ਨਿਆਣੇ ਖਹਿੜੇ ਪੈ ਗਏ..ਅਖ਼ੇ ਕਤੂਰਾ ਲਿਆਉਣਾ..ਅਖੀਰ ਮੰਨ ਗਈ..ਓਹਨਾ ਪਹਿਲੋਂ ਹੀ ਚੁਣ ਰਖਿਆ ਸੀ..ਘਰੇ ਲੈ ਆਏ..ਥੋੜੇ ਦਿਨਾਂ ਵਿੱਚ ਹੀ ਘੁਲ ਮਿਲ ਗਿਆ..ਹਰੇਕ ਚੀਜ ਤੇ ਪਹਿਲੋਂ ਆਪਣਾ ਹੱਕ ਸਮਝਿਆ ਕਰੇ..ਕਦੇ ਨਾਲਦੇ ਨਾਲ ਬੈਠੀ ਹੋਈ ਨੂੰ ਵੇਖਦਾ ਤਾਂ ਧੁੱਸ ਦੇ ਕੇ ਐਨ ਵਿਚਕਾਰ ਆਣ ਵੜਿਆ ਕਰਦਾ..!
ਇੱਕ ਵੇਰ ਅਚਾਨਕ ਪੰਜਾਬ ਜਾਣਾ ਪੈ ਗਿਆ..ਮੁਸ਼ਕਿਲ ਖੜੀ ਹੋ ਗਈ..ਇਸਨੂੰ ਕਿਥੇ ਛੱਡਾਂ..ਗੋਰੇ ਦੇ ਡੇ-ਕੇਅਰ ਦੀ ਦੱਸ ਪਈ..ਟਰੇਨਿੰਗ ਲਈ ਓਥੇ ਛੱਡ ਆਈ..ਕੱਲੇ ਰਹਿਣ ਦੀ ਆਦਤ ਪਾ ਦੇਣਗੇ..ਦੂਜੇ ਦਿਨ ਕੰਮ ਤੇ ਸਾਂ..ਫੋਨ ਆ ਗਿਆ..ਹੁਣੇ ਲੈ ਜਾਓ..ਕੱਲ ਦਾ ਰੋਈ ਜਾਂਦਾ..ਇਸਦੀ ਵੇਖੋ ਵੇਖੀ ਬਾਕੀ ਵੀ ਰੋਈ ਜਾਂਦੇ!
ਅੱਧੇ ਦਿਨ ਦੀ ਛੁੱਟੀ ਮੰਗੀ..ਸੁਪਰਵਾਈਜਰ ਆਪਣਾ ਹੀ ਸੀ..ਸਾਰੀ ਕਹਾਣੀ ਦੱਸ ਦਿੱਤੀ..ਆਖਣ ਲੱਗਾ ਮੇਰੇ ਕੋਲ ਵੀ ਦੋ ਨੇ ਇਸਨੂੰ ਵੀ ਰੱਖ ਲੈਂਦਾ ਹਾਂ..ਛੱਡ ਜਾਓ..!
ਵੇਖਣ ਗਈ..ਦੋਵੇਂ ਕਾਫੀ ਵੱਡੇ ਸਣ..ਏਦੂ ਦੱਸ ਗੁਣਾ..ਉੱਤੋਂ ਅੱਖਾਂ ਕੱਢ ਕੱਢ ਵੇਖਦੇ..ਪਰ ਗਰੰਟੀ ਤੇ ਛੱਡ ਆਈ..ਜਿਉਣ ਜੋਗੇ ਦਾ ਬੜਾ ਦਿਲ ਲੱਗ ਗਿਆ..ਓਹਨਾ ਨੂੰ ਵੀ ਇੰਝ ਲੱਗੇ ਜਿੱਦਾਂ ਖਿਡੌਣਾ ਮਿਲ ਗਿਆ ਹੋਵੇ..ਸਾਰਾ ਦਿਨ ਕਦੀ ਪੌੜੀਆਂ ਚੜ ਉੱਤੇ ਅਤੇ ਕਦੀ ਥੱਲੇ..ਅਗਲੇ ਦਿਨ ਗਈ ਤਾਂ ਆਖਣ ਲਗੇ ਥੱਕ ਕੇ ਸੁੱਤਾ ਹੋਇਆ ਏ..ਪਰ ਬਿੜਕ ਸੁਣ ਜਾਗ ਪਿਆ..ਤੁਰਨ ਲਈ ਆਖਿਆ ਤਾਂ ਵਾਰ ਵਾਰ ਮਗਰ ਨੂੰ ਵੇਖੀ ਜਾਵੇ..ਠੀਕ ਓਦਾਂ ਜਿੱਦਾਂ ਕਦੀ ਅਸੀਂ ਵੇਖਿਆ ਕਰਦੇ ਸਾਂ..ਛੁੱਟੀਆਂ ਮੁੱਕਣ ਮਗਰੋਂ ਨਾਨਕੇ ਪਿੰਡ ਦੇ ਵੇਹੜੇ ਵੱਲ..!
ਸੋ ਦੋਸਤੋ ਇਕੱਲਤਾ ਵਾਕਿਆ ਹੀ ਕਿਸੇ ਪਾਸੇ ਜੋਗਾ ਨਹੀਂ ਛੱਡਦੀ..ਇਨਸਾਨ ਹੋਵੇ ਤੇ ਭਾਵੇਂ ਜਾਨਵਰ..ਉਸਨੂੰ ਵੀ ਤਾਂ ਇਕੱਲਤਾ ਵਾਲਾ ਦੈਤ ਹੀ ਨਿਗਲ ਗਿਆ ਸੀ ਜਿਸਦੇ ਭੋਗ ਤੇ ਪੰਜਾਬ ਚੱਲੀ ਸਾਂ..ਦੱਸਦੇ ਅਖੀਰੀ ਦਿਨਾਂ ਵਿੱਚ ਬਹੁਤ ਰੋਂਦਾ ਰਹਿੰਦਾ ਸੀ..ਓਏ ਮੈਨੂੰ ਮਿਲ ਜਾਵੋ..ਕੱਲੇ ਨੂੰ ਡਰ ਆਉਂਦਾ..!
ਪਰ ਅਫਸੋਸ ਇਨਸਾਨਾਂ ਦੇ ਡੇ-ਕੇਅਰ ਵਿੱਚ ਕੱਲਿਆਂ ਹੀ ਰੋਣਾ ਪੈਂਦਾ..ਕੋਈ ਸਾਥ ਨਹੀਂ ਦਿੰਦਾ..ਸਭ ਰੁੱਝੇ ਹੋਏ ਜੂ ਹੁੰਦੇ..ਵਕਤੀ ਰੰਗ ਤਮਾਸ਼ਿਆਂ ਵਿੱਚ!
ਹਰਪ੍ਰੀਤ ਸਿੰਘ ਜਵੰਦਾ