ਪਹਿਲੀ ਵੇਰ ਧੀ ਨੇ ਉੱਚੀ ਅੱਡੀ ਦੇ ਸੈਂਡਲ ਪਾਏ..ਬਿਲਕੁਲ ਮੇਰੇ ਬਰੋਬਰ ਆ ਗਈ ਸੀ..ਠੀਕ ਓਸੇ ਵੇਲੇ ਮੈਨੂੰ ਖੁਦ ਦੀਆਂ ਅੱਖਾਂ ਹੇਠ ਪੈ ਗਏ ਵੱਡੇ ਕਾਲੇ ਘੇਰੇ ਦਿਸੇ..ਇੰਝ ਲੱਗਾ ਇੱਕ ਵਿਸ਼ੇ ਵਿਚੋਂ ਅਵਵਲ ਤੇ ਦੂਜੇ ਵਿਚੋਂ ਫੇਲ ਹੋ ਗਈ ਹੋਵਾਂ..!
ਧੀ ਦੀ ਖੁਸ਼ੀ ਫਿੱਕੀ ਪੈ ਗਈ..ਦਹਾਕਿਆਂ ਤੋਂ ਚਕਾਚੌਂਦ ਕਰਦੇ ਆਏ ਹੁਸਨ ਦੇ ਇੱਕ ਉੱਚੇ ਚੁਬਾਰੇ ਵਿਚ ਪਹਿਲੀ ਦਰਾਰ ਪੈ ਗਈ ਸੀ..!
ਫੇਰ ਘੰਟਿਆਂ ਬੱਧੀ ਸ਼ੀਸ਼ੇ ਅੱਗੇ ਹੀ ਖਲੋਤੀ ਰਹੀ..ਸਿਖਰ ਦੁਪਹਿਰੀ ਅਤੀਤ ਜਵਾਨੀ ਬਹਾਰ ਸਭ ਕੁਝ ਅੱਖੀਆਂ ਅੱਗੇ ਘੁੰਮ ਗਿਆ..!
ਫੇਰ ਇੱਕ ਜ਼ੋਰਦਾਰ ਹੰਬਲਾ ਮਾਰਿਆ..ਵਾਲ ਸੰਵਾਰੇ ਕੀਤੇ..ਇਸ ਬੁਢਾਪੇ ਨੂੰ ਨੇੜੇ ਤੇੜੇ ਵੀ ਨਹੀਂ ਫਟਕਣ ਦੇਣਾ..ਕੀ ਸਮਝਦਾ ਆਪਣੇ ਆਪ ਨੂੰ..!
ਫੇਰ ਡਾਕਟਰ..ਸ਼ਪੇਸ਼ਲਿਸ੍ਟ..ਮਾਹਿਰ ਅਤੇ ਮੇਕਅੱਪ ਆਰਟਿਸਟ..ਚੈਨਲ ਰਸਾਲੇ..ਕਲਿੱਪਾਂ ਅਤੇ ਹੋਰ ਵੀ ਕਿੰਨੀਆਂ ਬਰੂਹਾਂ ਘਸਾ ਛੱਡੀਆਂ..ਮੂੰਹ ਮੰਗੀ ਫੀਸ ਦਿੱਤੀ..ਘਰੇ ਥੋੜਾ ਬਹੁਤ ਕਲੇਸ਼ ਵੀ ਪਿਆ ਰਿਹਾ..ਖਾਣ-ਪੀਣ..ਦੇਸੀ ਦਵਾਈ..ਹਕੀਮ..ਜੋਤਿਸ਼..ਬੰਗਾਲੀ ਬਾਬੇ ਬੇਗਮਾਂ ਸਿਆਣੇ ਪੁੱਛਾਂ ਦੱਸਾਂ ਵਾਲੇ ਅਤੇ ਹੋਰ ਵੀ ਕਿੰਨਾ ਕੁਝ..ਕਿਸੇ ਵੀ ਤਰਾਂ ਹੁਣ ਮੁੜ ਵੀਹ ਸਾਲ ਪਹਿਲੋਂ ਵਾਲੇ ਮੇਲੇ ਤੀਕਰ ਪਰਤ ਜਾਣਾ ਹੈ..!
