ਵਧਾਈ ਦਾ ਹੱਕਦਾਰ | vdhai da hakdaar

ਕੱਲ੍ਹ ਅਚਾਨਕ ਹੀ #ਪ੍ਰੀ_ਦੀਵਾਲੀ ਮਨਾਉਣ ਦੀ ਨੀਅਤ ਨਾਲ ਡੱਬਵਾਲੀ ਜਾਣ ਦਾ ਸਬੱਬ ਬਣ ਗਿਆ। ਕੁਝ ਕੁ ਮਿੱਤਰਾਂ ਤੇ ਕਰੀਬੀਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦੇਣੀ ਸੀ। ਮੇਰੀ ਇਸ ਲਿਸਟ ਵਿੱਚ ਇੱਕ ਨਾਮ ਡਾਕਟਰ Rs Agnihotri ਦਾ ਵੀ ਹੁੰਦਾ ਹੈ ਪਰ ਪਰਮਾਤਮਾ ਦੀ ਕਰਨੀ ਦੇਖੋਂ ਉਹ ਦੋਵੇਂ ਜੀਅ ਇਸ ਸਾਲ ਥੌੜੇ ਜਿਹੇ ਵਕਫੇ ਵਿੱਚ ਜਹਾਨੋਂ ਤੁਰ ਗਏ। ਮਨ ਉਚਾਟ ਸੀ। ਦੂਸਰਾ ਮੇਰੀ ਸਾਬਕਾ ਕੁਲੀਗ ਮੈਡਮ Anjana Angi ਦੇ ਮਾਤਾ ਜੀ ਵੀ ਗੁਜ਼ਰ ਗਏ। ਉਸ ਪਰਿਵਾਰ ਨਾਲ ਵੀ ਦੁੱਖ ਸਾਂਝਾ ਕਰਨਾ ਵੀ ਜਰੂਰੀ ਸੀ। ਇਸ ਤੋਂ ਬਾਅਦ ਸੀਮਤ ਸਮੇ ਵਿੱਚ ਆਪਣੇ ਨਜ਼ਦੀਕੀ ਚੁਣਿੰਦਾ ਸਖਸ਼ੀਅਤਾਂ ਕੋਲ੍ਹ ਹਾਜ਼ਰੀ ਲਗਵਾਉਣ ਦੀ ਕੋਸ਼ਿਸ਼ ਕੀਤੀ। ਸਮੇਂ ਦੀ ਘਾਟ ਕਾਰਨ ਬੱਸ ਰਾਮ ਰਾਮ ਕਰਕੇ ਹੀ ਬੁੱਤਾ ਸਾਰਿਆ ਤੇ ਚਾਹ ਪਾਣੀ ਕੌਫ਼ੀ ਪੀਣ ਤੋਂ ਵੱਸ ਲੱਗਦਾ ਗੁਰੇਜ਼ ਹੀ ਕੀਤਾ। ਹਾਂ ਅਪਣੱਤ ਤੇ ਪਿਆਰ ਨੂੰ ਦੇਖਦੇ ਹੋਏ ਦੋਸਤ ਡਾਕਟਰ Mahesh Bansal ਦੀ ਕੌਫ਼ੀ ਤੇ ਕਚੋਰੀ ਨੂੰ ਇਨਕਾਰ ਨਹੀਂ ਕਰ ਸਕੇ। ਬਾਕੀਆਂ ਕੋਲੋਂ ਹੱਥ ਜੋੜਕੇ ਮਾਫੀ ਮੰਗ ਲਈ। ਹਰ ਵਾਰ ਦੀਵਾਲੀ ਤੇ ਅਸੀਂ ਸਿੱਖਿਆ ਵਿਭਾਗ ਦੇ ਇੱਕ ਸੇਵਾਮੁਕਤ ਕਰਮਚਾਰੀ ਨੂੰ ਮਿਲਣ ਜਰੂਰ ਜਾਂਦੇ ਹਾਂ। ਪਤਾ ਨਹੀਂ ਕਿਉਂ ਉਸ ਨਾਲ ਪ੍ਰੇਮ ਹੀ ਇੰਨਾ ਹੈ। ਭਾਵੇਂ ਸਾਡਾ ਦਰਸ਼ਨ ਮੇਲਾ ਦਿਵਾਲੀ ਵਾਲੇ ਦਿਨ ਹੀ ਹੁੰਦਾ ਹੈ ਕਈ ਵਾਰੀ ਤਾਂ ਉਹ ਦੀਵਾਲੀ ਨੂੰ ਨਹੀਂ ਮਿਲਦਾ ਤੇ ਉਸਦੀ ਧਰਮਪਤਨੀ ਕੋਲ੍ਹ ਮੇਰੀ ਸ਼ਰੀਕ ਏ ਹਯਾਤ ਜਾ ਆਉਂਦੀ ਹੈ। ਪਰ ਨਾਗਾ ਕਦੇ ਨਹੀਂ ਪਾਇਆ। ਉਥੇ ਵੀ ਹਾਜ਼ਰੀ ਲਗਵਾਉਣੀ ਜਰੂਰੀ ਸੀ। ਕਾਰ ਵਿੱਚ ਬੈਠੇ ਬੈਠੇ ਹੀ ਅਸੀਂ ਸੱਤ ਗਿਆਰਾਂ ਵਾਲੇ ਮੌਂਟੀ ਛਾਬੜਾ ਨਾਲ ਵੀ ਪਿਆਰ ਵੰਡ ਆਏ। ਵਾਪੀਸੀ ਤੇ ਜਦੋਂ ਅਸੀਂ ਪਿਛਲੇ ਕਈ ਸਾਲਾਂ ਤੋਂ ਸਾਡੇ ਕਪੜੇ ਪ੍ਰੈਸ ਕਰਨ ਵਾਲੇ ਸ਼ਸ਼ੀ ਦੇ ਘਰ ਮੂਹਰ ਦੀ ਲੰਘਣ ਲੱਗੇ ਤਾਂ ਮੈਂ ਗੱਡੀ ਨੂੰ ਬ੍ਰੇਕ ਮਾਰੇ ਬਿਨ ਰਹਿ ਨਾ ਸਕਿਆ। ਕੀ ਹੋਇਆ ਜੇ ਹੁਣ ਪਿਛਲੇ ਦੋ ਸਾਲ ਤੋਂ ਅਸੀਂ ਬਠਿੰਡਾ ਹਾਂ ਤਾਂ ਉਸ ਨਾਲ ਤਾਂ ਪ੍ਰੇਮ ਓਵੇਂ ਹੀ ਹੈ। ਹਰ ਸਾਲ ਉਸਨੂੰ ਦਿਵਾਲੀ ਦੀਆਂ ਵਧਾਈਆਂ ਦਿੰਦੇ ਸੀ ਫਿਰ ਇਸ ਬਾਰ ਮਿਸ ਕਿਉਂ ਕਰੀਏ। ਬਾਕੀ ਮੇਰੇ ਨਾਲਦੀ ਤਾਂ ਆਪਣੀਆਂ ਪੁਰਾਣੀਆਂ ਕੰਮ ਵਾਲੀਆਂ ਨੂੰ ਕਦੇ ਨਹੀਂ ਭੁੱਲਦੀ। ਖੈਰ ਉਸ ਨੂੰ ਦਿਲੀ ਵਧਾਈ ਦਿੱਤੀ। ਕਮਾਲ ਦੀ ਗੱਲ ਇਹ ਕਿ ਉਸਨੇ ਚਾਹ ਦੀ ਸੁਲ੍ਹਾ ਹੀ ਨਹੀਂ ਮਾਰੀ ਸਗੋਂ ਵਾਰ ਵਾਰ ਚਾਹ ਪੀਣ ਲਈ ਮਜਬੂਰ ਕਰਦਾ ਰਿਹਾ। ਸਾਡੇ ਪ੍ਰੇਮ ਦਾ ਉਸਨੇ ਇੱਕੀ ਨੂੰ ਇਕੱਤੀ ਕਰਕੇ ਜਵਾਬ ਦਿੱਤਾ। ਚਾਹੇ ਬਹੁਤ ਸਾਰੇ ਕਰੀਬੀਆਂ ਨੂੰ ਅਸੀਂ ਮਿਲ ਨਹੀਂ ਸਕੇ। ਇਹ ਲਿਸਟ ਵੀ ਖ਼ਾਸੀ ਵੱਡੀ ਹੈ। ਉਹਨਾਂ ਦਾ ਉਲਾਂਭਾ ਸਿਰ ਮੱਥੇ ਤਾਂ ਹੈ ਹੀ ਪਰ ਬਾਜ਼ੀ ਤਾਂ ਪ੍ਰੈਸ ਵਾਲਾ ਸ਼ਸ਼ੀ ਮਾਰ ਗਿਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *