ਵੱਖਰਾ ਕਮਰਾ ਲੈਣਾ ਮੇਰੀ ਹੈਸੀਅਤ ਤੋਂ ਬਾਹਰ ਸੀ..ਪੀ.ਜੀ ਦਾ ਬੈੱਡ ਦੋ ਮਹੀਨੇ ਦੀ ਟਰੇਨਿੰਗ ਲਈ ਕਾਫੀ ਮਾਫਿਕ ਲੱਗਾ..!
ਤਿੰਨ ਮੁੰਡੇ ਹੋਰ ਵੀ ਸਨ..ਮੈਥੋਂ ਅੱਧੀ ਉਮਰ ਦੇ..ਪਰ ਆਦਤਾਂ ਬੜੀਆਂ ਅਜੀਬ..ਰਾਤੀ ਦੇਰ ਨਾਲ ਮੁੜਦੇ..ਹਰ ਰੋਜ ਓਹੀ ਕੱਪੜੇ..ਕਦੇ ਨਹਾਉਂਦਿਆਂ ਜਾਂ ਪੜ੍ਹਦਿਆਂ ਨਹੀਂ ਸੀ ਵੇਖਿਆ..ਇੱਕ ਹਮੇਸ਼ਾ ਫੋਨ ਤੇ ਲੱਗਾ ਰਹਿੰਦਾ..ਕਿੰਨਾ ਸਾਰਾ ਖਲਾਰਾ..ਗੰਦਗੀ..ਜੂਠੇ ਭਾਂਡੇ ਅਤੇ ਉੱਚੀ ਅਵਾਜ ਦਾ ਸੰਗੀਤ..!
ਕੁਝ ਆਖ ਤੇ ਨਹੀਂ ਸਾਂ ਸਕਦਾ ਪਰ ਸਭ ਕੁਝ ਆਪਣੀ ਡਾਇਰੀ ਵਿਚ ਜਰੂਰ ਲਿਖੀ ਜਾਂਦਾ..ਫੇਰ ਡਾਇਰੀ ਚੇਤੇ ਨਾਲ ਅਟੈਚੀ ਵਿਚ ਰੱਖ ਜਿੰਦਾ ਮਾਰ ਹੀ ਬਾਹਰ ਨਿੱਕਲਦਾ..!
ਗੰਦੇ..ਅਨੁਸ਼ਾਸ਼ਨ ਹੀਣ..ਲਾਪਰਵਾਹ..ਗੰਵਾਰ..ਚਰਿੱਤਰਹੀਣ ਅਤੇ ਹੋਰ ਵੀ ਕਿੰਨਾ ਕੁਝ..ਅੰਦਰੋਂ ਅੰਦਰੀ ਅਕਸਰ ਡਰ ਵੀ ਲੱਗਾ ਰਹਿੰਦਾ..ਕਿਧਰੇ ਮੇਰੀਆਂ ਧੀਆਂ ਨੂੰ ਵੀ ਏਦਾਂ ਦੇ ਮੁੰਡੇ ਹੀ ਨਾ ਮਿਲ ਜਾਵਣ..!
ਇੱਕ ਦਿਨ ਵਾਪਿਸ ਪਰਤਿਆ ਤਾਂ ਸਭ ਕੁਝ ਬਦਲਿਆਂ ਬਦਲਿਆ ਲੱਗਾ..ਸਭ ਚੀਜਾਂ ਆਪੋ ਆਪਣੀ ਥਾਂ ਤੇ..ਸਾਰੇ ਨ੍ਹਾ ਧੋ ਕੇ ਆਪੋ ਆਪਣੀਆਂ ਕਿਤਾਬਾਂ ਪੜਨ ਵਿਚ ਮਸਤ ਸਨ..ਸਭ ਤੋਂ ਵੱਧ ਅੱਜ ਉਸ ਨਿੱਕੇ ਮੁੰਡੇ ਦੀਆਂ ਜੁਰਾਬਾਂ ਵਿਚੋਂ ਗੰਦੀ ਮੁਸ਼ਕ ਵੀ ਗਾਇਬ ਸੀ..!
ਅਚਾਨਕ ਮੈਨੂੰ ਕੁਝ ਯਾਦ ਆਇਆ..ਤੇ ਕਾਹਲੀ ਨਾਲ ਏਧਰ ਓਧਰ ਲੱਭਣ ਲੱਗਾ..!
