“ਓਏ ਜੀਤਿਆ, ਭੱਜਕੇ ਜਾਹ, ਮੇਰੇ ਕਮਰੇ ਚੋ ਚਾਰ ਕੱਪ ਚਾਹ ਬਣਾਕੇ ਲਿਆ।” ਨਛੱਤਰ ਸਿੰਘ ਮਾਸਟਰ ਨੇ ਸੱਤਵੇਂ ਪੀਰੀਅਡ ਵਿੱਚ ਆਉਂਦੇ ਹੀ ਕਿਹਾ।
ਜੀਤ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਨਾਲੇ ਦੋ ਪੀਰੀਅਡਾਂ ਦੀ ਛੁੱਟੀ ਤੇ ਨਾਲੇ ਖੰਡ ਦੀ ਚਾਹ ਮਿਲਣ ਦਾ ਚਾਅ।
“ਜੀ ਮੈਂ ਲਾਭੇ ਨੂੰ ਨਾਲ ਲੈਜਾ?” ਜੀਤ ਨੇ ਆਪਣੇ ਬੇਲੀ ਦਾ ਨਾਮ ਲਿਆ।
“ਲੈਜਾ। ਪਰ ਜਲਦੀ ਆਇਓ।” ਮਾਸਟਰ ਜੀ ਨੇ ਸੁਚੇਤ ਕਰਦੇ ਹੋਏ ਨੇ ਕਿਹਾ। ਮਾਸਟਰ ਨਛੱਤਰ ਸਿੰਘ ਸਕੂਲ ਦੇ ਨੇੜੇ ਸਰਪੰਚ ਨਰ ਸਿੰਘ ਦੇ ਨੋਹਰੇ ਵਿੱਚ ਬਣੇ ਕਮਰੇ ਵਿੱਚ ਰਹਿੰਦੇ ਸਨ।
ਅੱਠਵੇਂ ਪੀਰੀਅਡ ਦੀ ਸਮਾਪਤੀ ਦੇ ਨੇੜੇ ਜੀਤਾ ਤੇ ਲਾਭਾ ਚਾਹ ਦਾ ਡੋਲੂ ਚੁੱਕੀ ਸਕੂਲ ਆ ਵੜੇ। ਮਾਸਟਰ ਨਛੱਤਰ ਸਿੰਘ ਨੇ ਥੋੜੀ ਜਿਹੀ ਝਿੜਕੀ ਦੇਕੇ ਸਟਾਫ ਰੂਮ ਚੋ ਕੱਪ ਮੰਗਵਾ ਲਏ। ਮਾਸਟਰ ਜੀ ਦੇ ਨਾਲ ਦੋ ਭੈਣ ਜ਼ੀਆਂ ਤੇ ਇੱਕ ਡਰਾਇੰਗ ਵਾਲੇ ਮਾਸਟਰ ਜੀ ਨੇ ਚਾਹ ਪੀਤੀ।
“ਜੀਤਾ ਤੇ ਲਾਭਾ ਖਡ਼ੇ ਹੋ ਜੋ।” ਅਗਲੇ ਦਿਨ ਪਹਿਲੇ ਪੀਰੀਅਡ ਵਿੱਚ ਮਾਸਟਰ ਨਛੱਤਰ ਸਿੰਘ ਨੇ ਆਉਂਦੇ ਹੀ ਕਿਹਾ।
“ਓਏ ਖੰਡ ਕਿੱਥੇ ਲਕੋਈ ਆ ਤੁਸੀਂ?” ਮਾਸਟਰ ਜੀ ਨੇ ਪੁੱਛਿਆ।
“ਕਿਤੇ ਨਹੀਂ ਜੀ। ਖੰਡ ਤਾਂ …. ਖੰਡ ਤਾਂ…।” ਲਾਭ ਕੋਲੋ ਗੱਲ ਨਾ ਹੋਈ।
“ਕੀ ਖੰਡ ਤਾਂ ਖੰਡ ਤਾਂ ਲਾਈ ਹੈ।” ਖੁੱਲਕੇ ਗੱਲ ਦੱਸੋ। ਮਾਸਟਰ ਜੀ ਨੇ ਹਥਲਾ ਡੰਡਾ ਘੁਮਾਇਆ।
“ਖੰਡ ਤਾਂ ਮਾਸਟਰ ਜੀ ਅਸੀਂ ਖਾ ਗਏ।” ਹੁਣ ਜੀਤਾ ਬੋਲਿਆ।
“ਓਏ ਅੱਧਾ ਕਿਲੋ ਖੰਡ ਲਿਆਂਦੀ ਸੀ ਮੈਂ ਸ਼ਹਿਰੋਂ।ਤੁਸੀਂ ਸਾਰੀ ਖਾ ਗਏ।” ਮਾਸਟਰ ਜੀ ਨੂੰ ਯਕੀਨ ਹੀ ਨਾ ਆਇਆ।
“ਜੀ ਮੈਂ ਤਾਂ ਇੱਕ ਲੱਪ ਹੀ ਖਾਧੀ ਸੀ ਫਿਰ ਇਹ ਦੋ ਲੱਪ ਖਾ ਗਿਆ। ਫਿਰ ਮੈਂ ਵੀ ਦੋ ਲੱਪ ਖਾ ਲਏ ਤੇ ਖੰਡ ਮੁੱਕ ਗਈ। ਲਾਭੇ ਨੇ ਡਰਦੇ ਹੋਏ ਨੇ ਕਿਹਾ।
“ਤੇ ਦੁੱਧ?” ਮਾਸਟਰ ਜੀ ਨੇ ਅਗਲੀ ਗੱਲ ਪੁੱਛੀ।
“ਉਸਦੀ ਅਸੀਂ ਆਵਦੇ ਲਈ ਚਾਹ ਬਣਾ ਲਈ ਸੀ।” ਜੀਤੇ ਨੇ ਦੱਸਿਆ।
ਉਸਤੋਂ ਬਾਅਦ ਮਾਸਟਰ ਜੀ ਨੇ ਕਦੇ ਲਾਂਭੇ ਤੇ ਜੀਤੇ ਨੂੰ ਚਾਹ ਬਨਾਉਣ ਲਈ ਆਪਣੇ ਕਮਰੇ ਵਿੱਚ ਨਹੀਂ ਭੇਜਿਆ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