1983 ਵਿੱਚ ਸਕੂਲ ਵਿੱਚ ਸਰਦਾਰ ਗਿਆਨ ਸਿੰਘ ਚਾਹਲ ਜੀ ਦੀ ਨਿਯੁਕਤੀ ਬਤੌਰ ਵਾਈਸ ਪ੍ਰਿੰਸੀਪਲ ਹੋਈ। ਉਹ ਸੰਗਰੂਰ ਦੇ ਮਸ਼ਹੂਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਆਏ ਸਨ। ਉਹ ਫੌਜੀ ਦਿੱਖ ਵਾਲੇ ਸਰਦਾਰ ਸਨ।ਬਹੁਤ ਸੋਹਣੀ ਦਾਹੜੀ ਬੰਨਕੇ ਰੱਖਦੇ ਸਨ। ਤਜੁਰਬੇ ਅਨੁਸਾਰ ਉਹ ਬਹੁਤ ਵਧੀਆ ਪ੍ਰਬੰਧਕ ਵੀ ਸਨ। ਪ੍ਰਿੰਸੀਪਲ ਸੈਣੀ ਸਾਹਿਬ ਵੱਲੋਂ ਉਹਨਾਂ ਨੂੰ ਸਕੂਲ ਦੇ ਮਨਾਏ ਜਾਣ ਵਾਲੇ ਸਥਾਪਨਾ ਸਮਾਰੋਹ ਦਾ ਇੰਚਾਰਜ ਲਗਾਇਆ ਗਿਆ। ਜਿਸ ਕਰਕੇ ਉਹਨਾਂ ਦਾ ਨਾਮ ਵੀ ਪ੍ਰਿੰਸੀਪਲ ਸੈਣੀ ਦੇ ਬਰਾਬਰ ਸੱਦਾ ਪੱਤਰਾਂ ਤੇ ਲਿਖਿਆ ਗਿਆ। ਸਕੂਲ ਦੇ ਫਾਊਂਡਰ ਚੇਅਰਮੈਨ ਸਰਦਾਰ ਭਗਤ ਸਿੰਘ ਨੇ ਸਮਾਰੋਹ ਦੀ ਸਫਲਤਾ ਦੀ ਕਾਮਨਾ ਕਰਦੇ ਹੋਏ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਨਾ ਹੋਣ ਬਾਰੇ ਸ੍ਰੀ ਚਹਿਲ ਸਾਹਿਬ ਨੂੰ ਉਚੇਚਾ ਪੱਤਰ ਲਿਖਿਆ। ਚਾਹਲ ਸਾਹਿਬ ਦੇ ਇਹ ਖੁਸ਼ੀ ਹਜ਼ਮ ਨਾ ਹੋਈ। ਉਹਨਾਂ ਨੇ ਇਹ ਨਿੱਜੀ ਪੱਤਰ ਸਟਾਫ ਵਿੱਚ ਸਰਕੂਲੇਟ ਕਰ ਦਿੱਤਾ। ਫਿਰ ਪ੍ਰਿੰਸੀਪਲ ਸੈਣੀ ਨੇ ਇਸ ਨੂੰ ਆਪਣੀ ਹੇਠੀ ਸਮਝੀ। ਚਾਹਲ ਸਾਹਿਬ ਆਪਣੀ ਸੀਮਾ ਤੋਂ ਬਾਹਰ ਜਾਕੇ ਕੰਮ ਕਰਦੇ। ਸਕੂਲ ਪ੍ਰਿੰਟਿੰਗ ਦਾ ਕੰਮ ਵੀ ਉਹ ਸੰਗਰੂਰ ਤੋਂ ਕਰਵਾਉਣ ਲੱਗੇ। ਜਿਸ ਦਿਨ ਉਹ ਕਾਰਜਕਾਰੀ ਪ੍ਰਿੰਸੀਪਲ ਹੁੰਦੇ ਉਹ ਸਵੇਰ ਦੀ ਸਭਾ ਵਿੱਚ ਲੈਕਚਰ ਦਿੰਦੇ ਤੇ ਦਿਲ ਦੀ ਭੜਾਸ ਕੱਢਦੇ। ਇਸ ਤਰ੍ਹਾਂ ਨਾਲ ਸਕੂਲ ਸਟਾਫ ਵਿੱਚ ਦੋ ਧੜੇ ਬਣਨ ਲੱਗੇ। ਇੰਜ ਲਗਦਾ ਸੀ ਕਿ ਸਕੂਲ ਦਾ ਗ੍ਰਾਫ ਡਿਗਣਾ ਸ਼ੁਰੂ ਹੋ ਗਿਆ। ਪਰ ਜਲਦੀ ਹੀ ਸ੍ਰੀ ਗਿਆਨ ਸਿੰਘ ਚਾਹਲ ਦੀ ਨਿਯੁਕਤੀ ਸੰਗਰੂਰ ਦੇ ਕਿਸੇ ਹੋਰ ਸਕੂਲ ਵਿੱਚ ਹੋ ਗਈ ਤੇ ਉਹ ਬਾਦਲ ਸਕੂਲ ਨੂੰ ਅਲਵਿਦਾ ਆਖ ਗਏ। ਫਿਰ ਉਹਨਾਂ ਨੇ ਓਥੇ ਹੀ ਆਪਣਾ ਸਕੂਲ ਖੋਲ੍ਹ ਲਿਆ ਜੋ ਬਹੁਤ ਕਾਮਜਾਬ ਹੋਇਆ।
ਜੇ ਕਿਸੇ ਸੰਸਥਾ ਦਾ ਮੁਖੀ ਤੇ ਉਪਮੁਖੀ ਇੱਕ ਹਨ ਤਾਂ ਉਹ ਸੰਸਥਾ ਬਹੁਤ ਤਰੱਕੀ ਕਰਦੀ ਹੈ। ਪਰ ਬਹੁਤੀ ਜਗ੍ਹਾ ਦੇਖਿਆ ਹੈ ਕਿ ਇਹ ਇੱਕ ਦੂਜੇ ਦੀਆਂ ਟੰਗਾਂ ਹੀ ਖਿੱਚਦੇ ਰਹਿੰਦੇ ਹਨ। ਸੀ ਐਮ ਤੇ ਡਿਪਟੀ ਸੀ ਐਮ ਵਿੱਚ ਅਕਸਰ ਖੜਕਦੀ ਹੀ ਆਈ ਹੈ। ਸਾਰੇ ਨੰਬਰ ਦੋ ਅਮਿਤ ਸ਼ਾਹ ਨਹੀਂ ਹੁੰਦੇ। ਜਦੋਂ ਨੰਬਰ ਦੋ ਲੋੜ ਤੋਂ ਜਿਆਦਾ ਉਪਰ ਉੱਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੇ ਖੰਭ ਕੁਤਰ ਦਿੱਤੇ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