ਰੱਬ ਰਜਾਈਆਂ | rabb rajaiyan

ਰਾਜਪੁਰੇ ਡਾਲਡਾ ਫੈਕਟਰੀ ਦੇ ਐਨ ਕੋਲ ਸਾਡੀ ਪੱਕੀ ਠਾਹਰ ਹੋਇਆ ਕਰਦੀ..ਨਿੱਕਾ ਜਿਹਾ ਘਰ..ਵਡੇਰੀ ਉਮਰ ਦੀ ਇੱਕ ਮਾਤਾ..ਫੌਜੀ ਪੁੱਤਰ..ਨੌਕਰਾਣੀ ਕੁੜੀ ਅਤੇ ਉਸਦਾ ਭਰਾ..ਕਈ ਵੇਰ ਮਾਤਾ ਜੀ ਦੀ ਭੈਣ ਵੀ ਸਰਹਿੰਦ ਕੋਲ ਆਪਣੇ ਪਿੰਡੋਂ ਇਥੇ ਆ ਜਾਇਆ ਕਰਦੀ!
ਬੜਾ ਮੋਹ ਕਰਿਆ ਕਰਦੀ..ਛੁੱਟੀ ਆਇਆ ਵੀਰ ਵੀ ਕਿੰਨੀਆਂ ਗੱਲਾਂ ਮਾਰਦਾ..ਕਈ ਕੁਝ ਪੁੱਛਦਾ..ਅਸੀਂ ਅਕਸਰ ਚਾਰ ਜਣੇ ਹੀ ਹੁੰਦੇ..ਇਹ ਠਾਹਰ ਅਸੀਂ ਕਦੇ ਕਿਸੇ ਹੋਰ ਨਾਲ ਸਾਂਝੀ ਨਹੀਂ ਸੀ ਕੀਤੀ..!
ਸਾਡੇ ਨਾਲ ਕਰਨਾਲ ਅਸੰਧ ਵੱਲ ਦਾ ਇੱਕ ਹੌਲੀ ਉਮਰ ਦਾ ਮੁੰਡਾ ਹੋਇਆ ਕਰਦਾ..ਅਜੇ ਮੁੱਛ ਫੁੱਟ ਰਹੀ ਸੀ..ਬੜਾ ਤੇਜ..ਹਰ ਕੰਮ ਅੱਗੇ ਹੋ ਕੇ..ਨਿਤਨੇਮੀ..ਕਿਸੇ ਮੰਝੇ ਹੋਏ ਕੋਲੋਂ ਸੰਥਿਆ ਲਈ ਸੀ ..ਦਿੱਲੀ ਆਟੋ ਚਲਾਉਂਦਾ ਬਾਪ ਨਵੰਬਰ ਚੁਰਾਸੀ ਵੇਲੇ ਮੁੱਕ ਗਿਆ ਸੀ..ਹੁਣ ਦਾਦੀ ਕੋਲ ਪਿੰਡ ਰਹਿੰਦਾ ਸੀ..ਠਾਹਰ ਵਾਲੀ ਮਾਤਾ ਨੂੰ ਵੀ ਬੀਜੀ ਹੀ ਆਖਿਆ ਕਰਦਾ..ਉਹ ਉਸਦੀ ਬੜੀ ਉਚੇਚ ਕਰਦੀ..ਸਬਜੀ ਰੋਟੀ ਤੇ ਮੱਖਣ ਘਿਓ ਪਾ ਕੇ ਦਿੰਦੀ..ਸੁੱਤੇ ਪਏ ਉੱਤੇ ਚਾਦਰ ਦੇ ਜਾਂਦੀ..ਸਵਖਤੇ ਕਦੇ ਚਾਹ ਲਿਆਉਂਦੀ ਤਾਂ ਉਹ ਜਾ ਚੁੱਕਿਆ ਹੁੰਦਾ..ਕਦੇ ਨਹੀਂ ਪੁੱਛਿਆ ਕਿਥੋਂ ਆਏ ਜਾਂ ਕਿਥੇ ਜਾਣਾ..ਪਰ ਆਉਂਦੇ ਜਾਂਦੇ ਅਰਦਾਸ ਜਰੂਰ ਕਰਿਆ ਕਰਦੀ..ਅਕਸਰ ਆਖਿਆ ਕਰਦੀ ਜਿਉਂਦੇ ਜੀ ਥੋਨੂੰ ਤੱਤੀ ਵਾ ਨਹੀਂ ਲੱਗਣ ਦਿੰਦੀ!
ਇੱਕ ਵੇਰ ਅਸੀਂ ਦੋ ਜਣੇ ਹੀ ਗਏ..ਘੜੀ ਮੁੜੀ ਨਿੱਕੇ ਵੱਲੋਂ ਪੁੱਛੀ ਜਾਵੇ..ਦਿਨ ਢਲੇ ਅੱਪੜਿਆ ਤਾਂ ਉਸਦਾ ਮੱਥਾ ਹੀ ਚੁੰਮੀ ਗਈ..ਅਕਸਰ ਆਖਣਾ ਇਹ ਪਾਠ ਬੜਾ ਸੋਹਣਾ ਕਰਦਾ..ਲਿਵ ਲੱਗ ਜਾਂਦੀ..ਕਈ ਵੇਰ ਆਖਦੀ ਸੁਖਮਨੀਂ ਸਾਬ ਦਾ ਪਾਠ ਸੁਣਾ ਕੇ ਜਾਵੀਂ..ਉਹ ਵੀ ਕਦੇ ਨਾਂਹ ਨਾ ਕਰਦਾ!
ਇੱਕ ਵੇਰ ਨਵੇਂ ਸ਼ਹਿਰ ਕੋਲ ਇੱਕ ਬਹਿਕ ਤੇ ਕਿਸੇ ਘੇਰਾ ਪਵਾ ਦਿੱਤਾ..ਨਿੱਕਾ ਆਖਣ ਲੱਗਾ ਤੁਸੀਂ ਸਾਰੇ ਪਰਿਵਾਰਾਂ ਵਾਲੇ ਓ..ਨਿੱਕਲ ਜਾਵੋ..ਮੇਰਾ ਨਾ ਕੋਈ ਅੱਗੇ ਨਾ ਕੋਈ ਪਿੱਛੇ..ਉਸਦਾ ਆਖਰੀ ਹਥਿਆਰ ਗ੍ਰੰਥ ਸਾਬ ਦੀ ਸਹੁੰ ਪਵਾ ਦਿਆ ਕਰਦਾ!
ਅਗਲੇ ਦਿਨ ਤੜਕੇ ਖਬਰ ਪੜ ਲਈ..ਲੇਖੇ ਲੱਗ ਗਿਆ ਸੀ..ਮਸਲਾ ਬਣ ਗਿਆ ਕੇ ਬੀਜੀ ਨੂੰ ਕੀ ਦੱਸਾਂਗੇ..ਬੀਜੀ ਵੀ ਰੋਜ ਓਹੀ ਅਖਬਾਰ ਪੜਿਆ ਕਰਦੀ ਜਿਸ ਵਿਚ ਉਸਦਾ ਨਾਮ ਅਤੇ ਫੋਟੋ ਛਪੀ ਸੀ..!
ਰਾਜਪੁਰੇ ਅੱਪੜ ਇੱਕ ਸਿੰਘ ਨੂੰ ਘੱਲਿਆ..ਘੜੀ ਕੂ ਮਗਰੋਂ ਮੁੜ ਆਇਆ ਅਖ਼ੇ ਭਾਉ ਭਾਣਾ ਵਰਤ ਗਿਆ..ਆਂਢ-ਗਵਾਂਢ ਵੇਹੜੇ ਇਕੱਠਾ ਹੋਇਆ ਏ..ਦੋ ਦਿਨ ਪਹਿਲੋਂ ਸੁੱਤੀ ਪਈ ਤੜਕੇ ਉੱਠੀ ਹੀ ਨਹੀਂ..ਕਿਸੇ ਵੇਲੇ ਵੀ ਲੇਖੇ ਲੱਗ ਜਾਣ ਵਾਲਾ ਫੋਰਮੁੱਲਾ ਤੇ ਅਸੀਂ ਹਮੇਸ਼ਾਂ ਆਪਣੇ ਡੌਲੇ ਨਾਲ ਬੰਨਿਆ ਹੁੰਦਾ ਪਰ ਇਸ ਗੱਲ ਦੀ ਸਮਝ ਨਹੀਂ ਆਈ ਕੇ ਬੀਜੀ ਹਰ ਵੇਰ ਨਿੱਕੇ ਨੂੰ ਏਨੇ ਵਿਸ਼ਵਾਸ਼ ਨਾਲ ਕਿੱਦਾਂ ਆਖ ਦਿਆ ਕਰਦੀ ਕੇ ਜਿੰਨੀ ਦੇਰ ਜਿਉਂਦੀ ਹਾਂ ਤੈਨੂੰ ਕੁਝ ਨੀ ਹੋਣ ਦਿੰਦੀ..!
ਉਸ ਵੇਲੇ ਕੌਂਮ ਦੀਆਂ ਕੁਝ ਮਾਈਆਂ ਵਾਕਿਆ ਹੀ ਰੱਬ ਰਜਾਈਆਂ ਹੁੰਦੀਆਂ ਸਨ..ਉੱਪਰ ਵਾਲੇ ਦੀ ਉਚੇਚੀ ਬਖਸ਼ ਹੁੰਦੀ ਸੀ ਓਹਨਾ ਤੇ ਸ਼ਾਇਦ..ਤਾਂ ਹੀ ਅਖੀਰ ਤੀਕਰ ਕਹਿਣੀ ਕਥਨੀ ਵਿੱਚ ਪੂਰੀਆਂ ਹੋ ਉੱਤਰਦੀਆਂ ਸਨ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *