ਥਾਣੇ ਵਿੱਚ ਵਾਪਰੀ ਇੱਕ ਸੱਚੀ ਘਟਨਾ ਦੇ ਅਧਾਰਿਤ ਕਹਾਣੀ ‘ ਇੱਕ ਮਾਂ ਇਹ ਵੀ ਸੀ ‘ – ਜਗਤਾਰ ਸਿੰਘ ਹਿੱਸੋਵਾਲ
——————————————————————
ਉਹ ਪ੍ਰਵਾਸੀ ਮਜ਼ਦੂਰ ਜਦੋਂ ਵੀ ਦਫਤਰ ਆਉਂਦਾ, ਜੁੱਤੀ ਬਾਹਰ ਲਾਹ ਕੇ ਆਉਂਦਾ ਤੇ ਬੜਾ ਹੀ ਨਿਮਾਣਾ ਜਿਹਾ ਹੋ ਹੱਥ ਜੋੜ ਕੇ ਕਹਿੰਦਾ, “ਬੱਚੇ ਸ਼ੁਭਾ ਸ਼ਾਮ ਰੋਤੇ ਰਹਿਤੇ ਹੈਂ। ਖਾਨਾ ਵੀ ਨਹੀਂ ਖਾਤੇ ।”ਮੈਂ ਉਸਨੂੰ ਹੌਸਲਾ ਦਿੰਦਾ,”ਕੋਈ ਬਾਤ ਨਹੀਂ। ਆਪ ਕੀ ਰਿਪੋਰਟ ਲਿਖ ਲੀ ਹੈ। ਹੌਲਦਾਰ ਨਿਰਮਲ ਸਿੰਘ ਕੇ ਪਾਸ ਹੈ। ਆਪ ਕੀ ਪਤਨੀ ਬਾਲਗ ਹੈ। ਫਿਰ ਵੀ ਹਮ ਢੂੰਡ ਰਹੇਂ ਹਾਂ। ਆਪ ਵੀ ਕੋਸ਼ਿਸ਼ ਕਰਤੇ ਰਹੀਏ। ਜੇ ਕਿਸੀ ਬਾਤ ਕਾ ਪਤਾ ਚਲਾ ਤੋ ਹਮੇਂ ਬਤਾਈਏ ।”
ਕਿੰਨੇ ਦੁੱਖ ਦੀ ਗੱਲ ਹੈ ਕਿ ਘਰ ਵਿੱਚ ਨਿੱਕੇ ਨਿੱਕੇ ਬਾਲ ਆਪਣੀ ਮਾਂ ਲਈ ਤੜਫ ਰਹੇ ਨੇ ਪਰ ਮਾਂ ਅੱਯਾਸ਼ੀ ਲਈ ਆਪਣੇ ਪ੍ਰੇਮੀ ਨਾਲ ਫਰਾਰ ਹੈ।
ਫਿਰ ਇੱਕ ਉਹ ਪ੍ਰਵਾਸੀ ਮਜ਼ਦੂਰ ਆਇਆ, ਉਸਦੇ ਨਾਲ ਦੋ ਹੋਰ ਆਦਮੀ ਅਤੇ ਇਕ ਔਰਤ ਵੀ ਸੀ। ਜਿਸ ਤੋਂ ਵਾਕਿਆ ਜਾਣਨ ਤੇ ਪਤਾ ਲੱਗਾ ਕਿ ਉਸ ਦੀ ਪਤਨੀ ਕਿਸੇ ਡਰਾਈਵਰੀ ਕਰਦੇ ਵਿਆਕਤੀ ਨਾਲ ਕਿਸੇ ਕਲੋਨੀ ਵਿੱਚ ਰਹਿ ਰਹੀ ਸੀ ਤੇ ਉਨ੍ਹਾਂ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਉਸਨੂੰ ਉੱਥੋਂ ਲੈ ਆਏ ਹਨ। ਉਦੋਂ ਡਰਾਈਵਰ ਕਮਰੇ ਵਿੱਚ ਨਹੀਂ ਸੀ। ਤੇ ਇਹ ਨਾਲ ਆੲੀ ਔਰਤ ਉਸਦੀ ਪਤਨੀ ਹੀ ਸੀ। ਦੇਖ ਕੇ ਅਸੀਂ ਸੋਚਿਆ ਕਿ ਚਲੋ ਮਸਲਾ ਹੱਲ ਹੋ ਗਿਆ। ਪਰ ਗੱਲ ਹੀ ਅਜੀਬ ਹੋ ਗਈ। ਉਹ ਔਰਤ ਆਪਣੀ ਗਲਤੀ ਮੰਨਣ ਦੀ ਬਜਾਏ ਇਸ ਕਹਿਣ ਲੱਗੀ ਕਿ ਮੈਂ ਤਾਂ ਜਾਣਾ ਹੀ ਡਰਾਈਵਰ ਦੇ ਨਾਲ ਹੈ। ਇਸ ਸਬੰਧੀ ਡਰਾਈਵਰ ਨਾਲ ਉਸਦੇ ਮੋਬਾਇਲ ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਇਹ ਕਹਿ ਕੇ ਫੋਨ ਬੰਦ ਕਰ ਲਿਆ ਕਿ ਉਸਦਾ ਇਸ ਔਰਤ ਨਾਲ ਕੋਈ ਸਬੰਧ ਨਹੀਂ ਹੈ।
ਪਰ ਔਰਤ ਦੀ ਇੱਕੋ ਹੀ ਰੱਟ ਕਿ ਡਰਾਈਵਰ ਉਸਨੂੰ ਨੂੰ ਜ਼ਰੂਰ ਲੈਣ ਆਵੇਗਾ। ਅਸੀਂ ਸਮਝਾਇਆ ਪਰ ਉਸਨੇ ਸਾਡੀ ਗੱਲ ਨਹੀਂ ਮੰਨ। ਗੱਲ ਨਾ ਬਣਦੀ ਦੇਖ ਕੇ ਪ੍ਰਵਾਸੀ ਮਜ਼ਦੂਰ ਆਪਣੇ ਕਮਰੇ ਤੋਂ ਆਪਣੇ ਬੱਚਿਆਂ ਨੂੰ ਲੈ ਆਇਆ ਸੀ। ਦੋ ਲੜਕੇ ਤੇ ਇੱਕ ਲੜਕੀ। ਸਾਰਿਆਂ ਤੋਂ ਛੋਟਾ ਪੰਜਾਂ ਕੁ ਸਾਲਾਂ ਦਾ ਗੋਲ ਮਟੋਲ ਜਿਹਾ ਲੜਕਾ ਆਉਦਾ ਹੀ ਆਪਣੀ ਮਾਂ ਦੀਆਂ ਲੱਤਾਂ ਨੂੰ ਚਿੰਬੜ ਗਿਆ। ਫਿਰ ਉਸਨੇ ਬੈਂਚ ਤੇ ਬੈਠੀ ਮਾਂ ਦੀਆਂ ਲੱਤਾਂ ਵਿਚਕਾਰ ਖੜ ਕੇ ਆਪਣੀਆਂ ਨਿੱਕੀਆਂ ਨਿੱਕੀਆਂ ਦੋਵੇਂ ਬਾਹਾਂ ਆਪਣੀ ਮਾਂ ਦੇ ਢਿੱਡ ਦੁਆਲੇ ਵਲ ਲਈਆਂ।ਵੱਡਾ ਲੜਕਾ ਤੇ ਵਿਚਕਾਰਲੀ ਲੜਕੀ ਉਸਦੇ ਆਸ ਪਾਸ ਉਦਾਸ ਅਤੇ ਡੌਰ ਭੌਰ ਹੋਏ ਉਸ ਵੱਲ ਦੇਖ ਰਹੇ ਸਨ। ਮੈਨੂੰ ਬਹੁਤ ਪਿਆਰੇ ਲੱਗੇ। ਮੈਂ ਉਹਨਾਂ ਸਾਰਿਆਂ ਦੀ ਆਪਣੇ ਮੋਬਾਇਲ ਫੋਨ ਵਿਚ ਫੋਟੋ ਲਈ ਅਤੇ ਫਿਰ ਉਸ ਔਰਤ ਨੂੰ ਫੋਟੋ ਦਿਖਾਉਂਦਿਆਂ ਕਿਹਾ, ਦੇਖੀਏ ਆਪ ਕਾ ਕਿਤਨਾ ਸੁੰਦਰ ਪ੍ਰੀਵਾਰ ਹੈ..।”ਮੇਰੇ ਹੱਥ ਵਿੱਚਲਾ ਪਰ੍ਹੇ ਧੱਕਦਿਆਂ ਕਿਹਾ, “ਬਾੜ ਮੇਂ ਜਾਏ ਪ੍ਰੀਵਾਰ.. ਮੈਨੇ ਇਸ ਸੇ ਕਯਾ ਲੇਨਾ। ”
ਜਦੋਂ ਨਾ ਹੀ ਮੰਨੀ ਤਾਂ ਅਸੀਂ ਬੱਚਿਆਂ ਨੂੰ ਤੇ ਉਸਨੂੰ ਬਾਹਰ ਜਾਣ ਗੱਲ ਨੂੰ ਕਹਿ ਦਿੱਤਾ ਕਿ ਸ਼ਾਇਦ ਉਸਦਾ ਦਿਲ ਪਸੀਜ ਜਏ ।ਉਹ ਬਾਹਰ ਜਾ ਕੇ ਬੈਠ ਗਏ। ਉਹਨਾਂ ਨਾਲ ਆਏ ਹਮਦਰਦ ਵਿਆਕਤੀ ਵੀ ਸਮਝਾਉਣ ਲਈ ਉਹਨਾਂ ਦੇ ਕੋਲ ਚਲੇ ਗਏ ਤੇ ਮੈਂ ਵੀ ਲਾਗੇ ਹੀ ਜਾ ਕੇ ਖੜ ਗਿਆ।
ਲੜਕੀ ਨੇ ਆਪਣੀ ਮਾਂ ਦਾ ਹੱਥ ਫੜ ਕੇ ਕਿਹਾ, “ਮੰਮੀ ਆਪ ਹਮਾਰੇ ਸਾਥ ਘਰ ਚਲੋ। ਹਮ ਸੇ ਆਪ ਕੋ ਕੋਈ ਦਿੱਕਤ ਨ੍ਹੀ ਹੋਗੀ। ਖਾਨਾ ਵੀ ਹਮ ਬਨਾਇਆ ਕਰੇਂਗੇ। “ਕਹਿੰਦੀ ਹੋਈ ਦਾ ਉਸਦਾ ਰੋਣ ਨਿਕਲ ਗਿਆ। ਉਹ ਬੋਲੀ. “ਹਮ ਨਹੀ ਜਾਏਂਗੇ ਘਰ । ਆਪ ਕਾ ਬਾਪ ਹਮੇਂ ਮਾਰਤਾ ਹੈ। “ਹੁਣ ਕੋਲ ਖੜਾ ਲੜਕਾ ਬੋਲ ਪਿਆ, “ਬਾਪ ਮਾਰਤਾ ਹੈ ਤੋ ਇਸ ਤਰਹਾ ਚਲੀ ਜਾਨਾ ਹੈ ਕਿਸੀ ਕੇ ਸਾਥ… ਵੋਹ ਵੀ ਹਮੇਂ ਛੋੜ ਕਰ। ”
ਹੁਣ ਮੈਨੂੰ ਉਹ ਚੋਦ੍ਹਾਂ ਪੰਦਰਾਂ ਸਾਲਾਂ ਲੜਕਾ ਭਰ ਜਵਾਨ ਨਜ਼ਰ ਆਇਆ ਸੀ। ਵੱਡਾ ਲੜਕਾ ਖੜਾ ਰਿਹਾ। ਛੋਟੇ ਦੋਵੇਂ ਬੱਚਿਆਂ ਨੇ ਆਪਣੀ ਮਾਂ ਦੇ ਪੈਰ ਫੜ ਲਏ, ਨਾਲੇ ਰੋਈ ਜਾਣ ਨਾਲੇ ਕਹੀ ਜਾਣ, “ਮਾਂ ਹਮਾਰੇ ਸਾਥ ਚਲੋ ਘਰ… ਮਾਂ ਹਮਾਰੇ ਸਾਥ ਚਲੋ ਘਰ। ”
ਉਹ ਗੁੱਸੇ ਵਿੱਚ ਉਠ ਕੇ ਖੜੀ ਹੋ ਗਈ ਤੇ ਬੋਲੀ, “ਰੇਲ ਕੀ ਪਟਰੀ ਪਰ ਬੈਠ ਜਾਓ। ਹਮ ਨਹੀ ਜਾਏਂਗੇ ਆਪ ਕੇ ਸਾਥ..। “ਛੋਟੇ ਬੱਚਿਆ ਦੀਆਂ ਲੇਰਾਂ ਨਿਕਲ ਗਈਆਂ।