ਅਖੀਰ ਨੂੰ ਵੱਡੇ ਸਾਬ ਰਿਟਾਇਰ ਹੋ ਗਏ..ਜਾਂ ਏਦਾਂ ਆਖ ਲਵੋ ਸੱਠ ਤੱਕ ਅੱਪੜਨ ਦੀ ਆਸ ਅਠਵੰਜਾ ਤੇ ਹੀ ਜਬਰਨ ਮੁਕਾ ਦਿੱਤੀ ਗਈ..!
ਕੁਰਸੀ..ਦਫਤਰ..ਚਪੜਾਸੀ..ਡਰਾਈਵਰ..ਸਿਜਦੇ-ਸਲਾਮ..ਸਿਫਤ-ਸਲਾਹੁਤਾਂ..ਸਲੂਟ..ਪਾਰਟੀਆਂ..ਪ੍ਰੋਮੋਸ਼ਨਾਂ..ਗਿਫ਼੍ਟ..ਸਾਰਾ ਕੁਝ ਹੀ ਇੱਕ ਝਟਕੇ ਨਾਲ ਅਹੁ ਗਿਆ ਅਹੁ ਗਿਆ..!
ਤਕਲੀਫਦੇਹ ਗੱਲ ਸੀ ਕੇ ਹੁਣ ਗੱਡੀ ਦਾ ਦਰਵਾਜਾ ਆਪ ਹੀ ਖੋਲ੍ਹਣਾ ਪੈਂਦਾ..ਬੂਟ ਆਪੇ ਪਾਲਿਸ਼ ਕਰਨੇ ਪੈਂਦੇ..ਕੋਟ ਪੇਂਟ ਤੇ ਪ੍ਰੈਸ ਵੀ ਆਪ ਹੀ ਮਾਰਨੀ ਪੈਂਦੀ..!
ਸ਼ੌਪਿੰਗ..ਰੇਸਟੌਰੈਂਟ..ਢਾਬੇ ਦੀ ਪੈਕਿੰਗ..ਇਸ ਸਾਰੇ ਦਾ ਖਰਚਾ ਵੀ ਖੁਦ ਜੇਬੋਂ ਕਰਨਾ ਪੈਂਦਾ..!
ਬੈਗ ਆਪ ਚੁੱਕਦੇ ਹੋਏ ਸੰਗ ਲੱਗਦੀ..ਬਿੱਲ ਤਾਰਨ ਗਏ ਲਾਈਨ ਵਿਚ ਨੀਵੀਂ ਪਾ ਖਲੋਤੇ ਹੋਇਆਂ ਦਾ ਦਿਲ ਰੋਣ ਨੂੰ ਕਰਦਾ..!
ਚੜਤ ਦੇ ਦਿਨਾਂ ਵੇਲੇ ਗਲਤਫਹਿਮੀ ਪਾਲ ਰੱਖੀ ਸੀ ਕੇ ਸਾਰੀ ਦੁਨੀਆ ਅਤੇ ਆਲਾ ਦਵਾਲਾ ਮੇਰੇ ਬਗੈਰ ਝਟਕੇ ਨਾਲ ਰੁੱਕ ਜਾਵੇਗਾ..ਸਭ ਤੋਂ ਅਕਲਮੰਦ ਸਿਰਫ ਮੈਂ ਹੀ ਤਾਂ ਸਾਂ..ਜਦੋਂ ਕੰਮ ਖੜੋ ਜਾਵੇਗਾ ਤਾਂ ਸਲਾਹਾਂ ਪੁੱਛਣ ਤੇ ਜਰੂਰ ਮੇਰੇ ਕੋਲ ਹੀ ਆਇਆ ਕਰਨਗੇ..!
ਪਰ ਏਨੇ ਦਿਨ ਲੰਘ ਗਏ ਕੋਈ ਵੀ ਤੇ ਨਹੀਂ ਸੀ ਆਇਆ..ਦੁਨੀਆ ਦਫਤਰ ਅਤੇ ਸਾਰਾ ਕੁਝ ਓੰਜ ਦਾ ਉਂਝ ਹੀ ਚਲਦਾ ਜਾ ਰਿਹਾ ਸੀ..!
ਕਈ ਵੇਰ ਸੈਰ ਵੇਲੇ..ਅਗਿਓਂ ਆਉਂਦਾ ਜੂਨੀਅਰ ਦੇਖ ਕੰਨੀਂ ਕੱਟ ਜਾਇਆ ਕਰਦਾ ਤਾਂ ਕਾਲਜੇ ਦਾ ਰੁਗ ਭਰਿਆ ਜਾਂਦਾ..ਇਸਦੇ ਤਾਂ ਅੜੇ ਹੋਏ ਕਿੰਨੇ ਸਾਰੇ ਕੰਮ ਵੀ ਤਾਂ ਮੈਂ ਹੀ ਕਢਵਾਏ ਸਨ!
ਲੋਰ ਵਿਚ ਆਇਆ ਦਫਤਰ ਗੇੜਾ ਮਾਰਨ ਚਲੇ ਜਾਂਦਾ ਤਾਂ ਸਣੇ ਚਪੜਾਸੀ ਸਭ ਦੀ ਬੱਸ ਇਹੋ ਕੋਸ਼ਿਸ਼ ਹੁੰਦੀ ਕੇ ਚਾਹ ਦਾ ਕੱਪ ਪੀਣ ਮਗਰੋਂ ਇਹ ਛੇਤੀ ਹੀ ਇਥੋਂ ਚਲਾ ਜਾਵੇ..!
ਅਖੀਰ ਧਾਰਮਿਕ ਹੋਣ ਦੀ ਕੋਸ਼ਿਸ਼ ਵੀ ਕਰ ਵੇਖੀ..ਪਰ ਅਤੀਤ ਦੀ ਅਫ਼ਸਰੀ,ਵੱਜਦੇ ਸਲੂਟ ਅਤੇ ਵੱਡੀ ਪੁਜੀਸ਼ਨ ਵਾਲੇ ਸਿਜਦੇ ਦਿਮਾਗ ਵਿਚ ਕੁਝ ਹੋਰ ਵੜਨ ਹੀ ਨਹੀਂ ਸਨ ਦਿੰਦੇ..ਇੰਝ ਸੋਚਦਾ ਕੇ ਗੁਰੂ ਘਰ ਸਾਰੀ ਸੰਗਤ ਬੱਸ ਮੇਰੇ ਵੱਲ ਹੀ ਵੇਖੀ ਜਾਵੇ!
ਬਿਲਕੁਲ ਉਮੀਦ ਨਹੀਂ ਸੀ ਕੇ ਸਾਰਾ ਕੁਝ ਏਡੀ ਛੇਤੀ ਬਦਲ ਜਾਵੇਗਾ..ਇਸੇ ਸਾਰੇ ਚੱਕਰ ਵਿਚ ਮੁੱਛਾਂ ਦਾਹੜੀ ਅਤੇ ਗਿੱਚੀ ਦੇ ਵਾਲ ਡਾਈ ਕਰਨੇ ਵੀ ਭੁੱਲ ਗਿਆ..ਸ਼ੀਸ਼ੇ ਵਿਚ ਆਪਣਾ ਆਪ ਅਸਲੀਅਤ ਤੋਂ ਵੀ ਜਿਆਦਾ ਬੁੱਢਾ ਹੋ ਗਿਆ ਵੇਖਦਾ ਤਾਂ ਡੂੰਘੀ ਨਿਰਾਸ਼ਾ ਦੇ ਆਲਮ ਵਿਚ ਜਾ ਡੁੱਬਦਾ..!
ਘਰ ਵਾਲਿਆਂ ਤੇ ਵੀ ਅਫ਼ਸਰੀ ਥੌਪਣ ਦੀ ਨਾਕਾਮ ਕੋਸ਼ਿਸ਼ ਕਰ ਵੇਖੀ..ਧੀਆਂ ਪੁੱਤ ਤਾਂ ਪਹਿਲੋਂ ਹੀ ਦੂਰ ਸਨ..ਦੋਹਤੇ ਪੋਤਰੀਆਂ ਵੀ ਦੇਖ ਪਾਸਾ ਵੱਟ ਜਾਂਦੇ..!
ਘਰ ਵਾਲੀ ਪਹਿਲਾਂ ਹੀ ਹਿਟਲਰ ਦਾ ਖਿਤਾਬ ਦੇ ਚੁੱਕੀ ਸੀ..ਹੁਣ ਤਾਂ ਹਥੀਂ ਪਾਲਿਆ ਕੁੱਤਾ ਵੀ ਦੇਖ ਮੰਜੇ ਹੇਠ ਵੜ ਜਾਇਆ ਕਰਦਾ..!
ਸਾਰਾ ਦਿਨ ਇੰਝ ਹੀ ਸੜਦੇ-ਭੁੱਜਦੇ ਅਤੇ ਨਾਸ਼ੁਕਰੀ ਦੁਨੀਆ ਨੂੰ ਕੋਸਦੇ ਹੋਏ ਆਪ ਵੀ ਦੁਖੀ ਅਤੇ ਬਾਕੀਆਂ ਨੂੰ ਵੀ ਸੂਲੀ ਤੇ ਹੀ ਟੰਗ ਕੇ ਰਖਿਆ ਕਰਦਾ..ਫੇਰ ਜਦੋਂ ਤੱਕ ਸਵਾਸ ਪੂਰੇ ਨਹੀਂ ਹੋਏ ਬਸ ਇਹੋ ਕੁਝ ਹੀ ਹੁੰਦਾ ਰਿਹਾ..!
ਜਿਸ ਦਿਨ ਚਾਰ ਬੇਗਾਨੇ ਮੋਢਿਆਂ ਵਾਲੀ ਅਰਥੀ ਤੇ ਲੰਮਾ ਪਿਆ ਆਖਰੀ ਸਫ਼ਰ ਤੇ ਸ਼ਮਸ਼ਾਨ ਵੱਲ ਵੱਧ ਰਿਹਾ ਸੀ..ਉਸ ਦਿਨ ਦੁਨੀਆ ਤਾਂ ਕੀ ਮਾੜਾ ਮੋਟਾ ਟਰੈਫਿਕ ਤੱਕ ਵੀ ਨਾ ਰੁਕਿਆ!
ਸੋ ਦੋਸਤੋ ਅਜੋਕੇ ਇਨਸਾਨ ਦੀ ਤ੍ਰਾਸਦੀ..ਨਾ ਰਿਟਾਇਰ ਹੋਣਾ ਚਾਹੁੰਦਾ ਏ ਤੇ ਨਾ ਹੀ ਮਰਨਾ ਯਾਦ ਏ..ਹਮੇਸ਼ਾਂ ਟੀਸੀ ਤੇ ਹੀ ਬਣੇ ਰਹਿਣ ਦਾ ਇੱਕ ਗੈਰ ਕੁਦਰਤੀ ਸ਼ੌਕ ਜਿਹਾ ਪਾਲ ਬੈਠਾ ਏ..ਆਪਣੇ ਤੋਂ ਵੱਧ ਤਰੱਕੀ ਕਰਦੇ ਹਰੇਕ ਇਨਸਾਨ ਨੂੰ ਖੁਦ ਦਾ ਦੁਸ਼ਮਣ ਮਿਥ ਲੈਣਾ ਉਸਦੀ ਆਦਤ ਬਣ ਗਈ ਏ..ਪੁੱਛਗਿੱਛ ਕਿਓਂ ਘਟ ਗਈ..ਇਹ ਸੋਚ ਸੋਚ ਹੀ ਮਾਨਸਿਕ ਰੋਗੀ ਬਣ ਚੁੱਕਿਆ ਏ..!
