ਕੁੱਲੂ ਮਨਾਲੀ | kullu manali

ਕੁੱਲੂ ਮਨਾਲੀ ਜਾਣ ਤੋ ਬਾਅਦ ਹਰ ਕਿਸੇ ਦੀ ਰੋਹਤਾਂਗ ਪਾਸ ਜਾਣ ਦੀ ਕੋਸ਼ਿਸ਼ ਹੁੰਦੀ ਹੈ। ਕਿਓਕੀ ਓਥੇ ਫਰੀਜਰ ਵਰਗੀ ਠੰਡ ਹੁੰਦੀ ਹੈ ਤੇ ਬਰਫ਼ ਦੇ ਪਹਾੜ ਹੁੰਦੇ ਹਨ। ਰੋਹਤਾਂਗ ਦੇ ਰਸਤੇ ਵਿਚ ਗਰਮ ਕਪੜਿਆਂ ਦੀਆਂ ਸੈਕੜੇ ਦੁਕਾਨਾ ਹਨ ਜਿੰਨਾ ਤੇ ਸਿਫਤ ਨੰਬਰ ਲਿਖਿਆ ਹੁੰਦਾ ਹੈ। ਇਸ ਨਾਲ ਦੁਕਾਨ ਦੀ ਪਹਚਾਨ ਦੂਰੋਂ ਹੀ ਹੋ ਜਾਂਦੀ ਹੈ। ਸੂਟ ਤੇ ਬੂਟ ਕਿਰਾਏ ਤੇ ਮਿਲਦੇ ਹਨ। ਓਹ ਸਿੰਗਲ ਪੀਸ ਸੂਟ ਹੁੰਦੇ ਹਨ ਯਾਨੀ ਟਰੈਕ ਸੂਟ ਤੇ ਟੋਪੀ ਜੁੜੀ ਹੁੰਦੀ ਹੈ। ਅਜੇਹੇ ਸੂਟ ਪਾਉਣੇ ਤੇ ਲਾਹੁਣੇ ਔਖੇ ਹੁੰਦੇ ਹਨ। ਅਸੀਂ ਵੀ ਕੇਰਾਂ ਉੱਧਰ ਘੁੰਮਣ ਗਏ ਸਾਡੇ ਨਾਲ ਮੈਡਮ ਕੰਵਲਜੀਤ ਕੌਰ ਉਸਦੇ ਹਸਬੈਂਡ ਗੁਰਮੀਤ ਸਿੰਘ ਤੇ ਜੁਆਕ ਵੀ ਸਨ। ਅਸੀਂ ਵੀ ਰਸਤੇ ਵਿਚ ਸਾਰਿਆਂ ਦੇ ਸੂਟ ਕਿਰਾਏ ਤੇ ਲੈ ਕੇ ਪਹਿਨ ਲਏ। ਤੇ ਭਾਲੂ ਜਿਹੇ ਬਣ ਗਏ। ਸਾਰੇ ਯਾਤਰੀ ਹੀ ਸਾਡੇ ਵਾਂਗੂ ਭਾਲੂ ਬਣੇ ਹੋਏ ਸਨ। ਰੋਹਤਾਂਗ ਰਸਤੇ ਵਿਚ ਇੱਕ ਮੜੀ ਨਾਮਿਕ ਕਸਬਾ ਆਉਂਦਾ ਹੈ ਓਥੇ ਲੋਕੀ ਚਾਹ ਪਾਣੀ ਲੈਂਦੇ ਹਨ ਵਾਹਵਾ ਰੋਣਕ ਹੁੰਦੀ ਹੈ ਛੋਟਾ ਜਿਹਾ ਬਜਾਰ ਹੈ .ਹਰ ਵਹੀਕਲ ਓਥੇ ਰੁਕਦਾ ਹੈ ਓਥੇ। ਤੇ ਬਹੁਤੇ ਲੋਕ ਪੇਸ਼ਾਬ ਆਦਿ ਵੀਓਥੇ ਹੀ ਕਰਦੇ ਹਨ। ਦੋ ਤਿੰਨ ਛੋਟੇ ਛੋਟੇ ਢਾਬੇ ਵੀ ਹਨ। ਭੁੰਨੀ ਮੱਕੀ ਵੀ ਮਿਲਦੀ ਹੈ ਮੋਟੀ ਕਮਾਈ ਕਰਦੇ ਹਨ ਓਹ ਲੋਕ।
ਭੈਣੇ ਮੈ ਚਲੀ ਤਾਂ ਗਈ ਬਾਥ ਰੂਮ। ਪਰ…………………
ਪਰ ……………ਕੀ ਹੋਇਆ। ਨਾਲ ਵਾਲੀ ਨੇ ਪੁਛਿਆ।
ਭੈਣੇ ਓਧਰੋ ਤਾਂ ਪੇਸ਼ਾਬ ਦਾ ਪ੍ਰੇਸ਼ਰ ਤੇ ਓਧਰੋ ਆ ਸੂਟ ਨਾ ਉਤਰੇ ।
ਫਿਰ ਕੀ ਹੋਇਆ।
ਗੱਲ ਜਾਣਾ ਸੂਟ ਇੱਕੋ ਸੀ ਨਾ। ਸਮਝ ਨਾ ਆਵੇ ਇਸਦੀ ਜਿੱਪ ਕਿਵੇ ਖੋਹਲਾਂ।
ਫਿਰ ?
ਫਿਰ ਮੈ ਤਾਂ ਊਂ ਹੀ ਵਾਪਿਸ ਆਗੀ। ਉਸ ਨੇ ਭੋਲਾ ਜਿਹਾ ਮੂੰਹ ਬਣਾ ਕੇ ਕਿਹਾ।
ਮੇਰੇ ਨਾਲਦੇ ਟੇਬਲ ਤੇ ਬੈਠੀਆਂ ਮੋਗੇ ਵੱਲ ਦੀਆਂ ਦੋ ਬੀਬੀਆਂ ਦੀ ਵਾਰਤਾਲਾਪ ਸੁਣ ਕੇ ਮੈਨੂ ਸਮਝ ਨਾ ਆਈ ਕਿ ਓਹ ਊਂ ਈ ਕਿਵੇ ਵਾਪਿਸ ਆ ਗਈ। ਅਜੇ ਤਾਂ ਓਹਨਾ ਨੇ ਰੋਹਤਾਂਗ ਪਾਸ ਜਾਣਾ ਸੀ। ਤੇ ਫਿਰ ਸ਼ਾਮ ਨੂ ਵਾਪਿਸ ਆਉਣਾ ਸੀ।
ਫਿਰ ਸਮਝ ਲੱਗੀ ਇਹ ਸੂਟ ਤਾਂ ਕਿਰਾਏ ਦੇ ਸਨ ਤੇ ਗਿੱਲੇ ਹੋਣ ਨਾਲ ਕੋਈ ਫਰਕ ਨਹੀ ਪੈਂਦਾ।
ਫਿਰ ਮੈ ਤਾਂ ਊਂ ਹੀ ਵਾਪਿਸ ਆਗੀ। ……………..ਵਾਲੀ ਗੱਲ ਦੀ ਬਹੁਤ ਬਾਅਦ ਸਮਝ ਲੱਗੀ। ਰੱਬ ਕਰੇ ਤੁਹਾਨੂ ਵੀ ਸਮਝ ਲੱਗ ਜਾਵੇ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *