“ਸਵੇਰ ਤੋਂ ਸ਼ਾਮ ਹੋਗੀ । ਆ ਰੋਜ਼ ਕਿਤੇ ਨਾਂ ਕਿਤੇ ਜਾਂਦੀ ਆ ਤੈਨੂੰ ਪਤਾ ਇਹ ਕੀ ਕਰਦੀ ਆ”
ਰਾਜੂ ਨੇ ਦੀਪੂ ਨੂੰ ਪੁੱਛਿਆ । ” ਪਤਾ ਨੀਂ ਯਰ ਮੈਂ ਤਾਂ ਆਪ ਰੋਜ਼ ਦੇਖਦਾਂ, ਜਾਂਦੀ ਤਾਂ ਹੈਗੀ ਆ ਕਿਸੇ ਪਾਸੇ ” ਦੀਪੂ ਨੇ ਜਵਾਬ ਦਿੰਦੇ ਹੋਏ ਕਿਹਾ । “ਜਾਂਦੀ ਹੋਊ ਕਿਸੇ ਕੋਲ ਦਿਨ ਦੀਆਂ ਸ਼ਿਫਟਾਂ ਲਗਾਉਂਣ ਰਾਤ ਨੂੰ ਵੀ ਲੇਟ ਹੀ ਆਉਂਦੀ ਆ ਸਿਫਟਾਂ ਹੀ ਲਗਾਉਂਦੀ ਹੋਣੀ ਮੈਨੂੰ ਲਗਦਾ ” ਰਾਜੂ ਨੇ ਗਲ਼ ਅੱਗੇ ਵਧਾਉਂਦੇ ਹੋਏ ਕਿਹਾ। “ਹਾਂ ਹੋ ਸਕਦਾ ਇਹਦਾ ਤਾਂ ਘਰ ਵਾਲਾ ਵੀ ਕਾਫ਼ੀ ਟਾਈਮ ਪਹਿਲਾਂ ਮਰ ਗਿਆ ਸੀ ਪਰ ਜਿਸਮ ਦੀ ਅੱਗ ਕਿੱਥੇ ਮੁੱਕਦੀ ਆ ” ਐਨੀ ਗਲ ਕਹਿ ਕੇ ਦੀਪੂ ਨੇ ਗੱਲ ਖਤਮ ਕੀਤੀ । ਕਿਤੇ ਇਹ ਸਾਰੀ ਗਲ਼ ਕਰਮੋ ਸੁਣ ਰਹੀ ਸੀ ।
ਕਰਮੋ ਇਕ ਅਭਾਗਣ ਜਿਸਦਾ ਦੁਨੀਆ ਚ ਕੋਈ ਨਹੀ ਸੀ ਸਿਵਾਏ ਇਕ ਪੁੱਤ ਦੇ । ਉਹ ਵੀ ਹਲੇ 8 ਕੂ ਸਾਲਾਂ ਦਾ ਸੀ । ਮਾਤਾ ਪਿਤਾ ਵਿਆਹ ਤੋਂ ਦੋ ਸਾਲ ਬਾਅਦ ਹੀ ਐਕਸੀਡੈਂਟ ਵਿਚ ਮਰ ਗਏ ਸੀ । ਕਰਮੋ ਇਕੱਲੀ ਧੀ ਸੀ ਮਾਪਿਆਂ ਦੀ । ਘਰ ਵਾਲਾ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦਾ ਸੀ । ਉਹ ਵੀ ਸਾਲ ਕ ਪਹਿਲਾਂ ਦੁਨੀਆ ਛਡ ਕੇ ਚਲਗਿਆ ਸੀ । ਇਕੱਲੀ ਕਰਮੋ ਆਪਣੇ ਬੇਟੇ ਨੂੰ ਪਾਲਣ ਲਈ ਉਸੇ ਪ੍ਰਾਈਵੇਟ ਫੈਕਟਰੀ ਵਿੱਚ ਲੱਗ ਗਈ । ਫੈਕਟਰੀ ਤੌਲੀਏ ਤੇ ਕਾਗਜ ਬਣਾਉਂਦੀ ਸੀ ।
ਸਵੇਰੇ ਜਲਦੀ ਕੰਮ ਤੇ ਜਾਣਾ ਤੇ ਕਈ ਵਾਰ ਓਵਰ ਟਾਈਮ ਕਰਦੇ ਕਰਦੇ ਲੇਟ ਵੀ ਹੋ ਜਾਂਦੀ ਸੀ । ਪਰ ਲੋਕਾਂ ਦੀਆਂ ਨਜ਼ਰਾਂ ਚ ਉਹ ਜਿਸਮ ਦਾ ਸੌਦਾ ਕਰਦੀ ਸੀ । ਲੋਕਾਂ ਨੂੰ ਤਾਂ ਏਹੀ ਲਗਦਾ ਸੀ ਕਿਸੇ ਪਾਸੇ ਜਾਂਦੀ ਆ ਤੇ ਜਿਸਮੀ ਸੌਦੇ ਕਰ ਕੇ ਘਰ ਚਲਾ ਰਹੀ ਆ । ਪਰ ਅਸਲੀਅਤ ਕੁੱਝ ਹੋਰ ਆ ਉਹ ਆਪ ਹੀ ਜਾਣਦੀ ਸੀ ਉਹ ਕੀ ਕਰਦੀ ਆ ਕੀ ਨਹੀਂ । ਉਹਨੂੰ ਲੋਕਾਂ ਦੀ ਪਰਵਾ ਵੀ ਨਹੀਂ ਸੀ । ਲੋਕ ਉਹਦੇ ਬਾਰੇ ਜੋ ਸੋਚਦੇ ਆ ਸੋਚੀ ਜਾਣ । ਉਹ ਆਪਣੇ ਕੰਮ ਤੇ ਜਾਂਦੀ ਤੇ ਸ਼ਾਮ ਨੂੰ ਆਉਂਦੀ । ਉਹ ਜਾਣਦੀ ਸੀ ਕਿ ਲੋਕ ਉਹਦੇ ਪੁੱਤ ਨੂੰ ਰੋਟੀ ਨੀ ਦੇ ਸਕਦੇ ਲੋਕ ਸਿਰਫ਼ ਗਲਾਂ ਕਰ ਸਕਦੇ ਨੇ । ਏਸੇ ਲਈ ਉਹ ਚੁੱਪ ਚਾਪ ਲੋਕਾਂ ਦੀਆਂ ਗਲਾਂ ਸੁਣ ਲੈਂਦੀ ਤੇ ਕੰਮ ਤੇ ਚਲੀ ਜਾਂਦੀ……….
ਦੀਪ ਵਿਹਾਨ