ਇੱਕ ਹੋਰ ਪੁੱਤਰ ਪੱਗ ਦਾ ਫਾਹਾ ਬਣਾ ਕੇ ਲਮਕ ਗਿਆ..ਮਗਰ ਰਹਿ ਗਈਆਂ ਵਕਤੀ ਹਮਦਰਦੀਆਂ..ਮਾਂ ਦੇ ਸਦੀਵੀਂ ਰੋਣੇ..ਵੇਖੀਆਂ ਤਾਂ ਬਹੁਤ ਨੇ ਪਰ ਕਰਨ ਵਾਲੇ ਜਾਨੋਂ ਨਹੀਂ ਮੁੱਕਦੇ..ਰਾਤੀ ਲਮਕ ਅਗਲੇ ਦਿਨ ਫੇਰ ਜਿਉਂਦੇ ਹੋ ਕੇ ਤੁਰ ਪੈਂਦੇ..ਕਮਾਈਆਂ ਦੇ ਚੱਕਰ ਵਿਚ..!
ਚਮਕਦੀ ਕਾਰ ਬ੍ਰੈਂਡ ਬੂਟ ਜੈਕਟ ਐਨਕਾਂ ਗੇਮਾਂ ਆਈ ਫੋਨ ਪਾਰਟੀਆਂ ਰੇਸਟੌਰੈਂਟ ਖਰਚੇ ਗ੍ਰੋਸਰੀਆਂ ਬਿੱਲ ਬੱਤੀਆਂ ਗੈਸ ਪੈਟਰੋਲ ਜਹਾਜੀ ਸਫ਼ਰ ਟਿਕਟਾਂ..ਇਸ ਸਭ ਲਈ ਪੈਸੇ ਦੀ ਕੋਈ ਲੋੜ ਨਹੀਂ ਬਸ ਵਧੀਆ ਸੇਲਜ਼ ਮੈਂਨ ਚਾਹੀਦਾ..ਹਵਾਈ ਕਿਲੇ ਉਸਾਰਦਾ..ਕੁਝ ਕਾਗਜਾਂ ਤੇ ਦਸਤਖਤ..ਬਿਨਾ ਪੜੇ..ਫੇਰ ਲਾਗ ਲੈ ਕੇ ਆਪ ਲਾਂਭੇ..ਅਗਲੀ ਭਾਵੇਂ ਜਾਂਦਿਆਂ ਵਿਧਵਾ ਹੋ ਜਾਵੇ..ਖਾਓ ਪੀਵੋ ਲਵੋ ਅਨੰਦ..ਢੱਠੇ ਚ ਜਾਵੇ ਪਰਮਾਨੰਦ..ਸਾਡੇ ਵੀ ਤੇ ਬੱਚੇ ਨੇ..ਓਹਨਾ ਨੂੰ ਕਿਥੋਂ ਖਵਾਉਣਾ..ਜੇ ਘੋੜਾ ਘਾਹ ਨਾਲ ਦੋਸਤੀ ਕਰੂ ਤੇ ਖਾਏਗਾ ਕੀ..ਇੱਕ ਦੌੜ ਇੱਕ ਖਿੱਚ ਇੱਕ ਮੁਕਾਬਲਾ ਇੱਕ ਕਸ਼ਿਸ਼..ਇੱਕ ਜੰਗ..ਖੁਦ ਨਾਲ ਵੀ ਤੇ ਦੁਨੀਆਂ ਨਾਲ ਵੀ..ਅੱਜ ਐਸ਼ ਕਰੋ ਕੱਲ ਦੀ ਕੱਲ ਵੇਖੀ ਜਾਊ..ਕਿਸ਼ਤ ਨਾ ਵੀ ਤਾਰੀ ਜਾਊ ਤਾਂ ਵੱਧ ਤੋਂ ਵੱਧ ਮੋੜ ਕੇ ਹੀ ਲੈ ਜਾਣਗੇ..ਇੱਕ ਵੇਰ ਬੱਲੇ ਬੱਲੇ ਤੇ ਹੋ ਜੂ ਕੇ ਕਿੰਨੀ ਵਧੀਆ ਗੱਡੀ ਰੱਖੀ..!
