ਗਿਆਰਵੀਂ ਵਿਚ ਪੜਦੀ ਧੀ ਲਈ ਅਚਨਚੇਤ ਨਵੀਂ ਸਕੂਟੀ ਲੈਣੀ ਪੈ ਗਈ..!
ਉੱਤੋਂ ਬੀਮੇ ਦੀ ਕਿਸ਼ਤ..ਕਿਰਾਇਆ..ਅਤੇ ਅਚਾਨਕ ਆਣ ਪਏ ਹੋਰ ਵੀ ਕਿੰਨੇ ਸਾਰੇ ਖਰਚੇ ਅਤੇ ਸ਼ਗਨ ਸਵਾਰਥ..!
ਕੰਮ ਤੋਂ ਆਉਂਦਿਆਂ ਬੋਝੇ ਵਿਚ ਹੱਥ ਮਾਰਿਆ..ਸੌ ਸੌ ਦੇ ਸਿਰਫ ਪੰਜ ਨੋਟ ਹੀ ਬਚੇ ਸਨ..ਉੱਤੋਂ ਅੱਜ ਸਿਰਫ ਸੋਲਾਂ ਤਰੀਖ..ਅੱਧਾ ਮਹੀਨਾ ਅਜੇ ਵੀ ਪਿਆ ਸੀ..ਬਾਕੀ ਦਾ ਕਿੱਦਾਂ ਲੰਘੂ?..ਸੋਚ ਸੋਚ ਡੋਬੂ ਜਿਹੇ ਪਈ ਜਾਣ!
ਗਲੀ ਵੱਲੋਂ ਘਰ ਨੂੰ ਮੁੜਿਆ ਤਾਂ ਬਾਹਰ ਖਲੋਤੀ ਨਵੀਂ ਨਕੋਰ ਮਰੂਤੀ ਕਾਰ ਦਿਸ ਪਈ..ਸਮਝ ਨਾ ਆਵੇ ਕੌਣ ਹੋ ਸਕਦਾ!
ਫੇਰ ਬਰੂਹਾਂ ਤੇ ਹੀ ਅੰਦਰੋਂ ਉਚੀ ਉਚੀ ਹੱਸਣ ਦੀਆਂ ਕਿੰਨੀਆਂ ਸਾਰੀਆਂ ਅਵਾਜਾਂ ਸੁਣ ਗਈਆਂ..ਬਾਹਰਲੇ ਮੁਲਖੋਂ ਆਈ ਵੱਡੀ ਸਾਲ਼ੀ ਸਾਂਢੂ ਅਤੇ ਦੋ ਬੱਚੇ..!
ਮੂੰਹ ਹੱਥ ਧੋ ਕੋਲ ਬੈਠ ਗਿਆ..ਅਗਿਓਂ ਬਾਹਰਲੇ ਦੇਸ਼ਾਂ ਦੀ ਜਿੰਦਗੀ..ਗੋਰੇ ਗੋਰੀਆਂ ਦੇ ਕਿੱਸੇ..ਸਾਫ ਸੁਥਰੇ ਮਾਹੌਲ ਅਤੇ ਹੋਰ ਵੀ ਕਿੰਨੇ ਕੁਝ ਦਾ ਵਿਸਥਾਰ..ਘੰਟਿਆਂ ਬੱਧੀ ਸਿਫਤਾਂ ਦੇ ਪੁਲ ਬੱਝਦੇ ਰਹੇ!
ਮਗਰੋਂ ਨਿਆਣੇ ਖਹਿੜੇ ਪੈ ਗਏ..ਅਖ਼ੇ ਮਾਸੜ ਜੀ ਬਾਹਰੋਂ ਕੁਝ ਖਵਾ ਕੇ ਲਿਆਓ..ਮੇਰੀ ਧੀ ਨੇ ਤਾਂ ਜਾਣੋ ਨਾਂਹ ਕਰ ਦਿੱਤੀ..ਪਿਓ ਦੇ ਹਾਲਾਤਾਂ ਤੋਂ ਸ਼ਾਇਦ ਭਲੀ ਭਾਂਤ ਵਾਕਿਫ ਸੀ..!
