ਇੱਕ ਕਹਾਣੀ | ikk kahani

ਮੇਰੀ ਮਾਂ ਇੱਕ ਕਹਾਣੀ ਸੁਣਾਉਂਦੀ ਹੁੰਦੀ ਸੀ। ਥੋੜੀ ਜਿਹੀ ਕਹਾਣੀ ਮੈਂ ਭੁੱਲ ਗਿਆ। ਕੱਲ੍ਹ ਰਾਤ ਵੱਡੀ ਭੈਣ ਪਰਮਜੀਤ ਨਾਲ ਸਾਂਝੀ ਕੀਤੀ ਫਿਰ ਪੂਰੀ ਕਹਾਣੀ ਯਾਦ ਆ ਗਈ।
ਕਿਸੇ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ। ਹੋਲੀ ਹੋਲੀ ਉਹ ਦਾਣੇ ਦਾਣੇ ਤੋਂ ਮੁਥਾਜ ਹੋ ਗਿਆ। ਉਹ ਪਿੰਡ ਛੱਡਕੇ ਕਿਤੇ ਬਾਹਰ ਚਲੇ ਗਏ। ਰਾਤ ਕੱਟਣ ਲਈ ਉਹ ਇੱਕ ਦਰਖਤ ਥੱਲੇ ਰੁੱਕ ਗਏ।
“ਬੇਟਾ ਜ਼ਾ ਥੋੜੀਆਂ ਜਿਹੀਆਂ ਲੱਕੜਾਂ ਲੈ ਆ ਜੰਗਲ ਤੋਂ।” ਮਾਂ ਨੇ ਬੇਟੇ ਨੂੰ ਕਿਹਾ। ਤੇ ਬੇਟਾ ਬਿਨਾਂ ਚੂੰ ਚਾਂ ਕੀਤੇ ਲੱਕੜਾਂ ਲੈਣ ਚਲਾ ਗਿਆ।
“ਧੀਏ ਜ਼ਾ ਨੇੜਲੇ ਖੂਹ ਤੋਂ ਪਾਣੀ ਭਰ ਲਿਆ।” ਧੀ ਚੁੱਪ ਚਾਪ ਜ਼ਾਕੇ ਪਾਣੀ ਭਰ ਲਿਆਈ।
ਉਸ ਦਰੱਖਤ ਤੇ ਚਕਵਾ ਚਕਵੀ ਬੈਠੇ ਸਨ। ਉਹਨਾਂ ਦੇਖਿਆ ਕਿ ਪਰਿਵਾਰ ਵਿੱਚ ਬਹੁਤ ਇਤਫ਼ਾਕ ਹੈ। ਓਹਨਾ ਦੇ ਵਰਦਾਨ ਦਿੱਤਾ ਕਿ ਤੁਹਾਨੂੰ ਕੋਈ ਕਮੀ ਨਹੀਂ ਆਵੇਗ਼ੀ। ਉਹ ਪਰਿਵਾਰ ਦਿਨਾਂ ਵਿੱਚ ਹੀ ਖੁਸ਼ਹਾਲ ਹੋ ਗਿਆ।
ਇਸੇ ਤਰਾਂ ਜਦੋ ਇਸ ਗੱਲ ਦਾ ਪਿੰਡ ਦੇ ਦੂਸਰੇ ਗਰੀਬ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹ ਪਰਿਵਾਰ ਵੀ ਉਸੇ ਦਰੱਖਤ ਥੱਲੇ ਰਾਤ ਕੱਟਣ ਲਈ ਪਹੁੰਚ ਗਿਆ।
“ਬੇਟਾ ਜਾ ਜੰਗਲ ਚੋਂ ਕੁਝ ਲੱਕੜਾਂ ਲੈ ਆ।” ਮਾਂ ਨੇ ਬੇਟੇ ਨੂੰ ਕਿਹਾ।
“ਲੈ ਅੰਨ ਦਾ ਦਾਣਾ ਕੋਲ ਨਹੀਂ ਪਕਾਉਣ ਨੂੰ। ਲੱਕੜਾਂ ਨਾਲ ਕੀ ਮੱਚਣਾ ਹੈ ਤੂੰ।” ਉਸਨੇ ਉਸੇ ਵੇਲੇ ਕੋਰਾ ਜਬਾਬ ਦੇ ਦਿੱਤਾ।
“ਬੇਟੀ ਜਾ ਥੋੜਾ ਪਾਣੀ ਲੈ ਆ ਨੇੜਲੇ ਖੂਹ ਤੋਂ।” ਮਾਂ ਨੇ ਬੇਟੀ ਨੂੰ ਕਿਹਾ।
“ਲੈ ਅਨਾਜ ਦਾ ਦਾਣਾ ਕੋਲ ਨਹੀਂ।ਪਾਣੀ ਵਿੱਚ ਕੀ ਡੁੱਬਣਾ ਹੈ।” ਬੇਟੀ ਨੇ ਕੋਰਾ ਜਬਾਬ ਦਿੱਤਾ।
ਦਰਖਤ ਤੇ ਬੈਠੇ ਚਕਵਾ ਤੇ ਚਕਵੀ ਨੇ ਦੇਖਿਆ ਕਿ ਪਰਿਵਾਰ ਵਿੱਚ ਭੋਰਾ ਵੀ ਇਤਫ਼ਾਕ ਨਹੀਂ। ਕੋਈ ਕਿਸੇ ਦਾ ਕਹਿਣਾ ਨਹੀਂ ਮੰਨਦਾ।
“ਭਾਈ ਤੁਸੀ ਆਪਣੇ ਪਿੰਡ ਵਾਪਿਸ ਚਲੇ ਜਾਉਂ। ਤੁਹਾਡੀ ਕਿਸਮਤ ਵਿੱਚ ਭੁੱਖ ਹੀ ਲਿਖੀ ਹੈ। ਜਿਸ ਘਰ ਦੇ ਸਾਰੇ ਜੀਆਂ ਵਿਚ ਪ੍ਰੇਮ ਹੋਵੇ ਸੰਸਕਾਰ ਹੋਣ ਉਸ ਪਰਿਵਾਰ ਵਿੱਚ ਕਦੇ ਗਰੀਬੀ ਆ ਹੀ ਨਹੀਂ ਸਕਦੀ। ਜੇ ਗਰੀਬੀ ਆ ਵੀ ਜਾਵੇ ਤਾਂ ਬਹੁਤਾ ਸਮਾਂ ਨਹੀਂ ਟਿਕਦੀ।
“ਸੋ ਬੇਟਾ ਆਪਸ ਵਿਚ ਇਤਫ਼ਾਕ ਬਣਾਕੇ ਰੱਖੋ। ਵੱਡਿਆਂ ਦਾ ਕਹਿਣਾ ਮੰਨੋ। ਕਦੇ ਕਿਸੇ ਗੱਲ ਤੋਂ ਜਬਾਬ ਨਾ ਦਿਓਂ। ਪਹਿਲੇ ਬੋਲ ਮਾਂ ਪਿਓ ਦੀ ਗੱਲ ਸੁਣੋ। ਮੇਰੀ ਮਾਂ ਕਹਾਣੀ ਸੁਣਾਕੇ ਸਾਨੂੰ ਮੱਤ ਦਿੰਦੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *