ਮੈਂ ਅਕਸਰ ਹੀ ਆਪਣੇ ਸਧਾਰਨ ਦਿਸਦੇ ਘਰ ਕਰਕੇ ਦੋਸਤਾਂ-ਜਾਣਕਾਰਾਂ ਵਿਚ ਮਜਾਕ ਦਾ ਪਾਤਰ ਬਣਦਾ ਹੀ ਰਹਿੰਦਾ ਸਾਂ!
ਇੱਕ ਦਿਨ ਓਸੇ ਘਰ ਦੇ ਬੂਹੇ ਤੇ ਬਿੜਕ ਹੋਈ..ਇੱਕ ਕੁੱਤਾ ਸੀ..ਜਰਾ ਜਿੰਨਾ ਪੁੱਚਕਾਰਿਆ ਅੰਦਰ ਲੰਘ ਆਇਆ..ਏਧਰ ਓਧਰ ਵੇਖਿਆ..ਮੁੜ ਸਿੱਧਾ ਬਾਰੀ ਵੱਲ ਗਿਆ ਤੇ ਠੰਡੀ ਹਵਾ ਵਿਚ ਬੈਠ ਮਿੰਟਾ ਸਕਿੰਟਾਂ ਵਿਚ ਹੀ ਗੂੜੀ ਨੀਂਦਰ ਸੌਂ ਗਿਆ!
ਦੋ ਕੂ ਘੰਟੇ ਮਗਰੋਂ ਉਠਿਆ..ਆਕੜ ਜਿਹੀ ਲਈ..ਮੇਰੇ ਵੱਲ ਦੇਖ ਪੂਛਲ ਹਿਲਾਈ..ਫੇਰ ਕੰਨ ਨੀਵੇਂ ਜਿਹੇ ਕਰ ਧੰਨਵਾਦ ਜਿਹਾ ਕੀਤਾ ਤੇ ਬਾਹਰ ਨਿੱਕਲ ਗਿਆ..!
ਆਦਤਾਂ ਤੋਂ ਕਾਫੀ ਸੁਲਝਿਆ ਹੋਇਆ ਲੱਗਾ!
ਅਗਲੇ ਦਿਨ ਠੀਕ ਓਸੇ ਵੇਲੇ ਫੇਰ ਹਰਕਤ ਹੋਈ..ਹੁਣ ਵੀ ਓਹੀ ਸੀ..ਦੁੰਮ ਹਿਲਾਉਂਦਾ ਅੰਦਰ ਲੰਘ ਆਇਆ..ਓਸੇ ਬਾਰੀ ਲਾਗੇ ਦੋ ਘੰਟੇ ਸੁੱਤਾ ਤੇ ਫੇਰ ਚੁੱਪ ਚਾਪ ਬਾਹਰ ਨੂੰ ਤੁਰ ਗਿਆ!
ਹੁਣ ਇਹ ਰੋਜ ਦਾ ਵਰਤਾਰਾ ਬਣ ਗਿਆ!
ਇੱਕ ਦਿਨ ਇੱਕ ਰੁੱਕਾ ਲਿਖ ਉਸਦੇ ਪਟੇ ਨਾਲ ਬੰਨ ਦਿੱਤਾ..”ਤੁਸੀਂ ਜੋ ਵੀ ਹੋ..ਕਿਸਮਤ ਵਾਲੇ ਹੋ..ਤੁਹਾਡਾ ਇਹ ਰੱਬ ਦਾ ਜੀ ਬੜਾ ਪਿਆਰਾ ਤੇ ਸਿਆਣਾ ਹੈ..ਮਿਥੇ ਟਾਈਮ ਤੇ ਦਸਤਕ ਦਿੰਦਾ ਹੈ..ਬੂਹਾ ਖੋਲ੍ਹਦਿਆਂ ਹੀ ਅੰਦਰ ਲੰਘ ਆਉਂਦਾ ਹੈ..ਦੋ ਘੜੀਆਂ ਸੌਂ ਬਾਹਰ ਨਿੱਕਲ ਜਾਂਦਾ ਹੈ..ਸਮਝ ਨਹੀਂ ਆਉਂਦੀ ਕੇ ਇਸਦੇ ਮਨ ਵਿਚ ਹੈ ਕੀ ਏ”!
