#ਰਹਿਮਤ_ਦਾ_ਦਰ(4)
ਸੋਲਾਂ ਮਾਰਚ 1994 ਨੂੰ ਮੇਰੀ ਸ਼ਾਹ ਸਤਨਾਮ ਜੀ ਗਰਲਜ਼ ਸਕੂਲ ਵਿੱਚ ਪਹਿਲੀ ਹਾਜਰੀ ਸੀ। ਸਕੂਲ ਇੱਕ ਅਪ੍ਰੈਲ ਤੋਂ ਸ਼ੁਰੂ ਹੋਣਾ ਸੀ। ਅਜੇ ਤਿਆਰੀਆਂ ਚੱਲ ਰਹੀਆਂ ਸਨ। ਮੈਂ, ਬਾਬੂ ਇੰਦਰਸੈਣ ਜੀ, ਬਾਈ ਅਵਤਾਰ ਜੀ, ਬਾਈ ਗੁਰਬਾਜ ਜੀ ਨਾਲ ਸੰਮਤੀ ਦੀ ਜੀਪ ਤੇ ਸਕੂਲ ਦੇ ਬੱਚਿਆਂ ਅਤੇ ਸਟਾਫ ਲਈ ਹਾਜਰੀ ਰਜਿਸਟਰ ਅਤੇ ਹੋਰ ਸਟੇਸ਼ਨਰੀ ਖਰੀਦਣ ਬਜ਼ਾਰ ਗਿਆ। ਬਾਊ ਜੀ ਅਤੇ ਬਾਕੀ ਪ੍ਰਬੰਧਕਾਂ ਦਾ ਮੇਰੇ ਪ੍ਰਤੀ ਰਵਈਆ ਬਹੁਤਾ ਹਾਂ ਪੱਖੀ ਨਹੀਂ ਸੀ। ਛੋਟੇ ਜਿਹੇ ਕੰਮ ਲਈ ਉਹ ਸਾਰਾ ਦਿਨ ਬਜ਼ਾਰ ਘੁੰਮਦੇ ਘੁੰਮਾਉਂਦੇ ਰਹੇ। ਮੈਨੂੰ ਇਹਨਾਂ ਜਿੰਮੇਵਾਰਾਂ ਦਾ ਇਸ ਤਰ੍ਹਾਂ ਟਾਈਮ ਖ਼ਰਾਬ ਕਰਨਾ ਸਹੀ ਨਹੀਂ ਲੱਗਿਆ। ਸ਼ਾਮੀ ਮੈਂ ਘਰ ਆ ਗਿਆ ਤੇ ਅਗਲੇ ਦਿਨ ਫਿਰ ਦਰਬਾਰ ਚਲਾ ਗਿਆ। ਬਾਊ ਜੀ ਨੇ ਮੈਨੂੰ ਕਹਿ ਦਿੱਤਾ ਕਿ ਪਿਤਾ ਜੀ ਨੇ ਤੁਹਾਨੂੰ ਸੇਵਾ ਤੋਂ ਜਵਾਬ ਦੇ ਦਿੱਤਾ ਹੈ। ਉਸਨੇ ਦੱਸਿਆ ਕਿ ਰਾਤੀ ਜਦੋਂ ਪੁਰਾਣੇ ਤੇਰਾਵਾਸ ਦਾ ਗੇਟ ਬਣ ਰਿਹਾ ਸੀ ਤਾਂ ਉਸ ਟਾਈਮ ਪਿਤਾ ਜੀ ਨੇ ਫਰਮਾਇਆ ਹੈ। ਬਾਊ ਜੀ ਨੇ ਸਕੂਲ ਬਾਰੇ ਕੁਝ ਉਲਟ ਪੁਲਟ ਵੀ ਕਿਹਾ। ਮੈਂ ਸ਼ਾਮੀ ਘਰੇ ਆਕੇ ਪਾਪਾ ਜੀ ਨਾਲ ਗੱਲ ਕੀਤੀ। ਪਰ ਪਿਤਾ ਜੀ ਇਸ ਤਰ੍ਹਾਂ ਨਹੀਂ ਫਰਮਾਉਂਦੇ। ਸਾਨੂੰ ਇਹ ਯਕੀਨ ਸੀ। ਆਪਣੇ ਸੰਤ ਸਤਿਗੁਰੂ ਤੇ ਇੰਨਾ ਯਕੀਨ ਹੀ ਕਰਨਾ ਚਾਹੀਦਾ ਹੈ। ਫਿਰ ਮੈਂ ਦੋ ਤਿੰਨ ਦਿਨ ਦਰਬਾਰ ਨਾ ਗਿਆ। ਤੀਸਰੇ ਹਫਤੇ ਦਾ ਬੁੱਧਰਵਾਲੀ ਦਰਬਾਰ ਦਾ ਸਤਿਸੰਗ ਸੀ। ਅਸੀਂ ਸਾਰਾ ਪਰਿਵਾਰ ਸਤਿਸੰਗ ਤੇ ਗਏ। ਸਤਿਸੰਗ ਦੀ ਸਮਾਪਤੀ ਤੋਂ ਬਾਅਦ ਅਸੀਂ ਪਿਓ ਪੁੱਤ ਮਿਲਣ ਵਾਲਿਆਂ ਦੀ ਲਾਈਨ ਵਿੱਚ ਲੱਗ ਗਏ।
“ਹਾਂ ਬੇਟਾ ਠੀਕ ਹੋ। ਹੁਣ ਤਾਂ ਰਮੇਸ਼ ਡੇਰੇ ਸੇਵਾ ਤੇ ਪਹੁੰਚ ਗਿਆ। ਖੁਸ਼ ਹੋ ਨਾ।” ਪਿਤਾ ਜੀ ਨੇ ਨੇੜੇ ਆਉਂਦਿਆਂ ਹੀ ਪਾਪਾ ਜੀ ਨੂੰ ਬਚਨ ਫ਼ਰਮਾਏ ਤੇ ਆਪਣੇ ਕਰ ਕਮਲਾਂ ਨਾਲ ਅਸ਼ੀਰਵਾਦ ਵੀ ਦਿੱਤਾ।
“ਪਰ ਪਿਤਾ ਜੀ ਰਮੇਸ਼ ਦੀ ਤਾਂ ਛੁੱਟੀ ਵੀ ਕਰ ਦਿੱਤੀ। ਜਵਾਬ ਦੇ ਦਿੱਤਾ ਇਸਨੂੰ।” ਪਾਪਾ ਜੀ ਨੇ ਬੇਝਿਜਕ ਹੋਕੇ ਪਿਤਾ ਜੀ ਨੂੰ ਦੱਸਿਆ।
“ਕਿਸ ਨੇ ਛੁੱਟੀ ਕੀਤੀ ਹੈ ਤੇ ਕੀ ਕਿਹਾ ਹੈ।” ਪਿਤਾ ਜੀ ਨੇ ਪੂਰੀ ਹੈਰਾਨੀ ਦਿਖਾਉਂਦੇ ਹੋਏ ਕਿਹਾ। ਪਿਤਾ ਜੀ ਦੇ ਚੇਹਰੇ ਤੇ ਗੁੱਸਾ ਸੀ।
“ਬਾਬੂ ਇੰਦਰਸੈਣ ਜੀ ਨੇ ਕਿਹਾ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਪਿਤਾ ਜੀ ਨੇ ਹੀ ਫਰਮਾਇਆ ਹੈ।” ਹੁਣ ਮੈਂ ਦੋਵੇਂ ਹੱਥ ਜੋੜਕੇ ਬੋਲਿਆ।
“ਕਮਲੇ ਹਰ ਗੱਲ ਵਿੱਚ ਸਾਡਾ ਨਾਮ ਲ਼ੈ ਦਿੰਦੇ ਹਨ। ਇਹ ਨਹੀਂ ਹੋ ਸਕਦਾ। ਤੁਸੀਂ ਕੱਲ੍ਹ ਸ਼ਾਮ ਨੂੰ ਸਰਸਾ ਦਰਬਾਰ ਆ ਜਾਓ। ਫਿਰ ਗੱਲ ਕਰਦੇ ਹਾਂ।” ਪਿਤਾ ਜੀ ਨੇ ਫਰਮਾਇਆ ਤੇ ਨਾਲ ਹੀ ਆ ਰਹੇ ਇੱਕ ਸਾਧੂ ਨੂੰ ਸਾਨੂੰ ਪ੍ਰਸ਼ਾਦ ਦੇਣ ਦਾ ਇਸ਼ਾਰਾ ਕੀਤਾ। ਅਸੀਂ ਛਾਲਾਂ ਮਾਰਦੇ ਡੱਬਵਾਲੀ ਆ ਗਏ।
