚ ਵੇਖ ਹੀ ਲਿਆ ਸੀ ਤੁਸੀ ਸਭ ਕੁਝ , ਕਿਵੇਂ ਜਿਤਿਆ ਸੀ ਮੋਰਚਾ , ਦੱਸੋ ਕੀ ਨਹੀਂ ਕਰ ਸਕਦੇ ਲੋਕ ,ਪੰਜ ਸਾਲ ਬਾਅਦ ਲੋਕ ਹਿਸਾਬ – ਕਿਤਾਬ ਮੰਗਣ ਸਰਕਾਰਾਂ ਤੋਂ , ਤਾਂ ਜਾ ਕਿ ਸਿਸਟਮ ਸੁਧਰੇਗਾ , ਫਿਰ ਆਪੇ ਲੋਕ ਇੱਥੇ ਰਹਿ ਕੇ ਕੰਮ ਕਰਨਗੇ’’ ।
“ਹਾਂ ਹਾਂ ਬਿਲਕੁਲ ..
ਨਾਲੇ ਫਿਰ ਦੇਸ਼ ਵੀ ਤੱਰਕੀ ਕਰੂਗਾ “।
“ਉਂਝ ਤਾਂ ਭਾਵੇਂ ਉਹ ਢੇਰ ਸਾਰੀਆਂ ਗੱਲਾਂ ਇਸ ਵਿਸ਼ੇ ਤੇ ਕਰਦੇ ਪਰ ਅਚਾਨਕ ਜਦੋ ਗੇਟ ਤੇ ਖੜ੍ਹਾ ਦਾਰੀ , ਜਗਮੀਤ ਨੂੰ ਅਵਾਜ ਮਾਰਦਾ ਤਾਂ ਜਗਮੀਤ,ਅਵਾਜ ਸੁਣ ਕੇ ਜਲਦੀ ਨਾਲ ਚਾਹ ਪੀ ਕੇ , ਦਾਰੀ ਨਾਲ ਸ਼ਹਿਰ ਨੂੰ ਤੁਰ ਪੈਦਾ ” ।
ਗੁਰਵਿੰਦਰ ਸਿੰਘ ਖ਼ੁਸ਼ੀਪੁਰ
ਮੋ 99141-6453