ਕੱਲ੍ਹ ਹੀ ਪੜ੍ਹਿਆ ਸੀ ਕਿ ਇੱਕ ਬਾਪ ਨੇ ਨਹਾਉਣ ਲਈ ਬੇਟੇ ਦੀ ਸਾਬੁਣ ਵਰਤ ਲਈ ਤੇ ਫਿਰ ਬੇਟਾ ਉਸ ਸਾਬੁਣ ਨਾਲ ਕਦੇ ਨਹੀਂ ਨ੍ਹਾਤਾ। ਦੂਜੇ ਪਾਸੇ ਇੱਕ ਬੇਟੇ ਨੇ ਉਹ ਸਾਬੁਣ ਹੀ ਸੰਭਾਲ ਲਈ ਜਿਸ ਨਾਲ ਉਸਦੇ ਬਾਪ ਨੂੰ ਅੰਤਿਮ ਸੰਸਕਾਰ ਸਮੇਂ ਨੁਹਾਇਆ ਸੀ। ਸ਼ਾਇਦ ਸੰਸਕਾਰਾਂ ਦਾ ਫਰਕ ਹੈ।
ਮੇਰੀ ਸੱਸ ਆਪਣੀ ਅੱਸੀ ਸਾਲਾ ਸੱਸ ਦਾ ਗੰਦ ਕਈ ਸਾਲ ਆਪਣੇ ਹੱਥਾਂ ਨਾਲ ਸ਼ਾਫ ਕਰਦੀ ਰਹੀ। ਉਸਦੇ ਗੂੰਹ ਮੂਤ ਦੇ ਗੰਦੇ ਕਪੜੇ ਖੁਦ ਹੱਥ ਨਾਲ ਉਸਦੇ ਅੰਤ ਤੱਕ ਧੋਂਦੀ ਰਹੀ। ਪਰ ਓਹ ਬੁਢਾਪੇ ਵਿੱਚ ਆਪਣੇ ਕਪੜੇ ਖੁਦ ਹੀ ਧੋਂਦੀ ਸੀ। ਇੱਕ ਨੂੰਹ ਬਾਰੇ ਇਹ ਵੀ ਸੁਣਿਆ ਹੈ ਕਿ ਉਹ ਆਪਣੀ ਸੱਸ ਦੇ ਕਪੜੇ ਕਿਸੇ ਡੰਡੇ ਨਾਲ ਚੁੱਕਕੇ ਵਾਸ਼ਿੰਗ ਮਸ਼ੀਨ ਵਿੱਚ ਪਾਉਂਦੀ ਹੈ। ਸ਼ਾਇਦ ਇਹ ਜਨਰੇਸ਼ਨ ਗੈਪ ਦਾ ਹਿੱਸਾ ਹੈ। ਕੁਝ ਨੌਜਵਾਨ ਆਪਣੇ ਛੋਟੇ ਬੱਚਿਆਂ ਨੂੰ ਦਾਦਾ ਦਾਦੀ ਕੋਲ੍ਹ ਇਸ ਲਈ ਨਹੀਂ ਜਾਣ ਦਿੰਦੇ ਕਿ ਬੱਚਿਆਂ ਨੂੰ ਇਨਫੈਕਸ਼ਨ ਨਾ ਹੋ ਜਾਂਵੇ। ਉਹ ਆਪਣੇ ਮਾਪਿਆਂ ਨਾਲ ਬੈਠਕੇ ਇਸ ਲਈ ਖਾਣਾ ਨਹੀਂ ਖਾਂਦੇ ਕਿ ਬਜ਼ੁਰਗ ਖਾਣਾ ਖਾਣ ਵੇਲੇ ਤਹਿਜ਼ੀਬ ਨਹੀਂ ਰੱਖਦੇ। ਉਹ ਚਗਲ ਜਿਹੀ ਮਾਰਦੇ ਹਨ।
ਸਮਝ ਨਹੀਂ ਆਉਂਦੀ ਇਹ ਸਮਾਜ ਕਿਧਰ ਨੂੰ ਜਾ ਰਿਹਾ ਹੈ। ਭਾਵਨਾਵਾਂ ਮਰ ਗਈਆਂ ਹਨ। ਰਿਸ਼ਤੇ ਨਾਤੇ ਸਿਰਫ ਪੈਸਿਆਂ ਤੱਕ ਯ ਫੋਕੇ ਦਿਖਾਵੇ ਤੱਕ ਸਿਮਟਕੇ ਰਹਿ ਗਏ ਹਨ। ਸੰਸਕਾਰ ਦੇਣ ਵਿੱਚ ਕਿੱਥੇ ਗਲਤੀ ਹੋਈ ਹੈ। ਮਾਪੇ ਬੱਚਿਆਂ ਨੂੰ ਵਧੀਆ ਤਾਲੀਮ ਇਸ ਲਈ ਨਹੀਂ ਦਵਾਉਂਦੇ ਕਿ ਬੱਚੇ ਮਾਪਿਆਂ ਨੂੰ ਭੁੱਲ ਜਾਣ। ਸਾਬੁਣ ਵਰਤਣੀ ਖੋਰੇ ਵੱਡੀ ਗੱਲ ਹੋਵੇਗ਼ੀ। ਪਰ ਜ਼ੁਬਾਨ ਵੀ ਸਾਂਝੀ ਨਾ ਕਰਨਾ ਤਾਂ ਕੋਈਂ ਔਖਾ ਨਹੀਂ। ਬਿਮਾਰ ਬਾਪ ਦੇ ਕਮਰੇ ਤੱਕ ਨਾ ਜਾਣਾ। ਦਵਾਈ ਲਈ ਪੈਸੇ ਖਰਚਣੇ ਤਾਂ ਦੂਰ ਹਾਲਚਾਲ ਵੀ ਨਾ ਪੁੱਛਣਾ ਕਿਥੋਂ ਤੱਕ ਜਾਇਜ਼ ਹੈ।
ਮੰਜੇ ਤੇ ਪਿਆ ਬਾਪ ਉਸੇ ਘਰ ਵਿੱਚ ਹੀ ਰਹਿੰਦੇ ਪੁੱਤ ਦੇ ਦੋ ਬੋਲਾਂ ਨੂੰ ਤਰਸਦਾ ਹੈ। ਫਿਰ ਉਸ ਤੇ ਮਹਿੰਗੀਆਂ ਦਵਾਈਆਂ ਫਿਜਿਓਥਰੇਪੀ ਵੀ ਕੀ ਅਸਰ ਕਰੇਗੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