“ਹੈਲੋ, ਕੋਣ ਬੋਲਦਾ ਹੈ?ਮੇਸ਼ਾ ਕਿ ਛਿੰਦਾ?”
“——”
“ਮੈਂ ਭੂਆ ਬੋਲਦੀ ਹਾਂ ਜੈਤੋ ਤੋਂ।ਪੁੱਤ ਕਈ ਦਿਨ ਹੋਗੇ ਫੂਨ ਮਿਲਾਉਂਦੀ ਨੂੰ। ਕਿਸੇ ਨੇ ਚੁਕਿਆ ਹੀ ਨਹੀ। ਅੱਜ ਹੀ ਪਿਲਸ਼ਨ ਮਿਲੀ ਸੀ । ਮੈ ਆਖਿਆ ਪਹਿਲਾ ਮੈ਼ ਪੇਕੇ ਗੱਲ ਕਰ ਲਞਾਂ। ਫੇਰ ਪੈਸੇ ਸਾਰੇ ਖਰਚੇ ਜਾਂਦੇ ਹਨ ਤੇ ਗੱਲ ਕਰਨ ਨੂੰ ਤਰਸਦੀ ਹਾਂ।ਨਾਲੇ ਭਾਂਮੇ ਜਿੰਨੇ ਮਰਜੀ ਪੈਸੇ ਲੱਗ ਜਾਣ ਖੁਲ੍ਹੀਆਂ ਗੱਲਾਂ ਕਰੂਗੀ। ਜੇ ਇੱਕ ਦਿਨ ਚਾਹ ਦੁੱਧ ਨਾ ਵੀ ਪੀਊਂਗੀ ਤਾਂ ਕੋਈ ਮੇਰੇ ਸਾਹ ਨਹੀ ਨਿਕਲਦੇ। ਮੈਨੂੰ ਸੋਡੇ ਨਾਲ ਗੱਲਾਂ ਕਰਨ ਦੀ ਸਿੱਕ ਜਿਹੀ ਰਹਿੰਦੀ ਹੈ। ਮੇਰਾ ਹੋਰ ਕੋਣ ਹੈ ਜਿਸ ਨਾਲ ਮੈ ਦਿਲ ਹੌਲਾ ਕਰ ਲਵਾਂ। ਪਹਿਲਾ ਤਾਂ ਬਾਈ ਹੰਦਾ ਸੀ ।ਅਸੀ ਆਪ ਹੀ ਦਸ ਦਸ ਦਿਨ ਪੇਕੇ ਲਾ ਜਾਂਦੀਆਂ ਸੀ। ਜੇ ਨਾ ਆਉਂਦੀਆਂ ਤਾਂ ਉਹ ਗੁੱਸੇ ਹੋ ਜਾਂਦਾ। ਭਾਬੀ ਹੀ ਭੇਜ਼ ਦਿੰਦੀ ਬਾਈ ਨੂੰ ਸਾਡਾ ਪਤਾ ਲੈਣ।ਬਥੇਰਾ ਕਰਦੀ ਸੀ ਭਾਬੀ ਵੀ ਸਾਡਾ।ਪਰ ਜਦੋ ਦਾ ਬਾਈ ਮੁਕਿਆ ਹੈ ਹੁਣ ਉਹ ਗੱਲ ਨਹੀ ਰਹੀ।ਹੁਣ ਤਾਂ ਉਹ ਵਿਚਾਰੀ ਆਪ ਹੀ ਬੇਵੱਸ ਹੈ।ਉਸਨੁੰ ਹੀ ਨਹੀ ਕੋਈ ਸੁਣਦਾ। ਤੇ ਸੋਡੇ ਕੋਲੇ ਤਾਂ ਸੁਖ ਨਾਲ ਟੈਮ ਨਹੀ ਕਿਸੇ ਦਾ ਦੁੱਖ ਸੁੱਖ ਸੁਨਣ ਦਾ। ਭਾਈ ਬਾਹਲੇ ਕੰਮ ਹੈ ਸੋਨੂੰ ਤਾਂ ——-”