ਸੋ ਦੋਸਤੋਂ ਸਮਾਂ ਰਹਿੰਦੇ ਖੁਦ ਵਿਚ ਬਦਲਾਓ ਲਿਆਉਣਾ ਬੜਾ ਹੀ ਜਰੂਰੀ ਏ..ਇਹ ਥੋੜ ਚਿਰੀਆਂ ਅਫਸਰੀਆਂ ਸਰਦਾਰੀਆਂ ਅਤੇ ਪਦਵੀਆਂ ਵਾਲਾ ਸਦੀਵੀਂ ਨਸ਼ਾਂ ਚੜਾਉਂਦੀ ਹੋਈ ਬੋਤਲ ਵੇਲੇ ਸਿਰ ਹੀ ਕੰਧ ਨਾਲ ਮਾਰ ਤੋੜ ਦੇਣੀ ਚਾਹੀਦੀ ਏ..ਆਕੜ ਦਿਖਾਵਾ ਛੱਡ ਇੱਕ ਦੋ ਐਸੇ ਸੁਹਿਰਦ ਜਿਹੇ ਦੋਸਤ ਬਣਾ ਲੈਣ ਵਿਚ ਹੀ ਅਕਲਮੰਦੀ ਏ ਜਿਹਨਾਂ ਨਾਲ ਮੌਕਾ ਆਉਣ ਤੇ ਦੁੱਖ-ਸੁਖ ਫਰੋਲਿਆ ਜਾ ਸਕਦਾ ਹੋਵੇ..ਦੂਸਰਿਆਂ ਵਾਸਤੇ ਅਤੇ ਦੂਜਿਆਂ ਦੇ ਨਾਲ ਜੀਣਾ ਆ ਜਾਵੇ ਤਾਂ ਧੰਨ ਭਾਗ!
ਨਹੀਂ ਤਾਂ ਇੱਕ ਦਿਨ ਮਿੱਤਰ ਪਿਆਰਿਆਂ ਨਾਲ ਭਰੀ ਗੱਡੀ ਟੇਸ਼ਣੋਂ ਲੰਘ ਜਾਵੇਗੀ..ਤੇ ਤੁਸੀਂ ਰਹਿ ਜਾਵੋਗੇ ਕੱਲਮ ਕੱਲੇ..ਠੱਗੀਆਂ-ਠੋਰੀਆਂ ਅਤੇ ਸੌ ਪਾਪੜ ਵੇਲ ਕੱਠੀ ਕੀਤੀ ਦੇ ਉੱਚੇ ਢੇਰ ਤੇ ਖਲੋਤੇ ਖੜੇ ਪਾਣੀ ਵਾਂਙ ਮੁਸ਼ਕ ਮਾਰਦੇ ਹੋਏ..!
ਜਿਸ ਦਿਨ ਰਵਾਨਗੀ ਪਈ..ਸੂਈ ਤੱਕ ਸਾਂਬਣ ਦਾ ਟਾਈਮ ਨੀ ਮਿਲਣਾ..ਕਿਓੰਕੇ ਅਗਲੇ ਦੇ ਨਿਜ਼ਾਮ ਦਾ ਵੱਡਾ ਨੁਕਸ ਹੈ ਕੇ ਬੁਲਾਉਣ ਤੋਂ ਪਹਿਲਾਂ ਕੋਈ ਅਡਵਾਂਸ ਨੋਟਿਸ ਨਹੀਂ ਘੱਲਿਆ ਜਾਂਦਾ..ਨਾ ਹੀ ਕੋਈ ਚੀਜ ਸਦੀਵੀਂ ਸਫ਼ਰ ਤੇ ਨਾਲ ਖੜਨ ਦੀ ਇਜਾਜਤ ਹੀ ਮਿਲਦੀ ਏ..!
ਤਾਂ ਹੀ ਮਜੀਠੇ ਲਾਗੇ ਕੋਟਲਾ ਸੁਲਤਾਨ ਸਿੰਘ ਨਾਮੀ ਪਿੰਡ ਵਿਚ ਜੰਮਿਆ ਮੁਹੰਮਦ ਰਫੀ ਨਾਮ ਦਾ ਮਹਾਨ ਗਾਇਕ ਜਾਂਦਾ ਜਾਂਦਾ ਏਨੀ ਗੱਲ ਆਖ ਗਿਆ ਕੇ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ ਪਤਾ ਨੀ ਸੁਵੇਰ ਦਾ!
ਹਰਪ੍ਰੀਤ ਸਿੰਘ ਜਵੰਦਾ
ਹਲੂਣਾ ਦੇਣ ਵਾਲੀ ਕਹਾਣੀ