ਅਕਸਰ ਨਿੰਮੀ ਇਕੱਲੀ ਬੈਠੀ ਸੋਚਿਆ ਕਰਦੀ, ਜਿੰਦਗੀ ਵਿਚ ਇਕੱਲਾਪਨ ਕਿੰਨਾ ਕੁ ਉਚਿਤ ਹੈ, ਜਿਉਣ ਲਈ। ਵਿਚਾਰਾਂ ਦੀ ਤਕਰਾਰ ਵਿਚੋਂ ਨਤੀਜਾ ਇਹੀ ਨਿਕਲਦਾ ਕਿ ਇੱਕਲੇ ਜਿਊਣਾ ਹੀ ਬੇਹਤਰ ਹੈ, ਕਿਉਂਕਿ ਉਸ ਨੇ ਟੁੱਟਦੇ-ਭੱਜਦੇ ਰਿਸ਼ਤਿਆ ਨੂੰ ਬਹੁਤ ਕਰੀਬ ਤੋਂ ਮਹਿਸੂਸ ਕੀਤਾ ਸੀ।ਖੁਸ਼ਮਿਜ਼ਾਜ, ਜ਼ਿੰਦਾਦਿਲ ਅਤੇ ਸਭ ਨੂੰ ਹਸਾਉਣ ਵਾਲੀ ਨਿੰਮੀ ਕਦੋਂ ਰਿਸ਼ਤਿਆ ਦੀਆ ਗਹਿਰਾਈਆ ਨੂੰ ਸਮਝ ਚੁੱਕੀ ਸੀ, ਇਸ ਗੱਲ ਦਾ ਸ਼ਾਇਦ ਉਸ ਨੂੰ ਖੁਦ ਵੀ ਪਤਾ ਨਾ ਲੱਗਾ। ਸਮੇਂ ਦੇ ਬਦਲਣ ਨਾਲ ਉਸਦੀ ਜਿੰਦਗੀ ਵੀ ਬਦਲ ਗਈ, ਨਾ ਚਾਹੁੰਦੇ ਹੋਏ ਵੀ ਨਿੰਮੀ ਦਾ ਵਿਆਹ ਉਸਦੀ ਮਰਜੀ ਦੇ ਖਿਲਾਫ ਕਰ ਦਿੱਤਾ ਗਿਆ। ਸਬਰ ਦਾ ਘੁੱਟ ਭਰ ਕੇ ਨਿੰਮੀ ਨੇ ਕਿਸਮਤ ਅਤੇ ਮਾਪਿਆਂ ਦੇ ਫੈਸਲੇ ਵਿਚ ਹਾਂ ਮਿਲਾ ਦਿੱਤੀ।
ਮਾਪਿਆਂ ਨੇ ਨੌਕਰੀ ਕਰਦਾ ਮੁੰਡਾ ਲੱਭਿਆ ਸੀ, ਤਾਂ ਜੋ ਨਿੰਮੀ ਦੀ ਪੜ੍ਹਾਈ ਦੀ ਵੀ ਕਦਰ ਹੋਵੇਗੀ। ਪਰ ਸ਼ਾਇਦ ਉਹ ਨਹੀਂ ਜਾਣਦੇ ਸਨ ਕਿ ਪੜ੍ਹਾਈ ਦੀ ਕਦਰ ਕਰਨ ਵਾਲਾ ਉਸਦੇ ਸਹੁਰਿਆਂ ਵਿਚੋਂ ਕੋਈ ਵੀ ਨਹੀਂ ਸੀ, ਉਨ੍ਹਾਂ ਨੂੰ ਸਿਰਫ਼ ਕੰਮ ਕਰਨ ਲਈ ਨੌਕਰਾਣੀ ਦੀ ਲੋੜ ਸੀ ਜੋ ਨਿੰਮੀ ਦੇ ਆਉਣ ਨਾਲ ਪੂਰੀ ਹੋ ਗਈ ਸੀ। ਉਹ ਹਮਸਫਰ ਜਿਸਦੀ ਖਾਤਰ ਨਿੰਮੀ ਸਭ ਕੁਝ ਛੱਡ ਕੇ ਆਈ ਸੀ, ਉਸ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਸੀ ਕਰਦਾ।
ਨਿੰਮੀ ਜੋ ਕਦੇ ਸੋਚਿਆ ਕਰਦੀ ਸੀ ਕਿ ਉਸ ਦਾ ਆਪਣਾ ਇਕ ਘਰ ਹੋਵੇਗਾ, ਆਪਣੀ ਮਰਜ਼ੀ ਹੋਵੇਗੀ, ਆਪਣਾ ਜੀਵਨ ਜਿਉਣ ਦੀ ਉਸਨੂੰ ਇਜਾਜਤ ਹੋਵੇਗੀ, ਹੁਣ ਗੱਲ ਗੱਲ ‘ਤੇ ਇਹ ਸੁਣਨ ਦੀ ਆਦੀ ਹੋ ਗਈ ਸੀ ਕਿ ਇਹ ਘਰ ਤੇਰੇ ਪਿਉ ਦਾ ਨਹੀਂ।
ਸਾਰਾ ਦਿਨ ਘਰ ਦੇ ਕੰਮਾਂ ਵਿਚ ਰੁੱਝੀ ਨਿੰਮੀ ਕਦੋਂ ਪੜ੍ਹੀ-ਲਿਖੀ ਤੋਂ ਅਨਪੜ੍ਹ ਬਣ ਗਈ, ਉਸਨੂੰ ਪਤਾ ਵੀ ਨਾ ਲੱਗਾ।
“ ਆਪਣਾ ਘਰ, ਆਪਣੀ ਮਰਜੀ, ਆਪਣੀ ਜਿੰਦਗੀ “ਸਭ ਕੁਝ ਹੁਣ ਮਿੱਟੀ ਹੋ ਗਿਆ ਸੀ, ਬਚਿਆ ਸੀ ਤਾਂ ਸਿਰਫ ਨਿੰਮੀ ਦਾ ਤੁਰਦਾ ਫਿਰਦਾ ਬੁੱਤ।