ਦੋ ਘੰਟੇ ਲੱਗ ਗਏ..ਵਾਪਿਸ ਮੁੜਿਆ ਤਾਂ ਬੋਝੇ ਵਿਚ ਸੌ ਦਾ ਸਿਰਫ ਇੱਕੋ ਹੀ ਬਾਕੀ ਰਹਿ ਗਿਆ ਸੀ..!
ਅਗਲੇ ਦਿਨ ਕੰਮ ਤੇ ਤੁਰਨ ਲੱਗਾ ਤਾਂ ਨਾਲਦੀ ਨੇ ਮਗਰੋਂ ਵਾਜ ਮਾਰ ਲਈ..ਓਹਲੇ ਜਿਹੇ ਨਾਲ ਹਜਾਰ ਹਜਾਰ ਦੇ ਦੋ ਨੋਟ ਫੜਾ ਦਿੱਤੇ..ਆਖਣ ਲੱਗੀ ਵੱਡੀ ਭੈਣ ਜੀ ਨੇ ਦਿੱਤੇ ਸਨ ਕੇ ਰੱਖ ਲੈ ਜੀਜੇ ਜੀ ਦੇ ਕੰਮ ਆਉਣਗੇ..ਥੋਡੇ ਤੇ ਕੋਈ ਬੋਝ ਨੀ ਬਣਨਾ ਚਹੁੰਦੇ..!
ਇੱਕ ਪਾਸੇ ਬੋਝੇ ਵਿਚ ਪਿਆ ਸੌ ਦਾ ਇੱਕੋ ਇੱਕ ਅਤੇ ਦੂਜੇ ਪਾਸੇ ਹਜਾਰ ਹਜਾਰ ਦੇ ਦੋ..ਬਿੰਦ ਕੂ ਲਈ ਤਾਂ ਸ਼ਸ਼ੋਪੰਜ ਵਿਚ ਪੈ ਗਿਆ..ਫੜਾਂ ਕੇ ਨਾ!
ਫੇਰ ਅਗਲੇ ਹੀ ਪਲ ਚਿਰਾਂ ਤੋਂ ਅੰਦਰ ਬੈਠੇ ਹੋਏ “ਸਵੈ-ਮਾਣ” ਅਤੇ “ਦੁਨੀਆਦਾਰੀ ਦੀਆਂ ਤਲਖ਼ ਹਕੀਕਤਾਂ” ਵਿਚਕਾਰ ਇੱਕ ਜੰਗ ਛਿੜ ਗਈ..ਓਸੇ ਵੇਲੇ ਨਾਲਦੀ ਦੀ ਉਂਗਲ ਵਿਚ ਪਈ ਸੋਨੇ ਦੀ ਮੋਟੀ ਮੁੰਦਰੀ ਲਾਹ ਲਈ ਤੇ ਏਨੀ ਗੱਲ ਆਖ ਦੋ ਨੋਟ ਉਂਝ ਹੀ ਵਾਪਿਸ ਕਰ ਦਿੱਤੇ ਕੇ ਕਰਮਾਂ ਵਾਲੀਏ ਤੇਰੇ ਅੱਗੇ ਤਾਂ ਸੌ ਵੇਰਾਂ ਨਜਰ ਨੀਵੀਂ ਕਰਨੀ ਮਨਜੂਰ ਏ ਪਰ ਜ਼ਿਹਨ ਤੇ ਸਦਾ ਲਈ ਭਾਰੂ ਕਰ ਦਿੱਤਾ ਇਹਸਾਨਮੰਦੀ ਦਾ ਵੱਡਾ ਬੋਝ ਮੈਥੋਂ ਜਿਆਦਾ ਚਿਰ ਸਹਿ ਨਹੀਂ ਹੋਣਾ..!
ਮਗਰੋਂ ਪੱਸਰ ਗਈ ਇੱਕ ਲੰਮੀ ਚੁੱਪ ਅੰਦਰ ਖ਼ਾਤਮਾ ਤੇ ਭਾਵੇਂ ਇੱਕ ਅੰਦਰੂਨੀ ਜੰਗ ਦਾ ਹੀ ਹੋਇਆ ਸੀ ਪਰ ਜਿੱਤ ਦੋ ਜਮੀਰਾਂ ਦੀ ਹੋਈ..!
ਹਰਪ੍ਰੀਤ ਸਿੰਘ ਜਵੰਦਾ