ਵੱਡੀ ਭੈਣ | vaddi bhen

ਗੱਲ1981-82 ਵੇਲੇ ਦੀ ਹੈ..
ਸਕੂਲੋਂ ਪੜਾ ਕੇ ਮੁੜੇ ਨੇ ਸਾਈਕਲ ਅਜੇ ਸਟੈਂਡ ਤੇ ਲਾਇਆ ਹੀ ਹੋਣਾ ਕੇ ਦਾਰ ਜੀ ਰੁੱਕੇ ਤੇ ਲਿਖਿਆ ਇੱਕ ਐਡਰੈੱਸ ਫੜਾਉਂਦੇ ਹੋਏ ਆਖਣ ਲੱਗੇ ਕਾਕਾ ਹੁਣੇ ਬੱਸੇ ਚੜ ਗੁਰਦਾਸਪੁਰ ਵੱਲ ਨੂੰ ਨਿੱਕਲ ਜਾ..ਮੇਰਾ ਦੋਸਤ ਫੌਜ ਦਾ ਸੂਬੇਦਾਰ..ਛੁੱਟੀ ਆਇਆ ਏ..ਉਸਦੀ ਨਿੱਕੀ ਧੀ ਸਾਊ ਜਿਹੀ..ਬੀ.ਐੱਡ ਕੀਤੀ ਏ..ਓਹਨਾ ਸਾਰਿਆ ਤੈਨੂੰ ਝਾਤੀ ਮਾਰਨੀ ਏ..!

ਘੜੀ ਕੂ ਮਗਰੋਂ ਅਮ੍ਰਿਤਸਰ ਬੱਸ ਅੱਡੇ ਆਣ ਪਹੁੰਚਿਆ..
ਓਹਨੀ ਦਿੰਨੀ ਰੋਡਵੇਜ ਦੀਆਂ ਬੱਸਾਂ ਦਾ ਹੀ ਬੋਲਬਾਲਾ ਹੋਇਆ ਕਰਦਾ ਸੀ ਅਤੇ ਘੰਟੇ ਦੇ ਵਖਵੇ ਨਾਲ ਹੀ ਚੱਲਿਆ ਕਰਦੀ ਸੀ..!

ਅੱਡੇ ਤੇ ਬੱਸ ਲੱਗਦਿਆਂ ਹੀ ਸੀਟਾਂ ਮੱਲੀਆਂ ਜਾਂਦੀਆਂ..ਕੁਦਰਤੀ ਹੀ ਮੇਰਾ ਹੱਥ ਪਿਛਲੇ ਡੰਡੇ ਨੂੰ ਪੈ ਗਿਆ..ਕੰਡਕਟਰ ਬੱਸ ਤੋਰਨ ਲਈ ਸੀਟੀ ਮਾਰਨ ਹੀ ਲੱਗਾ ਕੇ ਪਿੱਛੋਂ ਕਿਸੇ ਹੁੱਝ ਜਿਹੀ ਮਾਰੀ..ਪਰਤ ਕੇ ਦੇਖਿਆ ਇੱਕ ਅੱਲੜ ਜਿਹੀ ਉਮਰ ਦੀ ਕੁੜੀ..ਅਜੀਬ ਜਿਹੀ ਅਪਣੱਤ ਜਿਤਾਉਂਦੀ ਹੋਈ ਆਖਣ ਲੱਗੀ ਕੇ ਏਦਾਂ ਲਮਕ ਕੇ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀਂ..ਅਗਲੀ ਉਡੀਕ ਲਵੋ..ਆਉਣ ਹੀ ਵਾਲੀ ਏ!

ਮੈਂ ਹੇਠਾਂ ਉੱਤਰ ਆਇਆ ਪਰ ਹੈਰਾਨ ਪ੍ਰੇਸ਼ਾਨ ਸਾਂ ਕੇ ਨਾ ਜਾਣ ਤੇ ਨਾ ਪਹਿਚਾਣ..ਫੇਰ ਵੀ ਪਾਬੰਦੀਆਂ ਅਤੇ ਬੰਦਸ਼ਾਂ ਵਾਲੇ ਉਸ ਜਮਾਨੇ ਵਿਚ ਬਿਨਾ ਝਿਜਕ ਗੱਲ ਕਰਨ ਵਾਲੀ ਏਡੀ ਦਲੇਰ ਕੁੜੀ ਕੌਣ ਹੋ ਸਕਦੀ ਏ?

ਦੂਰ ਬੈਠੀ ਹੋਈ ਨੂੰ ਚੋਰ ਜਿਹੀ ਅੱਖ ਨਾਲ ਦੇਖ ਲੈਂਦਾ ਤਾਂ ਉਹ ਅੱਗੋਂ ਨਿੰਮਾ ਜਿਹਾ ਮੁਸਕੁਰਾ ਪਿਆ ਕਰਦੀ..ਫੇਰ ਅਗਲੀ ਬੱਸ ਆਈ..ਓਨੀ ਹੀ ਤੇਜੀ ਨਾਲ ਫੇਰ ਭਰ ਵੀ ਗਈ..ਕਿਸੇ ਤਰਾਂ ਅੰਦਰ ਵੜ ਹੀ ਗਿਆ..ਡਰਾਈਵਰ ਦੇ ਬਰੋਬਰ ਵਾਲੀ ਸੀਟ ਤੇ ਬੈਠੀ ਨੇ ਇਸ਼ਾਰਾ ਕਰ ਕੋਲ ਸੱਦ ਲਿਆ..ਹੈਰਾਨ ਸਾਂ ਕੇ ਉਸਨੇ ਏਡੀ ਛੇਤੀ ਅੰਦਰ ਵੜ ਸੀਟ ਕਿਦਾਂ ਮੱਲ ਲਈ..!

ਆਸੇ ਪਾਸੇ ਦੇਖਿਆ..ਫੇਰ ਸੁੰਗੜ ਕੇ ਉਸ ਨਾਲੋਂ ਵਿੱਥ ਜਿਹੀ ਬਣਾਕੇ ਕੋਲ ਬੈਠ ਗਿਆ..
ਉਹ ਕਿੰਨਾ ਚਿਰ ਬਾਹਰ ਨੂੰ ਦੇਖਦੀ ਰਹੀ..ਵੇਰਕੇ ਕੋਲ ਅੱਪੜ ਉਸਨੇ ਮੇਰਾ ਨਾਮ ਪੁੱਛਿਆ..ਮੈਂ ਵੀ ਅਗਿਓਂ ਉਸਦਾ ਸ਼ਹਿਰ ਪੁੱਛਿਆ..ਨਵਜੋਤ ਕੌਰ ਨਾਮ ਦੀ ਉਹ ਕੁੜੀ ਵੀ ਗੁਰਦਾਸਪੁਰ ਦੀ ਹੀ ਰਹਿਣ ਵਾਲੀ ਨਿੱਕਲੀ..ਫੇਰ ਨੌਕਰੀ ਅਤੇ ਹੋਰ ਕਿੰਨੇ ਵਿਸ਼ਿਆਂ ਤੇ ਗੱਲਾਂ ਹੋਈਆਂ..!

ਬੱਸ ਅਜੇ ਨੌਸ਼ੇਹਰਿਓਂ ਕੁਝ ਹੀ ਦੂਰ ਗਈ ਹੋਣੀ ਕੇ ਰੌਲਾ ਪੈ ਗਿਆ..
ਬਿਧੀ ਪੁਰ ਰੇਲਵੇ ਫਾਟਕ ਤੇ ਇੱਕ ਬੱਸ ਦੀ ਰੇਲ ਗੱਡੀ ਨਾਲ ਟੱਕਰ ਹੋ ਗਈ..
ਕਾਫੀ ਬੰਦੇ ਮਰ ਗਏ..ਗਹੁ ਨਾਲ ਵੇਖਿਆ ਤਾਂ ਓਹੀ ਬੱਸ ਸੀ ਜਿਸਤੋਂ ਕਿਸੇ ਦੇ ਆਖੇ ਮੈਂ ਹੇਠਾਂ ਉੱਤਰ ਆਇਆ ਸਾਂ..ਮੇਰੀਆਂ ਨਜਰਾਂ ਆਪਮੁਹਾਰੇ ਹੀ ਨਵਜੋਤ ਕੌਰ ਨੂੰ ਲੱਭਣ ਲੱਗ ਪਈਆਂ..ਮੇਰੀ ਜਾਣ ਬਚਾਈ..ਧੰਨਵਾਦ ਕਰਨਾ ਤੇ ਬਣਦਾ ਹੀ ਸੀ..ਪਰ ਭੱਜਦੌੜ ਵਾਲੇ ਉਸ ਮਾਹੌਲ ਵਿਚ ਉਹ ਮੈਨੂੰ ਕਿਧਰੇ ਵੀ ਨਾ ਦਿਸੀ!

ਉੱਤੋਂ ਦਿਨ ਡੁੱਬੀ ਜਾ ਰਿਹਾ ਸੀ..ਡਰਾਈਵਰ ਆਖਣ ਲੱਗਾ ਕੇ ਬੱਸ ਇਥੋਂ ਅੱਗੇ ਨਹੀਂ ਜਾਣੀ..!
ਟਾਂਗੇ ਤੇ ਚੜ ਸੋਹਲ ਤੱਕ ਆਇਆ..ਫੇਰ ਇੱਕ ਸਾਈਕਲ ਵਾਲੇ ਮਗਰ ਬੈਠ ਗੁਰਦਾਸਪੁਰ ਆਪਣੀ ਮੰਜਿਲ ਤੱਕ ਆਣ ਅੱਪੜਿਆ!

ਓਥੇ ਵੀ ਇਸ ਹਾਦਸੇ ਕਰਕੇ ਸੋਗ ਜਿਹਾ ਪਿਆ ਹੋਇਆ ਸੀ..
ਚਾਹ ਪਾਣੀ ਮਗਰੋਂ ਧਿਆਨ ਜਦੋਂ ਕੰਧ ਤੇ ਟੰਗੀ ਇੱਕ ਤਸਵੀਰ ਵੱਲ ਗਿਆ ਤਾਂ ਮੂੰਹ ਅੱਡਿਆ ਰਹਿ ਗਿਆ..ਇਹ ਤਾਂ ਓਹੀ ਸੀ..ਪੁੱਛਿਆ ਤਾਂ ਸੂਬੇਦਾਰ ਸਾਬ ਦੱਸਣ ਲੱਗੇ ਕੇ ਉਹ ਨਵਜੋਤ ਕੌਰ ਮੇਰੀ ਵੱਡੀ ਧੀ ਸੀ..ਕੁਝ ਵਰੇ ਪਹਿਲਾਂ ਅੰਮ੍ਰਿਤਸਰੋਂ ਆਉਂਦੀ ਹੋਈ ਇੱਕ ਬੱਸ ਹਾਦਸੇ ਵਿਚ ਵਿਛੜ ਗਈ ਸੀ..ਮੈਂ ਸੁੰਨ ਹੋ ਗਿਆ..ਪਿਛਲੇ ਚਾਰ ਘੰਟਿਆਂ ਵਿਚ ਵਾਪਰਿਆ ਸਾਰਾ ਵਰਤਾਰਾ ਰੀਲ ਵਾਂਙ ਮੇਰੇ ਜ਼ਿਹਨ ਵਿਚ ਘੁੰਮ ਗਿਆ..!

ਅਗਲੇ ਦਿਨ ਵਾਪਿਸ ਘਰੇ ਅੱਪੜ ਜਦੋਂ ਹਾਂ-ਨਾਂਹ ਕਰਨ ਦੀ ਵਾਰੀ ਆਈ ਤਾਂ ਖਿਆਲ ਆਇਆ ਕੇ ਜਿਸ ਰਿਸ਼ਤੇ ਨੂੰ ਬਚਾਉਣ ਖਾਤਿਰ ਕੋਈ ਪਾਕ ਪਵਿੱਤਰ ਰੂਹ ਦੂਜੇ ਜਹਾਨ ਤੋਂ ਉਚੇਚਾ ਸਫ਼ਰ ਕਰ ਇਥੇ ਆਣ ਅੱਪੜੀ ਹੋਵੇ..ਉਸਨੂੰ ਨਾਂਹ ਕਰਨ ਵਾਲਾ ਭਲਾ ਮੈਂ ਕੌਣ ਹੋ ਸਕਦਾ ਹਾਂ..
ਸਾਲ ਬਾਅਦ ਮਗਰੋਂ ਹੀ ਗੁਰਦਾਸਪੁਰ ਮੇਰੇ ਆਪਣਿਆਂ ਦਾ ਸ਼ਹਿਰ ਬਣ ਗਿਆ ਅਤੇ ਅਤੇ ਮੇਰੇ ਲੜ ਲੱਗੀ ਮੇਰਾ ਸਭ ਕੁਝ..!