ਉਸ ਗੋਲ ਮਟੋਲ ਲੜਕੇ ਨੂੰ ਆਪਣੀ ਬੁੱਕਲ ਵਿਚ ਲੈਂਦਾ ਹੋਇਆ ਉਹਨਾਂ ਦਾ ਬਾਪ ਵੀ ਰੋ ਪਿਆ ਸੀ। ਕੋਲ ਖੜੇ ਹਮਦਰਦ ਵਿਆਕਤੀਆਂ ਦੀਆਂ ਵੀ ਰੋਂਦੇ ਹੋਏ ਬੱਚਿਆਂ ਨੂੰ ਦੇਖ ਅੱਖਾਂ ਭਰ ਆਈਆਂ ਸੀ। ਹੁਣ ਵੱਡਾ ਲੜਕਾ ਵੀ ਰੋ ਰਿਹਾ ਸੀ। ਜਦੋਂ ਉਸਨੇ ਪਿਆਰ ਦੀ ਹਰ ਭਾਸ਼ਾ ਅਤੇ ਭਾਵਨਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਹੌਲਦਾਰ ਨਿਰਮਲ ਸਿੰਘ ਨੇ ਆ ਕੇ ਦਬਕਾ ਮਾਰਿਆ।ਹੁਣ ਉਸਨੂੰ ਸਖਤੀ ਨਾਲ ਉਸਨੂੰ ਸਮਝਾਇਆ। ਤੇ ਉਹ ਡਰ ਗਈ ਤੇ ਉਹਨਾਂ ਨਾਲ ਘਰ ਜਾਣ ਲਈ ਰਾਜੀ ਹੋ ਗਈ। ਅਸੀਂ ਮਾੜੀ ਮੋਟੀ ਲਿਖਾ ਪੜ੍ਹੀ ਕਰਕੇ ਉਸਨੂੰ ਬੱਚਿਆਂ ਨਾਲ ਘਰ ਤੋਰ ਦਿੱਤਾ। ਬੱਚੇ ਖੁਸ਼ ਸਨ। ਮਨ ਨੂੰ ਸਕੂਨ ਸੀ ਕਿ ਭਾਵੇਂ ਕਿ ਸਖਤੀ ਨਾਲ ਹੀ ਸਹੀ ਪਰ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਮਿਲ ਗਈ ਸੀ।
ਦੂਜੇ ਦਿਨ ਘਰ ਤੋਂ ਤਰੋ ਤਾਜ਼ਾ ਹੋ ਕੇ ਡਿਊਟੀ ਤੇ ਪਹੁੰਚਦਾ ਹਾਂ ਤਾਂ ਅਜੇ ਵੀ ਮਨ ਕੱਲ੍ਹ ਬੱਚਿਆਂ ਦੀ ਖੁਸ਼ੀ ਲਈ ਨਿਭਾਈ ਗਈ ਡਿਊਟੀ ਦੀ ਖੁਸ਼ੀ ਨਾਲ ਭਰਿਆ ਪਿਆ ਸੀ । ਏਨੇ ਵਿਚ ਹੌਲਦਾਰ ਨਿਰਮਲ ਸਿੰਘ ਮੇਰੇ ਕੋਲ ਆਉਦਾ ਹੈ ਤੇ ਦੱਸਦਾ ਹੈ ਕਿ ਉਸ ਪ੍ਰਵਾਸੀ ਮਜ਼ਦੂਰ ਦੀ ਘਰਵਾਲੀ ਘਰੋਂ ਫਿਰ ਭੱਜ ਗਈ ਹੈ। ਉਹ ਉਸਦੇ ਕਮਰੇ ਵਿੱਚ ਜਾ ਕੇ ਆਇਆ ਹੈ, ਬੱਚੇ ਕੰਧਾਂ ਨਾਲ ਲਗ ਕੇ ਰੋਂਦੇ ਹੋਏ ਦੇਖੇ ਨਹੀਂ ਜਾ ਰਹੇ ਸੀ। ਸੁਣ ਕੇ ਮੇਰਾ ਤਰਾਹ ਨਿਕਲ ਗਿਆ। ਮਨ ਉਦਾਸ ਹੋ ਗਿਆ। ਜਿੰਨੀ ਦੇਰ ਮੈਂ ਹੋਰ ਕੰਮ ਵਿੱਚ ਮਸ਼ਰੂਫ ਨਹੀਂ ਹੋ ਗਿਆ, ਉਨ੍ਹੀ ਦੇਰ ਉਹਨਾਂ ਮਸੂਮਾਂ ਦੇ ਚਿਹਰੇ ਮੇਰੀਆਂ ਅੱਖਾਂ ਅੱਗੇ ਘੁੰਮਦੇ ਰਹੇ ਸਨ।
Jagtar Singh Hissowal -98783-30324-