ਅਗਲੇ ਦਿਨ ਓਸੇ ਪਟੇ ਨਾਲ ਬੰਨੇ ਰੁੱਕੇ ਵਿਚ ਜਵਾਬ ਆ ਗਿਆ..”ਭਾਜੀ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਸਾਢੇ ਘਰ..ਚੰਗਾ ਕਾਰੋਬਾਰ..ਚੰਗਾ ਰਿਜਕ ਹੈ..ਚੰਗੀਆਂ ਸੁਖ ਸਹੂਲਤਾਂ..ਪਰ ਇੱਕੋ ਚੀਜ ਦੀ ਕਮੀਂ ਹੈ..ਸੁਖ ਸ਼ਾਂਤੀ ਦੀ..ਹਮੇਸ਼ਾਂ ਕਲੇਸ਼ ਪਿਆ ਰਹਿੰਦਾ..ਨਿੱਕੀ-ਨਿਕੀ ਬਹਿਸ ਲੜਾਈ ਦਾ ਰੂਪ ਧਾਰ ਲੈਂਦੀ ਹੈ..ਫੇਰ ਮਾਰਨ ਮਰਾਉਣ ਦਾ ਸਿਲਸਿਲਾ ਦੇਰ ਰਾਤ ਤੱਕ ਚੱਲਦਾ ਰਹਿੰਦਾ ਹੈ..ਉਹ ਮੇਰੇ ਤੇ ਚੀਖਦੀ ਹੈ ਤੇ ਮੈਂ ਓਸਤੇ ਤੇ..ਇਸ ਮਾਹੌਲ ਵਿਚ ਇਹ ਵਿਚਾਰਾ ਡਰ ਕੇ ਨੁੱਕਰੇ ਲੱਗਿਆ ਰਹਿੰਦਾ ਹੈ ਤੇ ਇਸਦੀ ਨੀਂਦ ਪੂਰੀ ਨਹੀਂ ਹੁੰਦੀ..ਸ਼ਾਇਦ ਇਸੇ ਲਈ ਤੁਹਾਡੇ ਘਰੇ ਆ ਜਾਂਦਾ ਹੈ..”!
ਕਲਾ ਕਲੰਦਰ ਵੱਸੇ ਤੇ ਘੜਿਓਂ ਪਾਣੀ ਨੱਸੇ” ਵਾਲੀ ਬਜ਼ੁਰਗਾਂ ਦੀ ਆਖੀ ਕਹਾਵਤ ਯਾਦ ਕਰ ਹੀ ਰਿਹਾ ਸੀ ਕੇ ਨਜਰ ਰੁੱਕੇ ਤੇ ਲਿਖੀ ਆਖਰੀ ਲਾਈਨ ਤੇ ਜਾ ਪਈ..”ਭਾਜੀ ਜੇ ਤੁਹਾਨੂੰ ਇਤਰਾਜ ਨਾ ਹੋਵੇ ਤਾਂ ਕਦੀ-ਕਦੀ ਸੁਕੂਨ ਦੀਆਂ ਦੋ ਘੜੀਆਂ ਕੱਟਣ ਮੈਂ ਵੀ ਏਧਰ ਆ ਜਾਇਆ ਕਰਾਂ”
ਇਸ ਆਖਰੀ ਲਾਈਨ ਨੇ ਮੇਰੇ ਲੂ ਕੰਢੇ ਖੜੇ ਕਰ ਦਿਤੇ ਤੇ ਮੱਲੋ-ਮੱਲੀ ਹੀ ਮੇਰੇ ਦੋਵੇਂ ਹੱਥ ਉਸ ਉੱਪਰ ਵਾਲੇ ਦੇ ਸ਼ੁਕਰਾਨੇ ਵਿਚ ਜੁੜ ਗਏ!
ਮੈਨੂੰ ਲੱਗਾ ਕੇ ਬਾਹਰੋਂ ਸਧਾਰਨ ਜਿਹਾ ਦਿਸਦਾ ਮੇਰਾ ਘਰ ਆਪਣੇ ਵਜੂਦ ਅੰਦਰ ਇੱਕ ਕੀਮਤੀ ਖਜਾਨਾ ਸਾਂਭੀ ਬੈਠਾ ਸੀ!
ਦੋਸਤੋ ਦੁਨੀਆ ਦਾ ਬੇਹੱਦ ਸੁਖੀ ਇਨਸਾਨ ਉਹ ਨਹੀਂ ਜਿਸਦੇ ਬੈੰਕ ਅਕਾਊਂਟ ਨੋਟਾਂ ਦੇ ਢੇਰਾਂ ਨਾਲ ਲਬਰੇਜ ਹੋਣ..ਸਗੋਂ ਉਹ ਏ ਜਿਸਦੇ ਘਰ ਦੀ ਚਾਰਦੀਵਾਰੀ ਅੰਦਰ ਦਿਨੇ ਰਾਤੀ “ਸੁਖ ਸ਼ਾਂਤੀ” ਨਾਮ ਦੀਆਂ ਦੋ ਕੀਮਤੀ ਸ਼ੈਵਾਂ ਗਿੱਧਾ ਪਾਉਂਦੀਆਂ ਹੋਣ ਅਤੇ ਸਬਰ ਸੰਤੋਖ ਨਾਲ ਭਰੇ ਉਸ ਇਨਸਾਨ ਨੂੰ ਬਿਨਾ ਕਿਸੇ ਗੋਲੀ ਖਾਦਿਆਂ ਅਤੇ ਬਗੈਰ ਦੋ ਪੈਗ ਪੀਤਿਆਂ ਰਾਤੀਂ ਗੂੜੀ ਨੀਂਦਰ ਆ ਜਾਂਦੀ ਹੋਵੇ!
ਹਰਪ੍ਰੀਤ ਸਿੰਘ ਜਵੰਦਾ