ਸੱਤਰ ਅੱਸੀ ਸਾਲਾ ਵਿਰਲੇ ਵਿਰਲੇ ਦੰਦਾ ਵਾਲੀ ਗੋਰੇ ਨਿਛੋਹ ਰੰਗ ਦੀ ਬਿਰਧ ਮਾਈ ਕਈ ਵਾਰੀ ਹੱਥ ਚ ਦੋ ਦਾ ਜਾ ਪੰਜ ਦਾ ਫਟਿਆ ਜਿਹਾ ਨੋਟ ਫੜ੍ਹੀ ਮੇਰੇ ਪੀ ਸੀ ਓ ਤੇ ਫੋਨ ਕਰਨ ਆਉਂਦੀ ਤੇ ਮੈਨੂੰ ਹੀ ਨੰਬਰ ਮਿਲਾਉਣ ਲਈ ਕਹਿੰਦੀ। ਬਠਿੰਡੇ ਮਿਲਾਦੇ ਕਾਕਾ ਦੋ ਦੂਏ ਸਿਫਰ ਸਾਤਾ ਤੀਆ ਸਾਤਾ ਖੋਰੇ ਨੋ ਹੈ ਪਿੱਛੇ । ਮੈਂ ਭੁੱਲ ਜਾਂਦੀ ਹਾਂ। ਮੇਰੇ ਬਾਈ ਨੇ ਆਪ ਲਿਖਕੇ ਦਿੱਤਾ ਸੀ ਫੂਨ ਨੰਬਰ ਅੱਠ ਸਾਲ ਹੋਗੇ ਕਾਗਜ ਤੇ ।ਹੁਣ ਤੇ ਕਾਗਜ ਵੀ ਪਾਟ ਗਿਆ। ਪੁੱਤ ਮੂਹਰੇ ਦੂਆ ਲਾ ਲਿਆ ਸੀ ਨਾ? ਮੈਨੂੰ ਉਹ ਅਕਸਰ ਪੁੱਛਦੀ । ਮੈਨੂੰ ਪਤਾ ਹੈ ਕਿ ਬਠਿੰਡੇ ਦੇ ਨੰਬਰ ਸੱਤ ਅੱਖਰਾਂ ਦੇ ਹਨ ਤੇ ਮੈ ਬਿਨਾ ਆਖੇ ਹੀ ਦੂਆ ਲਾ ਲੈਂਦਾ।ਘੰਟੀ ਜਾਂਦੀ ਪਰ ਕੋਈ ਫੋਨ ਨਾ ਚੁੱਕਦਾ ।ਮਾਈ ਦੇ ਦੱਸਣ ਮੁਤਾਬਿਕ ਸਾਰੇ ਡਿਊਟੀਆਂ ਤੇ ਚਲੇ ਜਾਂਦੇ ਹਨ। ਤੇ ਘਰੇ ਉਸਦੀ ਭਾਬੀ ਇੱਕਲੀ ਹੁੰਦੀ ਹੈ ਤੇ ਇੱਕਲੀ ਦਾ ਜਦੋ ਜੀ ਡੁਬਦਾ ਹੈ ਤੇ ਉਹ ਕੋਠੀ ਨੂੰ ਤਾਲਾ ਲਾਕੇ ਬਾਹਰ ਗੇਟ ਮੂਹਰੇ ਬੈਠ ਜ਼ਾਂਦੀ ਹੈ ਮੰਜੀ ਤੇ ।ਇਸ ਲਈ ਦਿਨੇ ਕੋਈ ਫੋਨ ਨਹੀ ਚੁੱਕਦਾ।ਤੇ ਅੱਜ ਉਹ ਪੈਨਸ਼ਨ ਲੈ ਕੇ ਸਿੱਧੀ ਫੋਨ ਕਰਨ ਆ ਗਈ।ਤੇ ਹੁਣ ਉਸਦਾ ਫੋਨ ਵੀ ਝੱਟ ਮਿਲ ਗਿਆ।
“ ਹੋਰ ਭਾਬੀ ਦਾ ਕੀ ਹਾਲ ਹੈ।ਠੀਕ ਰਹਿੰਦੀ ਹੈ? ਸੁਣਿਆ ਹੈ ਮੇਸ਼ੇ ਦਾ ਮੰਡਾ ਵੀ ਕੋਈ ਵੱਡਾ ਅਫਸਰ ਬਣ ਗਿਆ। ਖੋਣੀ ਕੋਣ ਦਸਦਾ ਸੀ ਪਰਸੋ ।ਤੇਰੀ ਵੀ ਤਰੱਕੀ ਹੋ ਗਈ। ਮੈ ਕਿਸੇ ਭੋਗ ਤੇ ਗਈ ਸੀ ਗੋਨੇ ਆਣੇ। ਮੈਨੂੰ ਸੀ ਚਲੋ ਕੋਈ ਨਾ ਕੋਈ ਤਾਂ ਮਿਲੂ ਪੇਕਿਆਂ ਦਾ । ਤੁਸੀ ਤਾਂ ਭਾਈ ਕੋਈ ਨਾ ਬਹੁੜਿਆ ਓਥੇ।ਸੋਡੇ ਕੋਲੇ ਵੇਹਲ ਕਿੱਥੇ? ਪਿੰਡੋ ਵੱਡੇ ਬਾਈ ਕੇ ਆਏ ਸੀ ਉਹ ਦੱਸਦੇ ਸੀ। ਨਾਲੇ ਸੇਮੇ ਦੇ ਮੰਡੇ ਦੇ ਵਿਆਹ ਬਾਰੇ। ਅਖੇ ਬਹੁਤਾ ਕੱਠ ਤਾਂ ਨਹੀ ਕੀਤਾ।ਇੱਕੋ ਬੱਸ ਹੀ ਗਈ ਸੀ। ਆਂਦੇ ਨਾ ਭੈਣ ਆਈ ਤੇ ਨਾ ਪ੍ਰਾਹੁਣਾਂ ਆਇਆ।ਜੁਆਕਾਂ ਨੇ ਤਾਂ ਆਉਣਾਂ ਕੀ ਸੀ। ਹਾਹੋ ਭਾਈ ਜਦੋ ਭੈਣ ਹੀ ਨਹੀ ਆਈ ਤਾਂ ਭੂਆਂ ਨੂੰ ਕੋਣ ਪੁਛਦਾ ਹੈ।ਅੱਜ ਕਲ੍ਹ ਤਾਂ ਭਾਈ ਬਸ ਸਾਰੇ ਆਪਣੇ ਜੁਆਕਾ ਦੇ ਮਗਰ ਹੀ ਲੱਗਦੇ ਹਨ। ਤੇ ਸਹੁਰੇ ਹੀ ਸਭ ਕੁਝ ਹੈ ।ਤੁਹਾਨੂੰ ਤੇ ਸਾਲੇ, ਸਾਲੀਆਂ ਤੇ ਸਾਲੇਹਾਰਾ ਹੀ ਦਿੱਸਦੀਆਂ ਹਨ। ਸੱਸ ਸਹੁਰਾ ਹੀ ਮੰਮੀ ਡੈਡੀ ਬਣੇ ਪਏ ਹਨ ਤੁਹਾਡੇ। ਘਰੇ ਮਾਂ ਦੀ ਕੋਈ ਸੁਧ ਨਹੀ ਲੈਦਾ। ਅਖੇ ਬੀਜੀ ਤਾਂ ਊਈ ਬੋਲੀ ਜ਼ਾਂੰਦੇ ਹਨ ਸਾਰਾ ਦਿਨ। ਬੀਜੀ ਨੂੰ ਤਾਂ ਬਸ ਆਪਣੀ ਧੀ ਹੀ ਦਿਸਦੀ ਹੈ । ਗਲਗਿਉ ਜੇ ਤੁਸੀ ਮਾਂ ਦੀ ਸੁੱਧ ਲਓ ਤਾਂ ਉਹ ਸਾਰਾ ਦਿਨ ਧੀ ਨੂੰ ਕਿਉ ਯਾਦ ਕਰੇ। ਨਾਲੇ ਧੀ ਨੂੰ ਤੁਸੀ ਦੋ ਪੁੜਾ ਵਿਚਾਲੇ ਫਸਾ ਰੱਖਿਆ ਹੈ।ਉਹ ਘਰੋਂ ਵੀ ਤੰਗ ਤੇ ਤੁਸੀ ਵੀ ਕੋਡੀਆਂ ਦੇ ਭਾਅ ਨਹੀ ਸਿਆਣਦੇ ਉਸ ਨੂੰ।ਤੇ ਸੋਹਰੇ ਘਰ ਵੀ ਕੱਖੋਂ ਹੋਲੀ ਕਰ ਰੱਖਿਆ ਹੈ ਵਿਚਾਰੀ ਨੂੰ।—”
ਮੈਂ ਵਾਰੀ ਵਾਰੀ ਸਾਹਮਣੇ ਲੱਗੇ ਮੀਟਰ ਵੱਲ ਝਾਤੀ ਮਾਰਦਾ ਹਾਂ।ਬੱਤੀ ਰੁਪਏ ਸੱਤਰ ਪੈਸੇ। ਫਿਰ ਮਾਈ ਨੇ ਪੈਸੇ ਦੇਣ ਲੱਗੀ ਨੇ ਚਿੜ ਚਿੜ ਕਰਨਾ ਹੈ।ਪਹਿਲਾਂ ਇਹ ਲੰਬੀ ਗੱਲ ਕਰਨ ਲੱਗੀਆਂ ਸੋਚਦੀਆਂ ਨਹੀ ਤੇ ਪੈਸੇ ਦੇਣ ਵੇਲੇ ਇਹਨਾ ਦੇ ਸਾਹ ਨਿਕਲਦੇ ਹਨ। ਪਰਸੋ ਵੀ ਇੱਕ ਮਾਈ ਜਿਉ ਲੱਗੀ ਧੀ ਨਾਲ ਗੱਲਾਂ ਮਾਰਨ ਉੱਘ ਪਤਾਲ ਦੀਆਂ। ਸਾਰੇ ਕਬੀਲੇ ਦੀਆਂ ਚੁਗਲੀਆਂ ਕਰੀ ਗਈ ਤੇ ਜਦੋ ਮੈ ਆਖਿਆ ਬਾਈ ਰੁਪਈਏ ਹੋਗੇ ਤਾਂ ਵੀਹ ਦਾ ਨੋਟ ਸੁੱਟ ਕੇ ਔਹ ਗਈ ਅਖੇ ਤੁਸੀ ਤਾਂ ਲੁੱਟ ਮਚਾ ਰੱਖੀ ਹੈ। ਇਹੀ ਸੋਚ ਕੇ ਮੈ ਮਾਈ ਨੂੰ ਇਸ਼ਾਰਾ ਕੀਤਾ ਕਿ ਮਾਈ ਪੈਤੀ ਰੁਪਈਏ ਹੋ ਗਏ ਬਸ ਕਰ। ਕਹਿੰਦੀ ਮੈ ਪੇਕਿਆਂ ਨਾਲ ਗੱਲ ਕਰ ਰਹੀ ਹਾਂ ਤੂੰ ਪੈਸਿਆ ਦਾ ਫਿਕਰ ਨਾ ਕਰ ਤੇ ਆਹ ਚੱਕ ਸੋ ਦਾ ਨੋਟ ।ਬਾਕੀ ਗੱਲ ਇਹ ਵੀ ਸੀ ਕਿ ਮੇਰੀ ਮਾਈ ਦੀ ਵਾਰਤਾ ਵਿੱਚ ਦਿਲਚਸਪੀ ਸੀ। ਕਾਫੀ ਖਰੀਆਂ ਖਰੀਆਂ ਸੁਣਾ ਰਹੀ ਸੀ ਸਾਇਦ ਆਵਦੇ ਭਤੀਜੇ ਨੂੰ।
“ ਨਾ ਸੋਨੂੰ ਸ਼ਰਮ ਨਾ ਆਈ ਤੁਸੀ ਪਹਿਲੇ ਮੁੰਡੇ ਦੇ ਵਿਆਹ ਤੇ ਵੀ ਧੀ ਨੂੰ ਟਾਲ ਦਿੱਤਾ। ਅਖੇ ਅਸੀ ਕੀ ਕਰੀਏ। ਪਰਾਹੁਣਾ ਹੀ ਕੱਬਾ ਹੈ ।ਉਹ ਆਇਆ ਹੀ ਨਹੀ। ਪਰ ਤੁਸੀ ਕਿਸੇ ਨੇ ਉਹਨੂੰ ਫੋਨ ਕੀਤਾ?। ਚੰਦਰਿਓ ਤੁਸੀ ਮਾਂ ਦਾ ਮੂੰਹ ਵੀ ਬੰਨ ਦਿੱਤਾ।ਅਖੇ ਖਬਰਦਾਰ ਜੇ ਤੂੰ ਫੂਨ ਕੀਤਾ ਤਾਂ। ਨਹੀ ਆਉਂਦੇ ਤਾਂ ਨਹੀ ਸਹੀ। ਜੇ ਉਹ ਨਹੀ ਆਉਂਦੇ ਤਾਂ ਉਹਨਾ ਦੇ ਕੌਣ ਜਾਊ।ਤੁਸੀ ਧੀ ਧਿਆਣੀ ਨਾਲ ਅੜੀਆਂ ਲਾ ਲਈਆਂ। ਸੋਨੂੰ ਰਤਾ ਵੀ ਸੰਗ ਨਹੀ ਆਈ ਓਥੇ ਨੱਚਦਿਆਂ ਨੂੰ । ਚਲੋ ਫਿਰ ਦੂਜੀ ਵਾਰੀ ਵੀ ਤੁਸੀ ਸਾਰੇ ਦੜ੍ਹ ਵੱਟ ਗਏੇ। ਤੇ ਸੇਮੇ ਦੇ ਮੰਡੇ ਦੇ ਵਿਆਹ ਤੇ ਵੀ ਧੀ ਨੂੰ ਟਾਲ ਦਿੱਤਾ। ਸੋਨੂੰ ਭੈਣ ਤੇ ਤਾਂ ਤਰਸ ਨਹੀ ਆਇਆ ਪਰ ਮਾਂ ਤੇ ਤਾਂ ਤਰਸ ਕਰ ਲੈਦੇ।ਦੋਹਤੇ ਦੋਹਤੀਆਂ ਨੂੰ ਨਾ ਵੇਖ ਕੇ ਉਸਦਾ ਕਿਵੇ ਕਾਲਜਾ ਬਾਹਰ ਨੂੰ ਆਉਂਦਾ ਹੋਊ। ਤੁਹਾਨੂੰ ਕਿਸੇ ਕੰਜਰ ਨੇ ਅਕਲ ਨਹੀ ਦਿੱਤੀ।ਤੁਸੀ ਚਾਰੇ ਟੋਰੇ ਛੱਡਕੇ ਬਰਾਤ ਚੜ੍ਹ ਗਏ। ਤੁਹਾਨੂੰ ਸਰੀਕੇ ਕਬੀਲੇ ਤੋ ਵੀ ਡਰ ਨਹੀ ਲੱਗਿਆ । ਤੁਸੀ ਸਾਰਿਆਂ ਨੇ ਮੂੰਹ ਮਿੱਟੀ ਮਲ ਲਈ। ਏਹੋ ਜਿਹੇ ਬੇਗੈਰਤ ਤੁਹਾਡੇ ਸਹੁਰੇ ਸੀ। ਜਿਹੜੇ ਤੁਹਾਡੇ ਨਾਲ ਤੁਰ ਪਏ। ਨਹੀ ਤਾਂ ਕਹਿੰਦੇ ਪਹਿਲਾ ਧੀ ਜਵਾਈ ਨੂੰ ਲਿਆਉ ਫਿਰ ਅਸੀ ਬਰਾਤ ਚੜ੍ਹਾਗੇ। ਪਰ ਉਹ ਕਿਉ ਬੋਲਦੇ ਹਨ। ਉਹਨਾ ਦੀਆਂ ਤਾਂ ਚੜ੍ਹ ਮੱਚੀਆਂ ਹੋਣਗੀਆਂ। ਤੇ ਤੁਸੀ ਵੀ ਉਹਨਾ ਦੀ ਹੀ ਪੂਛ ਪੂਛ ਕਰਦੇ ਰਹੇ। —-”
ਹੁਣ ਮਾਈ ਦਾ ਤਵਾ ਕਾਫੀ ਗਰਮ ਸੀ।ਤੇ ਧੰਨ ਉਸ ਬੰਦੇ ਦੇ ਜ਼ੋ ਫੋਨ ਸੁਣ ਰਿਹਾ ਸੀ । ਮਾਈ ਦੀਆਂ ਕਰਾਰੀਆਂ ਕਰਾਰੀਆਂ ਸੁਣ ਕੇ ਮੈਨੂੰ ਮਜਾ ਆ ਰਿਹਾ ਸੀ ।ਪਰ ਹੁਣ ਮੈਨੂੰ ਵੀ ਆਪਣੇ ਆਪ ਤੇ ਸ਼ਰਮ ਆ ਰਹੀ ਸੀ ਕਿਉਕਿ ਡੈਡੀ ਜੀ ਦੇ ਜਾਣ ਤੋਂ ਬਾਦ ਮੈ ਵੀ ਮੇਰੀ ਭੁਆ ਨੂੰ ਇੱਕ ਵੀ ਫੋਨ ਨਹੀ ਕੀਤਾ। ਮੰਮੀ ਨੇ ਕਿਹਾ ਵੀ। ਪਰ ਮੈ਼ ਹੀ ਘੋਲ੍ਹ ਵੱਟ ਗਿਆ। ਮੈ ਸੋਚਿਆ ਮਾਈ ਦੇ ਜਾਣ ਤੋ ਬਾਦ ਮੈ ਵੀ ਭੂਆ ਨੂੰ ਫੋਨ ਕਰਾਂਗਾ ਤੇ ਭੈਣ ਨੂੰ ਵੀ। ਭੈਣ ਨੂੰ ਤਾਂ ਰੋਜ਼ ਹੀ ਕਰਿਆ ਕਰਾਂਗਾ। ਉਸ ਦਾ ਵਿਚਾਰੀ ਦਾ ਮੇਰੇ ਬਿਨਾ ਹੈ ਵੀ ਕੌਣ। ਮੈ ਹੀ ਇੱਕੋ ਇੱਕ ਭਰਾ ਹਾਂ ਤੇ ਮੈ ਹੀ ਉਸ ਦਾ ਪੇਕਾ ਹਾਂ।ਮੰਮੀ ਚਾਹੇ ਦੀਦੀ ਨਾਲ ਰੋਜ਼ ਗੱਲ ਕਰ ਲੈਦੇ ਹਨ। ਪਰ ਮੇਰਾ ਵੀ ਤਾਂ ਫਰਜ਼ ਬਣਦਾ ਹੈ । ਭੁਆ ਮੇਰੇ ਬਾਰੇ ਕੀ ਸੋਚਦੀ ਹੋਵੇਗੀ।ਸੱਚੀ ਕਈ ਵਾਰੀ ਕਿਸੇ ਵੱਲ ਵੇਖ ਕੇ ਹੀ ਅਕਲ ਆ ਜਾਂਦੀ ਹੈ। ਤੇ ਮੈਨੂੰ ਵੀ ਫੋਨ ਕਰਨ ਦੀ ਅੱਚਵੀ ਜਿਹੀ ਹੋਣ ਲੱਗੀ।
“ਨਾ ਜੇ ਦੋ ਭਰਾ ਜਾ ਕੇ ਭੈਣ ਭਣਵਈਏ ਨੂੰ ਮਨਾ ਲਿਆਉਦੇ ਤਾਂ ਸੋਡਾ ਕੀ ਘੱਸ ਜਾਂਦਾ। ਸੋਡੀ ਸ਼ਾਨ ਚ ਕੀ ਫਰਕ ਪੈ ਜਾਂਦਾ। । ਕਿਸੇ ਚਾਚੇ ਤਾਏ ਮਾਮੇ ਮਾਸੜ ਨੂੰ ਨਾਲ ਲੈ ਜਾਂਦੇ।ਸ਼ਰੀਕੇ ਵਾਲੇ ਵੀ ਤਾਂ ਤਮਾਸ਼ਾ ਦੇਖਦੇ ਹਨ। ਇਹੀ ਸਿੱਖਿਆ ਦਿੰਦੇ ਹੋ ਤੁਸੀ ਆਪਣੀ ਅੋਲਾਦ ਨੂੰ। ਅੱਜ ਤੁਸੀ ਭੈਣ ਭੂਆ ਨੂੰ ਨਹੀ ਪਹਿਚਾਣਦੇ। ਕਲ੍ਹ ਨੂੰ ਸੋਡੇ ਜੰਮੇ ਵੀ ਇਹੀ ਕੁਝ ਕਰਨਗੇ । ਇਹਨਾ ਨੇ ਤੁਹਾਡੀ ਧੀ ਦੀ ਬਾਤ ਨਹੀ ਪੁਛਣੀ।ਫੇਰ ਤੁਸੀ ਰੋਇਆ ਕਰੋ ਗੇ ਅੱਖਾਂ ਚ ਘਸੁੰਨ ਦੇਕੇ। ਨਾ ਗੱਲ ਸੁਣ ਜੇ ਸੰਤ ਰਾਮ ਜਿਉਦਾ ਹੰਦਾ ਤਾਂ ਕੀ ਉਹ ਧੀ ਨੂੰ ਰੁਸਣ ਦਿੰਦਾ।ਉਸਨੇ ਤਾਂ ਬਰਾਤ ਨਹੀ ਸੀ ਚੜ੍ਹਣਾ ਧੀ ਜਵਾਈ ਬਿਨਾ। ਉਸ ਤੋੇ ਤਾਂ ਕਦੇ ਸਾਡਾ ਮੂੰਹ ਨਹੀ ਸੀ ਢਿੱਲਾ ਦੇਖਿਆ ਗਿਆ।ਤੁਸੀ ਆਪ ਤਾਂ ਉਸ ਨੁੰ ਸੰਭਾਲਣਾ ਕੀ ਜਦੋ ਮਾਂ ਕੋਈ ਤਿਲ ਫੁੱਲ ਦੇਵੇ ਤਾਂ ਤੁਸੀ ਅੱਖਾ ਕੱਢਦੇ ਹੋ।ਜਦੋ ਭੈਣ ਦੀ ਸੱਸ ਬੀਮਾਰ ਸੀ ਤਾਂ ਨਾ ਹਸਪਤਾਲ ਚ ਰਾਤ ਕਟਵਾਈ ਤੇ ਨਾ ਮੀਰ ਤੋਂ ਕਿਸੇ ਨੂੰ ਨਹੀ ਦੱਸਿਆ ਤੇ ਨਾ ਹੀ ਕਿਸੇ ਸਰੀਕੇ ਵਾਲੇ ਨੂੰ ਨਾਲ ਲੈ ਕੇ ਗਏ। ਕਿਉਂਕਿ ਜੇ ਤੁਸੀ ਕਿਸੇ ਨੂੰ ਨਾਲ ਲੈ ਕੇ ਜਾਂਦੇ ਤਾ ਫਿਰ ਤੁਹਾਨੂੰ ੳਹਨਾ ਦੇ ਜੰਮਣੇ ਮਰਨੇ ਤੇ ਜਾਣਾ ਪਊ।ਤੇ ਤੁਸੀ ਹਮੇਸ਼ਾ ਹੀ ਕਿਸੇ ਦੇ ਜਾਣ ਤੋ਼ ਪਾਸਾ ਵੱਟਦੇ ਰਹਿੰਦੇ ਹੋ।