ਉਮਰ ਅੱਸੀ ਕੂ ਸਾਲ..ਕੁਝ ਦਿਨਾਂ ਤੋਂ ਹੀ ਪਾਰਕ ਵਿਚ ਦਿਸੇ ਸਨ!
ਖੇਡਦੇ ਜਵਾਕਾਂ ਵੱਲ ਵੇਖ ਖੁਸ਼ ਹੁੰਦੇ..ਨਿੱਕੀਆਂ ਨਿੱਕੀਆਂ ਗੱਲਾਂ..ਕੱਲੇ ਕੱਲੇ ਬੂਟੇ ਕੋਲ ਜਾਂਦੇ..ਕਮਜ਼ੋਰ ਦਿਸਦੇ ਦੀਆਂ ਜੜਾਂ ਵਿੱਚ ਮਿੱਟੀ ਪਾ ਦਿੰਦੇ..ਕਿਸੇ ਵੱਲ ਪਾਣੀ ਦਾ ਵਹਾਅ ਨਾ ਹੁੰਦਾ ਤਾਂ ਪਾਈਪ ਓਧਰ ਨੂੰ ਕਰ ਦਿੰਦੇ!
ਕਦੇ ਗੋਡੀ ਕਰਦੇ ਮਾਲੀ ਕੋਲ ਜਾ ਉਸਦੇ ਕੰਨ ਵਿੱਚ ਕੁਝ ਆਖਦੇ..ਚੀੜੀਆਂ ਕਾਵਾਂ ਨਾਲ ਵੀ ਸਾਂਝ ਪੈਂਦੀ ਹੀ ਰਹਿੰਦੀ..ਏਨੇ ਨੂੰ ਦੁਪਹਿਰ ਹੋ ਜਾਂਦੀ..ਫੇਰ ਰੋਟੀ ਕੱਢ ਲੈਂਦੇ..ਨਿੱਕੇ-ਨਿੱਕੇ ਕਤੂਰਿਆਂ ਜਨੌਰਾਂ ਦੀ ਰੌਣਕ ਲੱਗ ਜਾਂਦੀ..ਇੱਕ ਬੁਰਕੀ ਆਪ ਖਾਂਦੇ..ਕੁਝ ਓਹਨਾ ਨੂੰ ਵੀ ਪਾ ਦਿੰਦੇ..ਇੰਝ ਲੈਣ-ਦੇਣ ਚੱਲਦਾ ਹੀ ਰਹਿੰਦਾ..ਦੁੰਮ ਹਿਲਾਉਂਦੇ ਆਲੇ ਦਵਾਲੇ ਹੀ ਤੁਰੇ ਫਿਰਦੇ ਰਹਿੰਦੇ..ਟੂਟੀ ਕੋਲ ਜਾ ਕੁਰਲੀ ਕਰ ਫੇਰ ਪਾਣੀ ਪੀਂਦੇ..ਥਰਮਸ ਵਿੱਚ ਚਾਹ ਵੀ ਨਾਲ ਲਿਆਂਧੀ ਹੁੰਦੀ..ਪੀਣ ਮਗਰੋਂ ਫੇਰ ਓਥੇ ਹੀ ਠੰਡੀ ਮਿੱਠੀ ਹਵਾ ਵਿੱਚ ਬੇਂਚ ਤੇ ਲੰਮੇ ਪੈ ਜਾਂਦੇ..ਘੰਟੇ ਕੂ ਬਾਅਦ ਉਠ ਮੂੰਹ ਧੋਂਦੇ..ਮਗਰੋਂ ਆਪਣੇ ਰਾਹ ਪੈ ਕਿਧਰੇ ਅਲੋਪ ਹੋ ਜਾਂਦੇ!
ਆਲੇ ਦਵਾਲੇ ਜਿੰਨੇ ਮੂੰਹ ਓਨੀਆਂ ਗੱਲਾਂ..”ਜਰੂਰ ਘਰੋਂ ਕੱਢਿਆ ਹੋਣਾ..ਔਲਾਦ ਵੀ ਔਖੀ ਹੋਣੀ ਏ..ਤੜਕੇ ਬਾਹਰ ਕੱਢ ਦਿੰਦੇ ਹੋਣੇ..ਜਾ ਬਾਬਾ ਮਗਰੋਂ ਲਹਿ!
