#ਫਿਊਜ_ਬਲਬਾਂ_ਦੀ_ਦਾਸਤਾਂ।
ਮੇਰੀ ਕੋਈਂ ਗਜ਼ਟਿਡ ਪੋਸਟ ਨਹੀਂ ਸੀ। ਮੈਂ ਇੱਕ ਪ੍ਰਾਈਵੇਟ ਸੰਸਥਾ ਦਾ ਸਿਰਫ ਦਫ਼ਤਰੀ ਕੰਮ ਹੀ ਦੇਖਦਾ ਸੀ। ਪਰ ਪਬਲਿਕ ਡੀਲਿੰਗ ਹੋਣ ਕਰਕੇ ਬਹੁਤ ਸਾਰੇ ਲੋਕਾਂ ਨਾਲ ਸਿੱਧਾ ਵਾਹ ਪੈਂਦਾ ਸੀ। ਜਿਸ ਵਿੱਚ ਸਕੂਲ ਸਟਾਫ, ਸਪਲਾਇਰ, ਕਾਨੂੰਨੀ ਅਤੇ ਹੋਰ ਸੇਵਾਵਾਂ ਦੇਣ ਵਾਲੇ ਤੇ ਬੱਚਿਆਂ ਦੇ ਮਾਪੇ ਸ਼ਾਮਿਲ ਸਨ। ਦੀਵਾਲੀ ਅਤੇ ਹੋਰ ਤਿਉਹਾਰਾਂ ਤੇ ਸੈਂਕੜੇ ਲੋਕ ਉਚੇਚਾ ਮਿਲਣ ਆਉਂਦੇ ਤੇ ਦੀਵਾਲੀ ਦੀ ਮੁਬਾਰਕਬਾਦ ਦਿੰਦੇ। ਜਿੰਨ੍ਹਾਂ ਨੂੰ ਰੋਜ਼ਗਾਰ ਦਿੱਤਾ ਯ ਕਿਸੇ ਹੋਰ ਕੰਮ ਵਿੱਚ ਸਹਾਇਤਾ ਕੀਤੀ ਉਹ ਖੂਬ ਮਾਣ ਬਖਸ਼ਦੇ। ਸੇਵਾਮੁਕਤੀ ਤੋਂ ਬਾਅਦ ਬਹੁਤਿਆਂ ਨਾਲ ਰਾਮ ਰਵਈਆ ਵੀ ਖਤਮ ਹੋ ਗਿਆ। ਉਹ ਸਭ ਭੁੱਲ ਗਏ।
ਅੱਜ ਮੇਰੇ ਨਾਲ ਡੀਲਿੰਗ ਕਰਦੇ ਇੱਕ ਸਪਲਾਇਰ ਦਾ ਅੰਬਾਲੇ ਤੋਂ ਦੀਵਾਲੀ ਮੁਬਾਰਕ ਦਾ ਸੰਦੇਸ਼ ਆਇਆ। ਬਹੁਤ ਖੁਸ਼ੀ ਹੋਈ। ਚਲੋ ਬਾਕੀਆਂ ਨੇ ਤਾਂ ਮੁੱਖ ਮੋੜ ਲਿਆ ਕੋਈਂ ਤਾਂ ਹੈ ਜੋ ਪੁਰਾਣੇ ਸਬੰਧਾਂ ਨੂੰ ਯਾਦ ਰੱਖਦਾ ਹੈ।
ਅਸਲ ਵਿੱਚ ਇਹ ਸਭ ਗਰਜ਼ੀ ਰਿਸ਼ਤੇ ਹੁੰਦੇ ਹਨ। ਆਪਣੇ ਮਤਲਬ ਕਰਕੇ ਹੀ ਜੁੜੇ ਹੁੰਦੇ ਹਨ। ਸਿਆਣੇ ਕਹਿੰਦੇ ਹਨ ਕਿ ਸੇਵਾਮੁਕਤ ਇਨਸਾਨ ਇੱਕ ਫਿਊਜ ਬਲਬ ਵਰਗਾ ਹੁੰਦਾ ਹੈ। ਫਿਊਜ ਹੋਣ ਤੋਂ ਬਾਅਦ ਸਭ ਬਲਬ ਇੱਕੋ ਜਿਹੇ ਹੋ ਜਾਂਦੇ ਹਨ। ਇਹ ਕੋਈਂ ਮਤਲਬ ਨਹੀਂ ਰਹਿੰਦਾ ਕਿ ਇਹ ਬਲਬ ਕਿੰਨੇ ਵਾਟ ਦਾ ਸੀ ਤੇ ਕਿੱਥੇ ਲੱਗਿਆ ਸੀ। ਸੇਵਾਮੁਕਤ ਅਫਸਰ ਜਿੰਨਾ ਤੋਂ ਉਹਨਾਂ ਦੀ ਨੌਕਰੀ ਦੌਰਾਨ ਦੁਨੀਆ ਥਰ ਥਰ ਕੰਬਦੀ ਸੀ ਸੇਵਾਮੁਕਤੀ ਤੋਂ ਬਾਅਦ ਜ਼ੀਰੋ ਹੋ ਜਾਂਦੇ ਹਨ। ਕਹਿੰਦੇ ਕਹਾਉਂਦੇ ਆਈ ਏ ਐਸ ਤੇ ਆਈ ਪੀ ਐਸ ਅਫਸਰ ਸੇਵਾਮੁਕਤੀ ਤੋਂ ਬਾਅਦ ਪਾਰਕ ਦੇ ਬੈਂਚਾਂ ਤੇ ਇਕੱਲੇ ਬੈਠੇ ਹੁੰਦੇ ਹਨ। ਜਿੰਨਾਂ ਦੀ ਕਾਰ ਦਾ ਦਰਵਾਜ਼ਾ ਕੋਈਂ ਗੰਨਮੈਨ ਯ ਡਰਾਈਵਰ ਖੋਲ੍ਹਦਾ ਹੁੰਦਾ ਸੀ। ਆਪਣੀ ਕਾਰ ਦੇ ਕਪੜਾ ਮਾਰਦੇ ਦੇਖੇ ਜਾਂਦੇ ਹਨ।
ਇਹ ਪੂਰੀ ਦੁਨੀਆ ਦਾ ਵਰਤਾਰਾ ਹੈ। ਇਸ ਵਿੱਚ ਹੈਰਾਨ ਹੋਣ ਵਾਲੀ ਕੋਈਂ ਗੱਲ ਨਹੀਂ। ਇਹ ਕੋਈਂ ਅਚੰਭਾ ਨਹੀਂ। ਫਿਰ ਵੀ ਸਾਡੇ ਨਿੱਜੀ ਸਬੰਧ ਸੇਵਾਮੁਕਤੀ ਤੋਂ ਬਾਅਦ ਵੀ ਕਾਇਮ ਰਹਿੰਦੇ ਹਨ। ਕੁਝ ਲੋਕ ਹੀ ਹੁੰਦੇ ਹਨ ਜੋ ਸੇਵਾ ਮੁਕਤੀ ਤੋਂ ਬਾਅਦ ਵੀ ਸਬੰਧ ਬਣਾਈ ਰੱਖਦੇ ਹਨ ਤੇ ਦੁੱਖਾਂ ਸੁੱਖਾਂ ਚ ਭਾਈਵਾਲ ਬਣਦੇ ਹਨ।ਅਖੌਤੀ ਵੱਡੇ ਲੋਕਾਂ ਦੀ ਬਜਾਇ ਉਹ ਲੋਕ ਜਿੰਨਾ ਨੂੰ ਸਮਾਜ ਛੋਟੇ ਲੋਕ ਕਹਿਂਦਾ ਹੈ ਰਿਸ਼ਤੇ ਨਿਭਾਉਣ ਵਿੱਚ ਜ਼ਿਆਦਾ ਸਮਰਥ ਹੁੰਦੇ ਹਨ। ਇੱਥੇ ਆਕੇ ਗ੍ਰੇਡ ਸਿਸਟਮ ਭਾਵੇਂ ਖਤਮ ਹੋ ਜਾਂਦਾ ਹੈ ਪਰ ਗ੍ਰੇਡ ਵੰਨ ਨਾਲੋਂ ਦਰਜਾ ਚਾਰ ਬਾਜ਼ੀ ਮਾਰ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