1981ਦੀ ਗੱਲ ਹੈ ਸ਼ਾਇਦ। ਮੈ ਪਹਿਲੀ ਵਾਰੀ ਖੂਬ ਸੂਰਤ ਸ਼ਹਿਰ ਚੰਡੀਗੜ੍ਹ ਗਿਆ। ਮੇਰਾ ਕਜ਼ਨ ਓਥੇ 17 ਸੇਕਟਰ ਵਿਚ ਪੰਜਾਬ ਸਰਕਾਰ ਦੇ ਕਿਸੇ ਦਫਤਰ ਵਿਚ ਕੰਮ ਕਰਦਾ ਸੀ ਤੇ ਮੇਰਾ ਠਿਕਾਨਾ ਵੀ 15 ਸੇਕਟਰ ਸਥਿਤ ਉਸਦਾ ਕਿਰਾਏ ਦਾ ਕਮਰਾ ਸੀ। ਮੈ ਕਈ ਦਿਨ ਚੰਡੀਗੜ੍ਹ ਰਿਹਾ। ਉਸ ਨਾਲ ਉਸਦੇ ਦਫਤਰ ਜਾ ਕੇ ਉਸਦਾ ਸਾਇਕਲ ਲੈ ਲੈਂਦਾ ਤੇ ਫਿਰ ਸਾਰਾ ਦਿਨ ਸ਼ਹਿਰ ਦੀਆਂ ਖੁਲੀਆਂ ਸੜਕਾਂ ਤੇ ਘੁੰਮਦਾ। ਉਸੇ ਦੇ ਸਾਇਕਲ ਤੇ ਮੈ ਸੇਕਟਰੀਏਟ ਮੁਖ ਮੰਤਰੀ ਦੇ ਦਫਤਰ ਤੱਕ ਘੁੰਮਿਆ। ਸੁਖਨਾ ਝੀਲ ਰੋਕ ਗਾਰਡਨ ਸਾਰੀਆਂ ਥਾਵਾਂ ਤੇ ਗਿਆ। ਫਿਰ ਇੱਕ ਦਿਨ The Tribune ਦਫਤਰ ਵੀ ਗਿਆ।
ਟ੍ਰਿਬੂਨ ਦਫਤਰ ਦੇ ਬਾਹਰ ਉਸ ਸਮੇ ਮੋਟੀਆਂ ਖਬਰਾਂ ਲਿਖਣ ਦਾ ਚਲਣ ਸੀ। Breaking News ਨੂ ਓਹ ਇਮਾਰਤ ਦੇ ਬਾਹਰ ਲਿਖਦੇ ਸਨ। ਤੇ ਸਬ ਤੋਂ ਦਿਲਚਸਪ ਗੱਲ ਓਥੇ ਲੱਗੀ ਓਹ ਘੜੀ ਸੀ ਜੋ ਸਮਾਂ ਨਹੀ ਸੀ ਦਸਦੀ ਸਗੋਂ ਭਾਰਤ ਦੀ ਜਨ ਸੰਖਿਆ ਦਸਦੀ ਸੀ। ਫਟਾਫਟ ਵਧਦੀ ਜਨ ਸੰਖਿਆਂ ਦੇ ਅੰਕੜੇ ਮੈਨੂ ਹੈਰਾਨ ਕਰਦੇ ਸਨ।
ਜਦੋ ਵੀ ਕੋਈ ਬਚਾ ਜਨਮ ਲੈਂਦਾ ਹੈ ਤਾਂ ਉਸੇ ਵੇਲੇ ਹੀ ਉਸਦੀ ਸੂਚਨਾ ਦਫਤਰ ਨੂ ਮਿਲ ਜਾਂਦੀ ਹੈ ਤੇ ਇਹ ਗਿਣਤੀ ਵਧਦੀ ਚਲੀ ਜਾਂਦੀ ਹੈ। ਮੈ ਸੋਚਿਆ। ਮੈਨੂ ਅਖਬਾਰ ਦੇ ਪਤਰਕਾਰਾਂ ਦੇ ਕੰਮ ਤੇ ਵੀ ਹੈਰਾਨੀ ਹੋਈ। ਜੋ ਜਨ ਸੰਖਿਆ ਨੂ ਉਸੇ ਵੇਲੇ ਹੀ ਦਰਜ਼ ਕਰ ਲੈਂਦੇ ਸਨ.ਮੈ ਕਈ ਕਈ ਘੰਟੇ ਖੜਾ ਉਸ ਘੜੀ ਨੂ ਦੇਖਦਾ ਰਹਿੰਦਾ। ਪਰ ਬਾਅਦ ਵਿਚ ਮੇਰੇ ਕਜ਼ਨ ਨੇ ਦਸਿਆ ਕਿ ਇਸ ਘੜੀ ਦੀ ਸਪੀਡ ਜਨ ਸੰਖਿਆਂ ਦੇ ਵਾਧੇ ਅਨੁਸਾਰ ਹੀ ਸੈਟ ਕੀਤੀ ਹੋਈ ਹੈ। ਲੋਕਲ ਬੱਸਾਂ ਤੇ ਘੁੰਮਣਾ , ਪੰਚਾਇਤ ਭਵਨ ਤੇ ਸੇਕਟਰੀਏਟ ਦੀਆਂ ਲਿਫਟਾਂ ਤੇ ਝੂਟੇ ਲੈਂਦਾ। ਫਿਰ ਜਦੋ ਮੈ ਵਾਪਿਸ ਆਉਂਦਾ ਤਾਂ ਕਈ ਕਈ ਦਿਨ ਮੇਰਾ ਦਿਲ ਨਾ ਲਗਦਾ।
#ਰਮੇਸ਼ਸੇਠੀਬਾਦਲ