ਇੱਕ ਦਿਨ ਮੌਕਾ ਪਾ ਕੇ ਕੋਲ ਜਾ ਬੈਠੀ..ਹਾਲ ਚਾਲ ਪੁੱਛਿਆ..ਕਦੇ ਦੇ ਡੱਕੇ ਹੋਇਆਂ ਆਪਣੀ ਕਹਾਣੀ ਸ਼ੁਰੂ ਕਰ ਦਿੱਤੀ..ਮਾਲ ਮਹਿਕਮੇਂ ਵਿਚ ਰਿਟਾਇਰ ਅਫਸਰ..ਨਾਲਦੀ ਪਿੱਛੇ ਜਿਹੇ ਛੱਡ ਗਈ..ਮਗਰੋਂ ਆਲਾ ਦਵਾਲਾ ਬਦਲ ਗਿਆ ਮਹਿਸੂਸ ਹੋਇਆ..ਸਭ ਕੰਨੀ ਜਿਹੀ ਕਤਰਾਉਣ ਲੱਗੇ..ਸਿਆਣੇ ਨੂੰ ਇਸ਼ਾਰਾ ਹੀ ਕਾਫੀ ਸੀ..ਕਿਸੇ ਤੇ ਭਾਰ ਬਣਨ ਨਾਲੋਂ ਤੜਕੇ ਹੀ ਇਥੇ ਆਣ ਬੈਠਦਾ ਹਾਂ..ਰੁੱਖ ਬੂਟੇ ਮੈਨੂੰ ਮਾਲੀ ਦੀਆਂ ਸ਼ਿਕਾਇਤਾਂ ਲਾਉਂਦੇ ਅਤੇ ਮੈਂ ਓਹਨਾ ਨਾਲ ਦੁਨੀਆਂ ਦੇ ਗਿਲੇ ਸ਼ਿਕਵੇ ਸਾਂਝੇ ਕਰ ਲੈਂਦਾ ਹਾਂ..ਦੋਵੇਂ ਪਾਸੇ ਮਨ ਹੌਲਾ ਹੋ ਜਾਂਦਾ!
ਹੋਰ ਵੀ ਕਿੰਨਾ ਦੱਸਿਆ ਪੁੱਛਿਆ..ਲੋਕ ਅਕਸਰ ਅਤੀਤ ਵਿਚ ਅੱਪੜ ਜਾਂਦੇ ਪਰ ਮੈਂ ਉਸ ਕਾਲ ਵਿਚ ਜਾ ਪਹੁੰਚੀ ਜਿਹੜਾ ਮੈਥੋਂ ਅਜੇ ਤਿੰਨ ਚਾਰ ਦਹਾਕੇ ਦੂਰ ਸੀ!
ਘਰੇ ਮੁੜਦੀ ਹੋਈ ਓਹਨਾ ਵੱਲੋਂ ਆਖੀਆਂ ਹੀ ਚੇਤੇ ਕਰਦੀ ਰਹੀ..”ਜਦੋਂ ਦੁਨੀਆਂ ਗੱਲ ਸੁੰਨਣੋ ਹਟ ਜਾਵੇ ਤਾਂ ਕੁਦਰਤ ਨਾਲ ਯਾਰੀ ਗੰਢ ਲੈਣੀ ਚਾਹੀਦੀ ਏ..ਇਹ ਬੁੱਕਲ ਵਿੱਚ ਲੈ ਕੇ ਢੇਰ ਸਾਰਾ ਪਿਆਰ ਦਿੰਦੀ ਏ..ਸਾਹਾਂ ਦੇ ਰਹਿੰਦਿਆਂ ਤ੍ਰਿਸ਼ਨਾਵਾਂ ਮੁੱਕ ਜਾਵਣ ਤਾਂ ਮੁਕਤੀ..ਤੇ ਜੇ ਤ੍ਰਿਸ਼ਨਾਵਾਂ ਦੇ ਰਹਿੰਦਿਆਂ ਸਾਹਾਂ ਦੀ ਲੜੀ ਟੁੱਟ ਜਾਵੇ ਤਾਂ ਮੌਤ..!
ਬੜੇ ਕਰਮਾਂ ਵਾਲੇ ਹੁੰਦੇ ਜਿਹੜੇ ਮੌਤ ਤੋਂ ਪਹਿਲੋਂ ਹੀ ਮੁਕਤ ਹੋ ਜਾਂਦੇ!
ਹਰਪ੍ਰੀਤ ਸਿੰਘ ਜਵੰਦਾ