ਬਿਧੀ ਪੁਰ ਦਾ ਰੇਲਵੇ ਫਾਟਕ..ਅੱਜ ਵੀ ਜਦੋਂ ਕਦੀ ਲੰਘਣ ਦਾ ਸਬੱਬ ਬਣਦਾ ਤਾਂ ਪਤਾ ਨਹੀਂ ਕਿਓਂ ਸਿਰ ਆਪ ਮੁਹਾਰੇ ਹੀ ਉਸ ਜਗਾ ਝੁਕ ਜਾਇਆ ਕਰਦਾ ਏ..ਠੀਕ ਓਸੇ ਜਗਾ ਜਿਥੇ ਕਦੀ ਕਿਸੇ ਦੀ ਕੀਤੀ ਹੋਈ ਮੇਹਰਬਾਨੀ ਕਾਰਨ ਮੇਰਾ ਦੋਬਾਰਾ ਪੁਨਰਜਨਮ ਹੋਇਆ ਸੀ!

ਨਾਲਦੀ ਅੱਜ ਵੀ ਅਕਸਰ ਵੱਡੀ ਭੈਣ ਨੂੰ ਯਾਦ ਕਰਦੀ ਹੋਈ ਆਖ ਦਿੰਦੀ ਏ ਕੇ ਨਿੱਕੇ ਹੁੰਦਿਆਂ ਮੇਰੇ ਗੁੱਡੀਆਂ ਪਟੋਲੇ ਅਤੇ ਕਿੰਨੇ ਸਾਰੇ ਖਿਡਾਉਣੇ ਗਵਾਚਣੋ ਬਚਾਉਣ ਦੀ ਜੁੰਮੇਵਾਰੀ ਮੇਰੀ ਵੱਡੀ ਭੈਣ ਜੀ ਦੀ ਹੀ ਹੋਇਆ ਕਰਦੀ ਸੀ..!

ਨੋਟ:ਓਹਨੀਂ ਦਿਨੀਂ ਧਾਰੀਵਾਲ ਰੇਲਵੇ ਸਟੇਸ਼ਨ ਤੇ ਕੰਮ ਕਰਦੇ ਮੇਰੇ ਪਿਤਾ ਜੀ ਨੂੰ ਕਿਸੇ ਵੱਲੋਂ ਦੱਸੀ ਇਸ ਕਹਾਣੀ ਤੇ ਲਿਖੀ ਇਸ ਪੋਸਟ ਨੂੰ ਅੰਧ ਵਿਸ਼ਵਾਸ਼ ਦੇ ਨਜਰੀਏ ਤੋਂ ਬਿਲਕੁਲ ਵੀ ਨਾ ਪੜਿਆ ਜਾਵੇ!

ਹਰਪ੍ਰੀਤ ਸਿੰਘ

26 comments

  1. ਵਾਹ! ਸਿਰਫ ਇੰਨਾ ਹੀ ਬਹੁਤ ਹੈ। ਮੈਂ ਜਵੰਦਾ ਸਾਹਿਬ ਦੀਆਂ ਲਿਖਤਾਂ ਦੀ ਤਰੀਫ ਲਈ ਹੋਰ ਸ਼ਬਦ ਨਹੀਂ ਲੱਭ ਸਕਦਾ।

  2. ਵਧਾਈ ਦੇ ਪਾਤਰ ਹਨ ਜਵੰਧਾ ਸਾਹਿਬ ਇਨੀਆਂ ਵਧੀਆ ਲਿਖਤਾਂ ਲਈ

  3. ਬਹੁਤ ਵਧੀਆ ਜੀਭ ਕੁਝ ਪੁਰਾਨਾ ਟਾਇਮ ਯਾਦ ਆਇਆ

  4. Harpreet ji, I am from Dhariwal. I have heard this story from some onebut don’t remember who told me.Its real.

  5. ਜਜ਼ਬਾਤੀ ਕਰ ਦਿੱਤਾ ਤੁਹਾਡੀ ਕਹਾਣੀ ਨੇ,ਬਹੁਤ ਵਧੀਆ ਹੈ ਜੀ।

  6. ਜਵੰਦਾ ਦੀ ਬਹੁਤ ਕੀਮਤੀ ਕਹਾਣੀ ਸਚਾਈ ਵੀ ਐ ਤੁਸਾਂ ਮੁਤਾਬਕ 👌👌🙏🙏🙏🙏

Leave a Reply

Your email address will not be published. Required fields are marked *