ਨਰੈਣੀ { ਰੂਹ ਦੇ ਰਿਸ਼ਤੇ ਚੋਂ ਮੇਰੀ ਮਾਂ} ਅੱਜ ਤੋੰ ਪੈਂਤੀ ਸਾਲ ਪਹਿਲਾਂ ਦਾਜ ਦਾ ਕਿੰਨਾ ਹੀ ਸਮਾਨ ਲੈਕੇ ਆਈ ਸੀ। ਸਬਰਾਂ ਵਾਲੀ ਨੇ ਕਿਹੜਾ ਕਿਹੜਾ ਦੁੱਖ ਸੁੱਖ ਆਪਣੇ ਉਪਰ ਨਹੀਂ ਹੰਢਾਇਆ। ਪਰ ਕਦੇ ਆਪਣੇ ਸੰਜੋਗਾਂ ਨੂੰ ਲਾਹਨਤ ਨਹੀਂ ਪਾਈ। ਬਾਲਿਆਂ ਦੀ ਛੱਤ ਤੋਂ ਹੁਣ ਬੇਸੱਕ ਪਿੰਡ ਵਿਚਾਲੇ ਕੋਠੀ ਛੱਤ ਲਈ ਪਰ ਆਪਣੇ ਪੁੱਤ ਪੋਤਿਆਂ ਕੋਲ ਪੱਕੇ ਤੌਰ ਉੱਤੇ ਅੱਜ ਤੋੰ ਕੁੱਝ ਦਿਨ ਬਾਅਦ ਵਿਦੇਸ਼ ਜਾਣਾ ਸੀ।
ਮੰਜੇ ਦੀ ਬਾਹੀ ਦਾ ਸਹਾਰਾ ਲੈਕੇ ਉਠੀ ਨਰੈਣੀ ਨੇ ਨਵੀਂ ਕੋਠੀ ‘ ਚ ਪਏ ਆਪਣੇ ਦਾਜ ਵਾਲੇ ਸੰਦੂਕ ‘ ਚੋਂ ਆਪਣਾ ਸੂਟ ਕੱਢਿਆ ਅਤੇ ਆਪਣੇ ਸਮਾਨ {ਵਿਦੇਸ਼ ਲਿਜਾਣ} ਵਾਲੇ ਟੈਚੀ ਵਿੱਚ ਪਾ ਲਿਆ।
ਸਮਾਨ ਪੈੱਕ ਕਰਕੇ ਸਗਨ ਦੀ ਖ਼ਮਣੀ ਬੰਨ੍ਹਕੇ ਨਰੈਣੀ ਨੇ ਕਿਹਾ ਪ੍ਰਮਾਤਮਾਂ ਭਲੀ ਕਰੇ ਮਿਹਰ ਰੱਖੇ ਅਤੇ ਫਿਰ ਇੱਕ ਦਮ ਅੱਖਾਂ ਭਰ ਆਈ। ਸਾਇਦ ਉਸ ਪੈਂਤੀ ਸਾਲ ਪੁਰਾਣੇ ਵੇਲੇ ਨੂੰ ਯਾਦ ਕਰਕੇ। ਜਦ ਉਹ ਬੜੇ ਚਾਵਾਂ ਨਾਲ ਇਸ ਘਰੇ ਆਈ ਸੀ। ਸੰਦੂਕ ਨਾਲ ਖ਼ਮਣੀ ਬੰਨ੍ਹ ਚੌਲ ਖਿਲਾਰ ਨਰੈਣੀ ਦੀ ਮਾਂ ਨੇ ਕਿਹਾ ਸੀ ਵਾਹਿਗੁਰੂ ਭਲੀ ਕਰੇ।
ਜਿਸਨੇ ਮੈਨੂੰ ਕਈ ਵਾਰ ਬੁੱਕਲ ਵਿੱਚ ਲੈਕੇ ਕਿਹਾ ਮੈਂ ਤੇਰੀ ਮਾਂ ਹੀ ਹਾਂ। ਮੈਂ ਕਿਹਾ ਉਦਾਸ ਨਹੀਂ ਤੈਨੂੰ ਤਾਂ ਖੁਸ ਹੋਣਾ ਚਾਹੀਦਾ ਮਾਂ ਮੇਰੀਏ ਕਿਉਂਕਿ ਮੈਂ ਖੁਦ ਨਾਲ ਵਾਅਦਾ ਕੀਤਾ ਕਿ ਮੇਰੀ ਮਾਂ ਜਿਹੇ ਰਿਸ਼ਤੇ ਅਤੇ ਵੱਡੇ ਬਾਈ ਸਾਹਮਣੇ ਜਿਹੜਾ ਵੰਡ ਵੇਲੇ ਉਖੜੇ ਪੈਰਾਂ ਦੀ ਕਹਾਣੀ ਦੱਸਦਾ ਦੱਸਦਾ ਖੇਤ ਮੋਟਰ ਉੱਤੇ ਬੈਠੇ ਕਈ ਵਾਰ ਭਾਵੁਕ ਹੋਇਆ ਕਦੇ ਨਹੀਂ ਰੌਂਦਾ। ਉਹਨਾਂ ਸਾਹਮਣੇ ਮੇਰੀਆਂ ਅੱਖਾਂ ਦਾ ਪਾਣੀ ਬਹੁਤ ਸਸਤਾ ਹੈ। ਮੈਂ ਕਦੇ ਤੁਰਦੇ ਹੋਏ ਅੱਗੇ ਨਹੀਂ ਲੰਘਿਆ ਆਪਣੇ ਬਾਈ ਤੋਂ ਤਾਂ ਕਿ ਉਸਨੂੰ ਆਪਣੇ ਬਜ਼ੁਰਗ ਹੋਣ ਦਾ ਅਹਿਸਾਸ ਨਾ ਹੋਵੇ।
ਪਰ ਸੱਚ ਦੱਸਾਂ ਰਿਸ਼ਤੇ ਤਾਂ ਬਹੁਤ ਨੇ ਮੇਰੇ ਕੋਲ ਉਹਨਾਂ ਬਗੈਰ ਮੈਨੂੰ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਫਿਕਰ ਨਾ ਕਰਿਆ ਕਰ ਅਸੀਂ ਹੈਗੇ ਆਂ। ਸਭ ਇਹੀ ਕਹਿੰਦੇ ਕਿ ਤੇਰੇ ਸਿਰਤੇ ਮਾਂ ਅਤੇ ਭਰਾ ਹੈਨੀ ਫਿਕਰ ਕਰ ਲਿਆ ਕਰ। ਉਦੋਂ ਮੈਂ ਕੋਠੀ ਦੇ ਉਪਲੇ ਕਮਰੇ ਵਿੱਚ ਜਾਕੇ ਕਿੰਨਾ ਕਿੰਨਾ ਚਿਰ ਹਾਉਕੇ ਲੈਂਦਾ ਰਹਿੰਦਾ ਹਾਂ।
ਫਿਰ ਇਹ ਪੀੜ ਇੱਕ ਚੁੱਪ ‘ ਚ ਬਦਲ ਜਾਂਦੀ ਹੈ। ਇੱਕ ਪੀੜ ਉਹ ਜਿਹੜੀ ਬਾਈ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਲੈਕੇ ਆਇਆ। ਇੱਕ ਪੀੜ ਉਹ ਜੋ ਮੇਰੇ ਮਾਂ ਆਪਣੇ ਨਾਲ ਗੋਰਿਆਂ ਦੇ ਸ਼ਹਿਰ ਲੈ ਗਈ। ਅੰਤ : ਮੇਰੀ ਇਹੀ ਅਰਦਾਸ ਹੈ ਕਿ ਕਿਸੇ ਨੂੰ ਕਦੇ ਘਰ ਨਾ ਛੱਡਣਾ ਪਵੇ ਘਰ ਛੱਡਣੇ ਵੀ ਮੌਤ ਬਰਾਬਰ ਹੈ ਹੁੰਦੇ।
ਜਗਤਾਰ ਸਿੰਘ ਧਾਲੀਵਾਲ
ਭਗਵਾਨ ਗੜ੍ਹ ਭੁਖਿਆਂ ਵਾਲੀ {ਬਠਿੰਡਾ}