ਨਿੱਕਾ ਮੇਰੇ ਕੋਲ ਆਇਆ ਤੇ ਆਖਣ ਲੱਗਾ ਅੰਕਲ ਜੀ ਆਹ ਲਵੋ ਆਪਣੀ ਡਾਇਰੀ..ਸੁਵੇਰੇ ਗਲਤੀ ਨਾਲ ਬਾਹਰ ਰੱਖ ਗਏ ਸੋ..ਸਿਰਫ ਮੈਂ ਹੀ ਪੜੀ ਏ..ਕਿਸੇ ਹੋਰ ਨੇ ਨਹੀਂ..ਗੁਨਾਹਗਾਰ ਹਾਂ ਜੋ ਮਰਜੀ ਸਜਾ ਦੇ ਸਕਦੇ ਓ..ਪਰ ਮੇਰੀਆਂ ਅੱਖਾਂ ਖੁੱਲ ਗਈਆਂ..ਤੁਹਾਡੀਆਂ ਦੋ ਧੀਆਂ ਨੇ ਪਰ ਮੇਰੀਆਂ ਤਿੰਨ ਭੈਣਾਂ..ਹੈਨ ਵੀ ਮੈਥੋਂ ਵੱਡੀਆਂ..ਓਹਨਾ ਦੇ ਵਿਆਹਾਂ ਲਈ ਕਿਰਸਾਂ ਕਰਦਾ ਮੇਰਾ ਬਾਪ..ਅੱਜ ਪਹਿਲੀ ਵੇਰ ਚੇਤੇ ਆਇਆ..ਤੁਹਾਡੀ ਡਾਇਰੀ ਅੰਦਰ ਜੋ ਕੁਝ ਵੀ ਲਿਖਿਆ..ਸਭ ਸੌ ਫ਼ੀਸਦੀ ਸੱਚ ਏ..ਬਾਕੀ ਦੇ ਦੋ ਵੀ ਕੋਈ ਮੈਥੋਂ ਵੱਖਰੇ ਨਹੀਂ..ਅਹੁ ਫੋਨ ਵਾਲੇ ਦੀ ਸਿਰਫ ਮਾਂ ਹੀ ਹੈ..ਅਤੇ ਉਹ ਸੰਗੀਤ ਸੁਣਦੇ ਦੀ ਤਾਂ ਉਹ ਵੀ ਹੈਨੀ..ਨਾਨੇ ਨੇ ਪਾਲਿਆ ਏ ਤੇ ਹੁਣ ਨਾਨਾਂ ਹੀ ਫੀਸਾਂ ਭਰਦਾ ਏ..ਤੁਸੀਂ ਜੋ ਚਾਹੇ ਸਮਝੋ ਪਰ ਇੱਕ ਗੁਜਾਰਿਸ਼ ਹੈ..ਡਾਇਰੀ ਇੰਝ ਹੀ ਲਿਖਦੇ ਰਹੋਗੇ..ਬਿਨਾ ਝਿਜਕ..ਬਿਨਾ ਕਿਸੇ ਰੋਕ ਟੋਕ ਅਤੇ ਡਰ ਦੇ..ਰੱਖਣੀ ਵੀ ਖੁੱਲੇ ਵਿਚ ਹੀ ਪਵੇਗੀ..ਜੰਦਰੇ ਵਿਚ ਨਹੀਂ..ਇੱਕ ਗੱਲ ਹੋਰ ਦੱਸਾਂ..ਪਿੰਡ ਮੇਰੀ ਇੱਕ ਚਾਚੀ ਏ..ਚੁਗਲੀ ਦੀ ਬੜੀ ਆਦਤ ਏ ਉਸਨੂੰ..ਮੈਂ ਬੜੀ ਨਫਰਤ ਕਰਦਾ ਉਸਦੇ ਨਾਲ ਪਰ ਤੁਹਾਡੀ ਇਸ ਚੁਗਲਖੋਰ ਡਾਇਰੀ ਨਾਲ ਮੇਰਾ ਮੋਹ ਪੈ ਗਿਆ..!
“ਚੁਗਲਖੋਰ ਡਾਇਰੀ”..ਇਹ ਅਜੀਬ ਜਿਹਾ ਨਾਮ ਸੁਣ ਸਾਰੇ ਉਚੀ ਉਚੀ ਹੱਸ ਪਏ..ਪਰ ਮੇਰੇ ਹੰਝੂ ਨਿੱਕਲ ਤੁਰੇ ਸਨ..ਹੁਣ ਤੀਕਰ ਤਾਂ ਸਿਰਫ ਦੋ ਆਪਣੀਆਂ ਬਾਰੇ ਹੀ ਚਿੰਤਤ ਸਾਂ ਪਰ ਇਸ ਚੁਗਲਖੋਰ ਨੇ ਤਾਂ ਅੱਜ ਤਿੰਨ ਅਣਜਾਣ ਬੇਗਾਨੀਆਂ ਦੇ ਲੜ ਲੱਗਣ ਵਾਲੇ ਵੀ ਲੀਹੇ ਪਾ ਦਿੱਤੇ ਸਨ..!
ਫੇਰ ਅਰਦਾਸ ਕਰਨ ਬਹਾਨੇ ਹੰਝੂ ਪੂੰਝੇ ਤੇ ਅੱਖੀਆਂ ਮੀਟ ਲਈਆਂ..ਹੇ ਸੱਚੇ ਪਾਤਸ਼ਾਹ ਇਹ ਬਦਲਾਵ ਸਦੀਵੀਂ ਹੋ ਨਿੱਬੜੇ..!
ਹਰਪ੍ਰੀਤ ਸਿੰਘ ਜਵੰਦਾ
bahut hi badia