ਇਜੀ ਡੇ ਦਾ ਇਜੀ | easy day da easy

“ਦੋ ਕੁ ਕੰਬਲ਼ ਧੋਣੇ ਹਨ ਇਜੀ ਲਿਆਉਓ ਮਾਰਕੀਟ ਤੋਂ।” ਮੇਰੇ ਨਾਲ ਸੂਟ ਡਰਾਈਕਲੀਨ ਲਈ ਦੇਣ ਗਈ ਨੇ ਮੈਨੂੰ ਗੱਡੀ ਚ ਬੈਠਦੇ ਨੂੰ ਕਿਹਾ।
ਇਜੀ ਦਾ ਮਤਲਬ ਡੇਢ ਦੋ ਸੌ ਨੂੰ ਚੂਨਾ। ਮੈਂ ਟਾਲਾ ਵੱਟਣ ਦੀ ਫ਼ਿਰਾਕ ਵਿੱਚ ਸੀ।
“ਦਸ ਦਸ ਦਾ ਪਾਊਚ ਆਉਂਦਾ ਹੈ। ਪੰਜ ਪਾਊਚ ਵਾਧੂ ਹਨ।” ਉਸਨੇ ਮੇਰਾ ਮੂਡ ਵੇਖਕੇ ਕਿਹਾ। ਮੈਨੂੰ ਵੀ ਲੱਗਿਆ ਕਿ ਪੰਜ ਪਾਊਚ ਨਾਲ ਸਰ ਜਾਵੇਗਾ। ਸੋਦਾ ਕੋਈਂ ਮਹਿੰਗਾ ਨਹੀਂ। ਪਰ ਦੁਕਾਨਦਾਰ ਕੋਲ ਸਟਾਕ ਵਿੱਚ ਨਹੀਂ ਸੀ। ਉਸਨੇ ਨੇੜਲੇ ਸਟੋਰ ਦੀ ਦੱਸ ਪਾਈ। ਇਸ ਦਾ ਨਾਮ #ਨਾਮਧਾਰੀ_ਸਟੋਰ ਸੀ। ਇਹ ਕੋਈਂ ਅੱਠ ਦੱਸ ਦੁਕਾਨਾਂ ਛੱਡਕੇ ਸੀ। ਬਠਿੰੜੇ ਵਿੱਚ ਇਹਨਾਂ ਦੇ ਚਾਰ ਵੱਡੇ ਸਟੋਰ ਹਨ। ਜਦੋਂ ਮੈਂ ਇਜੀ ਦੇ ਪਾਊਚ ਮੰਗੇ ਤਾਂ ਕਾਊਂਟਰ ਤੇ ਬੈਠੇ ਸਰਦਾਰ ਜੀ ਨੇ ਅੰਦਰ ਵੱਲ ਇਸ਼ਾਰਾ ਕੀਤਾ। ਇਹ ਕਾਫੀ ਲੰਬਾ ਚੋੜਾ ਸਟੋਰ ਸੀ। ਇਹ ਪਾਊਚ ਜਵਾਂ ਅਖੀਰ ਤੇ ਪਏ ਸਨ। ਮੈਂ ਪਾਊਚ ਚੁੱਕੇ ਤੇ ਮੇਰੀ ਨਿਗ੍ਹਾ ਲਕਸ ਦੀਆਂ ਸਾਬਣਾਂ, ਰੈਡ ਡਾਬਰ ਦਾਂਤ ਮੰਜਨ, ਟੁੱਥ ਬਰੁਸ਼, ਬਿਸਕੁਟ, ਨਮਕੀਨ ਮਿਕਸਰ ਅਤੇ ਅਚਾਰ ਤੇ ਪਈ। ਇਹ ਸਮਾਨ ਵੀ ਨਾਲ ਹੀ ਚੁੱਕ ਲਿਆ। ਡੇਢ ਦੋ ਸੌ ਨੂੰ ਝੁਰਦਾ ਮੈਂ ਸੱਤ ਸੌ ਸਤਾਸੀ ਦਾ ਚੂਨਾ ਲਵਾ ਬੈਠਾ। ਹੋਰਨਾਂ ਵਾੰਗੂ ਮੈਂ ਵੀ ਕਾਰਡ ਰਾਹੀਂ ਪੇਮੈਂਟ ਕੀਤੀ ਤੇ ਬਿੱਲ ਲਿਆ। ਬਿੱਲ ਵਿੱਚ ਚਾਰ ਰੁਪਏ ਕੈਰੀ ਬੈਗ ਦੇ ਵੀ ਲੱਗੇ ਸਨ। ਵੱਡੇ ਸਟੋਰਾਂ ਵਿੱਚ ਸ਼ੋ ਕੇਸਾਂ ਵਿੱਚ ਲੱਗੇ ਸਮਾਨ ਨੂੰ ਵੇਖਕੇ ਹੀ ਗ੍ਰਾਹਕ ਫਿਸਲ ਜਾਂਦਾ ਹੈ।
“ਲ਼ੈ ਆਏ ਇਜੀ ਦੇ ਪਾਊਚ?” ਹੱਥ ਵਿੱਚ ਕੈਰੀ ਬੈਗ ਫੜ੍ਹੀ ਆਉਂਦੇ ਨੂੰ ਵੇਖਕੇ ਉਸਨੇ ਪੁੱਛਿਆ।
“ਹਾਂ ਹਾਂ ਲਿਆਂਦਾ ਤੇਰਾ ਇਜੀ। ਹਜ਼ਾਰ ਚ ਪੈ ਗਿਆ ਮੈਨੂੰ।” ਬੁੜ ਬੁੜ ਕਰਦੇ ਦੇ ਮੇਰੇ ਮੂੰਹੋ ਨਿਕਲਿਆ। ਪਰ ਉਸਦੀ ਸਿਹਤ ਤੇ ਕੋਈਂ ਫਰਕ ਨਹੀਂ ਸੀ।
ਊਂ ਗੱਲ ਆ ਇੱਕ ।
#ਰਮੇਸਸੇਠੀਬਾਦਲ

Leave a Reply

Your email address will not be published. Required fields are marked *