ਬਈ ਦੋ ਪੈਸੇ ਖਰਚ ਨਾ ਹੋ ਜਾਣ। ਸੱਚ ਹੀ ਕਿਹਾ ਹੈ ਕਿਸੇ ਨੇ ਪੇਕੇ ਹੰਦੇ ਮਾਵਾਂ ਨਾਲ । ਤੇ ਤੁਸੀ ਤਾਂ ਭਤੀਜੇ ਜ਼ੋ ਹੋਏ । ਭਤੀਜੇ ਤੀਜੇ ਹੀ ਹੰਦੇ ਹਨ। ਪੁੱਤ ਸਿਆਣੇ ਬਣ ਜ਼ੋ। ਅੜੀਆਂ ਛੱਡ ਦਿਉ। ਮਾਂ ਦੀਆਂ ਆਂਦਰਾਂ ਨਾ ਕਲਪਾਉ। ਮਾਂ ਜਨਮ ਦਾਤੀ ਹੁੰਦੀ ਹੈ ਤੇ ਮਾਂ ਨੂੰ ਕਲਪਾਉਣ ਵਾਲਾ ਕਦੇ ਸੁਖੀ ਨਹੀ ਰਹਿੰਦਾ।। ਸੋਡੇ ਮਾਂ ਦੇ ਪੈਰੀ ਹੱਥ ਲਾਏ ਤੇ ਹੱਥ ਜ਼ੋੜੇ ਤੇ ਜੀ ਜੀ ਕੀਤਾ ਕਿਸ ਕੰਮ ਦਾ ਜੇ ਤੁਸੀ ਮਾਂ ਨੂੰ ਜਿਉਂਦੇ ਜੀ ਦੁਖੀ ਕਰੀ ਗਏ ਤਾਂ।ਮਾਂ ਦੀ ਆਤਮਾ ਕਿਉ ਦੁਖਾਉਦੇ ਹੋ। ਪਿਉ ਦਾ ਸਰਾਧ ਕਰਨ ਦਾ ਵੀ ਕੀ ਫਲ ਮਿਲੂ ਤੁਹਾਨੂੰ ਜਦੋ ਤੁਸੀ ਉਸ ਦੀ ਆਤਮਾ ਨੂੰ ਹੀ ਸਾਂਤੀ ਨਾ ਦਿੱਤੀ।ਚੰਗਾ ਪੁੱਤ ਜਿਉਦੇ ਵੱਸਦੇ ਰਹੋ। ਮੇਰਾ ਤਾਂ ਫਰਜ ਸੀ।” ਤੇ ਮਾਈ ਨੇ ਫੋਨ ਕੱਟ ਦਿੱਤਾ।
ਹੱਸਦੀ ਹੱਸਦੀ ਤਿਰਵੰਜਾ ਰੁਪਈਏ ਦੇ ਕੇ ਮਾਈ ਚਲੀ ਗਈ । ਮਾਈ ਦੇ ਚੇਹਰੇ ਤੇ ਪੂਰਾ ਸਕੂਨ ਸੀੇ । ਮਨ ਹੌਲਾ ਸੀ। ਲੱਗਦਾ ਸੀ ਮਾਈ ਦੇ ਮਨ ਨੂੰ ਤਸੱਲੀ ਸੀ।ਪਰ ਮੇਰੇ ਮਨ ਨੂੰ ਬੇਚੈਨ ਕਰ ਗਈ। ਮੇਰੀ ਭੂਆ ਵੀ ਏਦਾ ਹੀ ਤੜਫਦੀ ਹੋਵੇਗੀ ਪੇਕਿਆ ਦੇ ਫੋਨ ਨੁੰ।ਮੇਰੇ ਡੈਡੀ ਜੀ ਦੀ ਆਤਮਾਂ ਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ ਤੇ ਮੈ ਝੱਟ ਮੇਰੀ ਭੂਆ ਦਾ ਨੰਬਰ ਮਿਲਾਉਣ ਲੱਗਦਾ ਹਾਂ।