ਕੁਝ ਅਣਜਾਣ ਨਜਰਾਂ ਜਦੋਂ ਸੁਭਾਵਿਕ ਹੀ ਮੇਰੇ ਚੇਹਰੇ ਤੇ ਆਣ ਟਿਕ ਜਾਂਦੀਆਂ ਤਾਂ ਇੰਝ ਲੱਗਦਾ ਅਜੇ ਬਹੁਤ ਕੁਝ ਬਾਕੀ ਏ..!
ਇੱਕ ਦਿਨ ਕਿਸੇ ਨੇ ਆਂਟੀ ਆਖ ਦਿੱਤਾ..ਸਾਰੀ ਰਾਤ ਨੀਂਦਰ ਹੀ ਨਾ ਪਈ..ਸਿਰਫ ਦਸ ਸਾਲ ਦਾ ਹੀ ਤਾਂ ਫਰਕ ਸੀ..ਇੱਕ ਵੇਰ ਤਾਂ ਅੱਧੀ ਰਾਤ ਜੀ ਕੀਤਾ ਓਸੇ ਵੇਲੇ ਉਸਦਾ ਸਿਰ ਹੀ ਪਾੜ ਆਵਾਂ..!
ਫੇਰ ਇੱਕ ਦਿਨ ਕੰਨਾਂ ਕੋਲ ਚਿੱਟੇ ਵਾਲਾਂ ਦੀ ਵੱਡੀ ਲਿਟ ਦਿਸੀ..ਇੰਝ ਲੱਗਿਆ ਕੋਈ ਸਾਜਿਸ਼ਾਂ ਘੜ ਰਿਹਾ ਸੀ..ਮੇਰੀ ਜਵਾਨੀ ਖਿਲਾਫ..ਅੱਜ ਤੀਕ ਹਫਤੇ ਵਿਚ ਸਿਰਫ ਇੱਕ ਦਿਨ ਖੁੱਲਣ ਵਾਲੀ ਡਾਈ ਵਾਲੀ ਸ਼ੀਸ਼ੀ ਹੁਣ ਦੋ ਵੇਰ ਖੁੱਲਣ ਲੱਗੀ..!
ਗਹੁ ਨਾਲ ਵੇਖਦੀ..ਵਾਲ ਤਾਂ ਕਾਲੇ ਸਨ ਸਿਰਫ ਜੜਾਂ ਹੀ ਚਿੱਟੀਆਂ ਹੋ ਜਾਂਦੀਆਂ..ਇਹ ਗਰਕ ਜਾਣੀਆਂ ਇੱਕ ਥਾਂ ਖਲੋ ਕਿਓਂ ਨਹੀਂ ਜਾਂਦੀਆਂ..ਮੇਰਾ ਵੱਸ ਚੱਲੇ ਤਾਂ ਇਹਨਾਂ ਦੀਆਂ ਜੜਾਂ ਪੱਕੀਆਂ ਹੀ ਡਾਈ ਵਿਚ ਡਬੋ ਦਿਆਂ..ਯੱਬ ਹੀ ਮੁੱਕ ਜਾਵੇ..!
ਮਨ ਹੀ ਮਨ ਹੌਲੀ ਉਮਰ ਨਾਲ ਚੱਲਦਾ ਇੱਕ ਪਾਸੜ ਮੁਕਾਬਲਾ..ਹਰੇਕ ਨਾਲ ਤੁਲਨਾ..ਨੀਮ ਪਾਗਲ ਜਿਹੀ ਹੋ ਗਈ ਸਾਂ..!
ਇੱਕ ਦਿਨ ਨਾਲਦਾ ਆਖਣ ਲੱਗਾ ਦਾਹੜੀ ਕਾਲੀ ਕਰਨੀ ਛੱਡ ਦੇਣੀ..ਸੰਸਾਰ ਜੰਗ ਛਿੜ ਗਈ..ਤੇਰੇ ਸਕੂਟਰ ਮਗਰ ਹੀ ਨਹੀਂ ਬਿਹਾ ਕਰਨਾ..ਕੋਈ ਆਖੂ ਪਿਓ ਧੀ ਤੁਰੇ ਜਾਂਦੇ..ਨਾ ਹੀ ਕਿਸੇ ਪਾਰਟੀ ਤੇ ਹੀ ਜਾਣਾ..ਚੋਵੀ ਘੰਟੇ ਦੀ ਚਿੰਤਾ..ਫਿਕਰ..ਸਵੈ-ਪੜਚੋਲ..ਕਸ਼ਮਕਸ਼..ਖਿੱਚੋ ਤਾਣ..ਇੰਜ-ਉਂਝ..ਉਧੇੜ ਬੁਣ..ਬੱਸ ਉਮਰ ਨੂੰ ਥੰਮ ਲੈਣਾ ਕਿਸੇ ਤਰਾਂ..ਕਿਸੇ ਕੀਮਤ ਤੇ..!
ਕਿਧਰੇ ਵੀ ਜਾਣਾ ਹੁੰਦਾ..ਇਹੋ ਫਿਕਰ..ਓਥੇ ਆਉਣਾ ਕਿੰਨੇ ਕਿੰਨੇ..ਓਹਨਾ ਦੀ ਬਾਹਰੀ ਦਿੱਖ..ਹੈਸੀਅਤ..ਗੱਲ ਕਰਨ ਦਾ ਲਹਿਜਾ..ਸੱਜਣ ਫੱਬਣ ਦੇ ਢੰਗ..ਨਾਜੋ ਨਖਰੇ..ਕਮੀਆਂ ਲੱਭਣ ਦੀ ਕਲਾ..ਚਮੜੀ ਦਾ ਰੰਗ..ਇਸ ਸਭ ਕੁਝ ਦੀ ਐਨ ਤਰਤੀਬ ਨਾਲ ਵਿਓਂਤਬੰਦੀ ਕਰਨੀ ਪੈਂਦੀ..ਇੱਕ ਇੱਕ ਕਦਮ ਫੂੰਕ ਫੂੰਕ ਕੇ ਰੱਖਣਾ ਪੈਂਦਾ..ਫੇਰ ਪਰਤਣ ਮਗਰੋਂ ਪੜਚੋਲ ਹੁੰਦੀ..ਕੌਣ ਕਿੱਦਾਂ ਲੱਗ ਰਿਹਾ ਸੀ..ਕੀ ਪਾਇਆ ਸੀ..ਕਿੰਨਾ ਮਹਿੰਗਾ..ਕਿਸਨੇ ਸਿਫਤ ਕੀਤੀ..ਤੇ ਕਿਸਨੇ ਚੋਬਾਂ ਲਾਈਆਂ..ਇਸਦੀ ਭਾਜੀ ਕਿੱਦਾਂ ਮੋੜਨੀ..ਤੇ ਕਦੋਂ ਮੋੜਨੀ!
ਅੱਜ ਹਸਪਤਾਲ ਦੇ ਸੁੰਨਸਾਨ ਕਮਰੇ ਵਿਚ ਕੱਲੀ ਪਈ ਹਾਂ..ਰੋਗ ਤੇ ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗਾ..ਪਰ ਆਲੇ ਦਵਾਲੇ ਸਿਰਫ ਤੇ ਸਿਰਫ ਵੱਡੇ ਡਾਕਟਰੀ ਉਪਕਰਨ..ਟਿੱਕ ਟਿੱਕ ਕਰਦੀਆਂ ਮਸ਼ੀਨਾਂ..ਦਵਾਈਆਂ ਕੈਪਸੂਲ..ਨਾਲੀਆਂ..ਜੋ ਸਿਰਫ ਤੇ ਸਿਰਫ ਡਰਾ ਹੀ ਰਹੇ ਹਨ..ਤੂੰ ਹੁਣ ਸਾਡੇ ਆਸਰੇ ਹੀ ਜਿਉਂਦੀ ਹੈਂ..!
ਸੱਜੀ ਬਾਂਹ ਦੀ ਮੋਟੀ ਨਾੜ ਵਿੱਚ ਖੋਭੀ ਹੋਈ ਤਿੱਖੀ ਸੂਈ ਪਤਾ ਨੀ ਮੈਨੂੰ ਕੁਝ ਦੇ ਰਹੀ ਏ ਕੇ ਮੈਥੋਂ ਕੁਝ ਲੈ ਰਹੀ ਏ ਪਰ ਅਸਲੀਅਤ ਇਹ ਕੇ ਮੇਰੇ ਕੋਲ ਹੁਣ ਦੇਣ ਜੋਗਾ ਕੁਝ ਬਚਿਆ ਹੀ ਨਹੀਂ..ਸਿਵਾਏ ਪਛਤਾਵੇ ਦੇ..ਉਹ ਪਛਤਾਵਾ ਜਿਹੜੇ ਹਲੂਣਾ ਦਿੰਦਾ ਪੁੱਛੀ ਜਾ ਰਿਹਾ..ਤੂੰ ਕਿੰਨਾ ਚੱਕਰਾਂ ਵਿੱਚ ਜਿੰਦਗੀ ਦੇ ਸੁਨਹਿਰੀ ਪਲ ਗਵਾ ਦਿੱਤੇ?
ਦੂਜਿਆਂ ਨੂੰ ਖੁਸ਼ ਹੀ ਕਰਦੀ ਰਹੀ..ਬਨਾਉਟੀ ਚਕਾਚੌਂਦ..ਥੋੜ ਚਿੜੀ ਮੰਗਵੀਂ ਖੁਸ਼ੀ..ਸਿਫਤਾਂ ਸਲਾਹੁਤਾਂ..ਜਿਸਦਾ ਨਸ਼ਾ ਕੁਝ ਦਿਨ ਚੜਿਆ ਰਹਿੰਦਾ..ਮੁੜ ਉੱਤਰ ਜਾਂਦਾ..ਫੇਰ ਤੋਟ ਲੱਗਣ ਲੱਗਦੀ..ਸ਼ਰਾਬੀ ਨੂੰ ਅਗਲੀ ਸੁਵੇਰ ਲੱਗਦੀ ਤਿੱਖੀ ਭੰਨ ਵਾਂਙ..ਓਹੀ ਗਦੀ-ਗੇੜ..ਚੱਕੀ ਦੇ ਪੁੜ..ਖੂਹ ਦੀਆਂ ਟਿੰਡਾ..ਕੋਹਲੂ ਦੇ ਬੈਲ ਵਾਂਙ ਚੱਕਰ ਕੱਟਦੇ..!
ਦੋਸਤੋ ਕਨੇਡਾ ਦੀ ਇੱਕ ਚਰਚ ਦੇ ਬਾਹਰ ਲਿਖਿਆ ਪੜਿਆ ਸੀ..ਬੁਢੇਪਾ ਇੱਕ ਐਸੀ ਨਿਆਮਤ ਜੋ ਹਰੇਕ ਨੂੰ ਨਸੀਬ ਨਹੀਂ ਹੁੰਦੀ”
ਜੇ ਨਹੀਂ ਵਿਚਵਾਸ਼ ਤਾਂ ਵੀਹ-ਵੀਹ ਸਾਲ ਦੇ ਦਿਲ ਦੇ ਦੌਰੇ ਨਾਲ ਮੁੱਕ ਗਏ ਚੋਬਰਾਂ ਦੀਆਂ ਬਕਸਿਆਂ ਵਿੱਚ ਬੰਦ ਲੋਥਾਂ ਚੇਤੇ ਕਰ ਲੈਣਾ!
ਹਰਪ੍ਰੀਤ ਸਿੰਘ ਜਵੰਦਾ