ਅਗਲੇ ਦਿਨ ਅਸੀਂ ਫਿਰ ਪੂਰਾ ਪਰਿਵਾਰ ਸਰਸਾ ਦਰਬਾਰ ਚਲੇ ਗਏ। ਓਹਨਾ ਦਿਨਾਂ ਵਿੱਚ ਅਜੇ ਸੱਚਖੰਡ ਹਾਲ ਦੇ ਅੰਦਰਲੇ ਪਿਲਰ ਬਣ ਰਹੇ ਸਨ। ਪਿਤਾ ਜੀ ਬਿਲਕੁਲ ਅੰਦਰ ਮਿਸਤਰੀਆਂ ਅਤੇ ਸੇਵਾਦਾਰਾਂ ਕੋਲ ਚਲੇ ਗਏ। ਅਸੀਂ ਪਿਤਾ ਜੀ ਕੋਲ ਜਾ ਰਹੇ ਓਮ ਪ੍ਰਕਾਸ਼ ਬਰੇਟਾ ਨੂੰ ਰਾਹੀਂ ਅੰਦਰ ਪਿਤਾ ਜੀ ਕੋਲ ਸੁਨੇਹਾ ਭੇਜਿਆ ਕਿ “ਡੱਬਵਾਲੀ ਤੋਂ ਸੇਠੀ ਪਰਿਵਾਰ ਆਇਆ ਹੈ।” ਦਸ ਕੁ ਮਿੰਟਾਂ ਬਾਅਦ ਬਰੇਟਾ ਜੀ ਨੇ ਦੱਸਿਆ “ਅੰਦਰ ਤੁਹਾਡੀ ਗੱਲ ਹੀ ਚੱਲ ਰਹੀ ਹੈ। ਪਿਤਾ ਜੀ ਵੀ ਤੁਹਾਡਾ ਜਿਕਰ ਕਰ ਰਹੇ ਹਨ।”
ਥੋੜੀ ਦੇਰ ਬਾਅਦ ਹੀ ਪਿਤਾ ਜੀ ਬਾਹਰ ਆ ਗਏ। ਓਹਨਾ ਨੇ ਸਾਨੂੰ ਪਿਓ ਪੁੱਤਰਾਂ ਨੂੰ ਆਪਣੇ ਨਾਲ ਤੇਰਾਵਾਸ ਆਉਣ ਦਾ ਇਸ਼ਾਰਾ ਕੀਤਾ। ਮੈਂ ਉਸ ਦਿਨ ਪਹਿਲੀ ਵਾਰ ਦੇਖਿਆ ਸੀ ਕਿ ਬਾਬੂ ਇੰਦਰਸੈਣ ਸਮੇਤ ਸਾਰੇ ਪ੍ਰਬੰਧਕ ਪਿਤਾ ਜੀ ਦੇ ਮੂਹਰੇ ਚੱਲ ਰਹੇ ਸਨ। ਇਸ ਤਰ੍ਹਾਂ ਲਗਦਾ ਸੀ ਜਿਵੇਂ ਪਿਤਾ ਜੀ ਨੇ ਵਾਹਵਾ ਝਿੜਕੇ ਹੋਣ। ਪਿਤਾ ਜੀ ਦੇ ਨਾਲ ਅਸੀਂ ਤੇਰਾਵਾਸ ਅੰਦਰ ਚਲੇ ਗਏ। ਮੈਨੂੰ ਡਰ ਲੱਗ ਰਿਹਾ ਸੀ। ਉਸ ਦਿਨ ਪਿਤਾ ਜੀ ਹੋਰ ਕਿਸੇ ਨੂੰ ਨਹੀਂ ਮਿਲੇ। ਸ਼ਾਮ ਦੀ ਮਜਲਿਸ ਵੀ ਕੈਂਸਲ ਸੀ।
ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਸੀ ਦੇਖਿਆ। ਪਰਮਪਿਤਾ ਜੀ ਸਮੇਂ ਵੀ ਕਈ ਸੇਵਾ ਸੰਮਤੀ ਵਾਲ਼ੇ ਆਪਣੀ ਚਲਾ ਜਾਂਦੇ ਸਨ। ਮਾਲਿਕ ਨੂੰ ਸਭ ਦੀ ਲਾਜ ਰੱਖਣੀ ਪੈਂਦੀ ਹੈ।
ਚਲਦਾ।
ਰਮੇਸਸੇਠੀਬਾਦਲ