ਕਨੇਡਾ ਪੀ.ਆਰ ਲੈ ਏਅਰਪੋਰਟ ਉੱਤਰੇ ਜੀਜਾ ਜੀ ਦਾ ਅੱਗਿਓਂ ਸਾਲਾ ਸਾਬ ਅਤੇ ਟੱਬਰ ਨੇ ਬੜਾ ਮਾਣ ਸਤਿਕਾਰ ਕੀਤਾ..!
ਫੇਰ ਵੀ ਅਗਲੇ ਦਿਨ ਨਰਾਜ ਹੋ ਗਿਆ!
ਸਾਰਾ ਦਿਨ ਬੱਸ ਮੂੰਹ ਫੁਲਾਈ ਬੈਠਾ ਰਹਿੰਦਾ ਅਤੇ ਨਰਾਜਗੀ ਦੀ ਵਜਾ ਵੀ ਵੀ ਨਾ ਦੱਸਿਆ ਕਰੇ!
ਅਖੀਰ ਇੰਡੀਆ ਬੈਠੀ ਸੱਸ ਨੇ ਤਰਲੇ ਮਿੰਤਾਂ ਕਰ ਵਜਾ ਪੁੱਛ ਹੀ ਲਈ..ਆਖਣ ਲੱਗਾ ਏਅਰਪੋਰਟ ਤੇ ਫਲਾਣੇ ਨੇ ਮੇਰਾ ਹੈਂਡ ਬੈਗ ਨਹੀਂ ਚੱਕਿਆ..ਫਲਾਣੇ ਨੇ ਫਤਹਿ ਨੀ ਬੁਲਾਈ..ਕਿਸੇ ਗੋਡੇ ਹੱਥ ਵੀ ਨਹੀਂ ਲਾਇਆ..ਘਰੇ ਆਏ ਨੂੰ ਚਾਹ ਵੀ ਨੀ ਪੁੱਛੀ..!
ਚਾਹ ਵੱਲੋਂ ਸੁਣ ਨਿੱਕੀ ਕੁੜੀ ਬੋਲ ਪਈ..ਫੁੱਫੜ ਜੀ ਪੁੱਛੀ ਤੇ ਸੀ..ਜਦੋਂ ਅਹੁ ਸੋਫੇ ਤੇ ਬੈਠੇ ਸੋ..ਬਿਸਕੁੱਟ ਵੀ ਸਨ!
ਆਖਣ ਲੱਗਾ ਪੁੱਛੀ ਤੇ ਸੀ ਪਰ “ਚੱਜ” ਨਾਲ ਨਹੀਂ ਪੁੱਛੀ..ਜੁਆਈ ਭਾਈ ਇੱਕ ਦੋ ਵੇਰ ਨਾਂਹ ਨੁੱਕਰ ਤੇ ਵਰ੍ਹਿਆਂ ਤੋਂ ਕਰਦੇ ਹੀ ਆਏ ਨੇ..!
ਇੰਝ ਹੀ ਇੱਕ ਮੁੱਛ ਫੁੱਟ ਪੜਾਈ ਲਿਖਾਈ ਛੱਡ ਇਸ਼ਕ ਮੁਸ਼ਕ ਵਾਲੇ ਚੱਕਰ ਵਿਚ ਪੈ ਗਿਆ..ਘਰਦਿਆਂ ਬਥੇਰਾ ਸਮਝਾਇਆ ਪੁੱਤ ਮੁੜ ਜਾ..ਕੁਝ ਨੀ ਰੱਖਿਆ ਇਹਨਾਂ ਕੰਮਾਂ ਵਿਚ..ਪਰ ਉਹ ਨਾ ਮੁੜਿਆ..!
ਇੱਕ ਦਿਨ ਜਿਹਨਾਂ ਦੀ ਧੀ ਦਵਾਲੇ ਗੇੜੇ ਮਾਰਦਾ ਸੀ..ਓਹਨਾ ਸ਼ਰੇਆਮ ਘੇਰ ਤੌਣੀ ਲਾ ਦਿੱਤੀ..ਇੱਕ ਲੱਤ ਤੋੜ ਦਿੱਤੀ ਤੇ ਇੱਕ ਗੁੱਟ..ਹਸਪਤਾਲ ਪਏ ਨੂੰ ਘਰਦੇ ਆਖਣ ਲੱਗੇ ਪੁੱਤ ਤੈਨੂੰ ਸਮਝਾਇਆ ਤੇ ਸੀ..ਪਰ ਤੂੰ ਨਹੀਂ ਮੁੜਿਆ!
ਆਖਣ ਲੱਗਾ ਓਏ ਤੁਸਾਂ ਉਂਝ ਨੀ ਸਮਝਾਇਆ ਜਿੱਦਾਂ ਅਗਲੇ ਸਮਝਾ ਗਏ..!
ਸੋ ਦੋਸਤੋ ਇਹ “ਚੱਜ ਨਾਲ ਪੁੱਛਣ-ਸਮਝਾਉਣ” ਵਾਲਾ ਕੀੜਾ ਓਦੋਂ ਹੀ ਅਸਰ ਕਰਦਾ ਜਦੋਂ ਅਗਲੀ ਧਿਰ ਸ਼ਰੇਆਮ ਥਰਡ ਡਿਗਰੀ ਵਾਲਾ ਫੋਰਮੁੱਲਾ ਅਮਲ ਵਿਚ ਲਿਆਉਂਦੀ ਏ!
ਹਰਪ੍ਰੀਤ ਸਿੰਘ ਜਵੰਦਾ