ਕਦੀ ਹਾਣ ਨੂੰ ਹਾਣ ਪਿਆਰਾ ਹੁੰਦਾ ਸੀ..ਪਰ ਹੁਣ ਹਾਣ ਨੂੰ ਹਾਣੀ ਦੇ ਥੱਲੇ ਗੱਡੀ ਪਿਆਰੀ..ਹਾਣ ਬੇਸ਼ਕ ਪਿਓ ਦੀ ਉਮਰ ਦਾ ਹੋਵੇ..ਸਮਕਾਲੀਆਂ ਤੇ ਰੋਹਬ ਵੀ ਪੌਣਾ ਕੇ ਜਿਸ ਨਾਲ ਯਾਰੀ ਲਾਈ..ਕਿੰਨਾ ਅਮੀਰ ਤੇ ਸਰਦਾ ਪੁੱਜਦਾ..ਖਰਚੇ ਝੱਲਣ ਜੋਗਾ..ਅੰਨ੍ਹੇ ਖੂਹਾਂ ਅੰਦਰ ਚੱਲਦੇ ਮੋਟਰਸਾਈਕਲ..ਕੋਈ ਮੰਜਿਲ ਨਹੀਂ ਕੋਈ ਠਹਿਰਾਓ ਨਹੀਂ ਬੱਸ ਚੱਕਰ ਕੱਟੀ ਜਾਓ..ਜਿਹੜਾ ਇਸ ਸਭ ਕੁਝ ਵਿਚੋਂ ਬਾਹਰ ਆਉਂਦਾ ਲੋਚਦਾ..ਪਿਛਲੱਗ ਕੰਜੂਸ ਘਸੀਟਾ ਅਜੀਬੋ ਗਰੀਬ ਅਤੇ ਪੇਂਡੂ ਗਰਦਾਨਿਆਂ ਜਾਂਦਾ..ਹੁਣ ਰਿਵਾਜ ਪੈ ਹੀ ਗਏ ਨੇ ਤਾਂ ਨਿਭਾਉਣੇ ਤੇ ਪੈਣੇ..ਫਲਾਣੇ ਨੇ ਡੇਢ ਕਰੋੜ ਲਾਇਆ..ਸਾਡਾ ਘੱਟੋ ਘਟ ਕਰੋੜ ਤੇ ਬਣਦਾ..ਲਿਮਟਾਂ ਚੱਕੋ..ਜਮੀਨ ਬੈ ਕਰੋ..ਉਧਾਰੇ ਲਵੋ..ਆਹ ਸਾਡੀ ਲਕੀਰ ਏਦੂੰ ਮਗਰ ਨਹੀਂ ਜਾਣਾ..ਉੱਤੋਂ ਸਰਫ਼ੇ ਦੀ ਔਲਾਦ..ਜਿੰਨੇ ਮੰਗਦਾ ਨਾ ਘੱਲੇ ਤਾਂ ਕੁਝ ਕਰ ਹੀ ਨਾ ਲਵੇ..ਮੁੜ ਵੇਲੇ ਦੀ ਨਮਾਜ ਕੁਵੇਲੇ ਦੀਆਂ ਟੱਕਰਾਂ..ਕਿਸਦੀ ਮਾਂ ਨੂੰ ਮਾਸੀ ਆਖਾਂਗੇ..ਗਵਾਂਢੀ ਡਰਦਾ ਜੇ ਔਲਾਦ ਬਾਰੇ ਸੱਚਾਈ ਦੱਸੀ ਤਾਂ ਆਖਣਗੇ ਸੜਦੇ ਹੋ ਮੱਚਦੇ ਹੋ ਸਾਡੀਆਂ ਤਰੱਕੀਆਂ ਵੇਖਕੇ..ਜੇ ਅਗਲੀ ਪੀੜੀ ਨੂੰ ਪਤਾ ਲੱਗ ਗਿਆ ਸ਼ਿਕਾਇਤ ਕੀਤੀ ਤਾਂ ਰਾਤ ਬਰਾਤੇ ਮੂਹਰੇ ਖਲੋਤੀ ਕਾਰ ਹੀ ਨਾ ਭੰਨ ਜਾਣ..!
ਦੜ ਵੱਟ ਜਮਾਨਾ ਕੱਟ ਭਲੇ ਦਿਨ ਆਉਣਗੇ..ਪਰ ਭੋਲਿਓ ਨਹੀਂ ਜੇ ਆਉਣੇ..ਅਜੇ ਹੋਰ ਖਰਾਬ ਹੋਣੇ..ਜੋ ਤੁਸਾਂ ਤੀਹਾਂ ਸਾਲਾਂ ਵਿਚ ਬਣਾਇਆ ਸਾਨੂੰ ਦੋ ਚੋਹਾਂ ਸਾਲਾਂ ਵਿਚ ਹੀ ਚਾਹੀਦਾ..ਲੰਮੀ ਉਡੀਕ ਨਹੀਂ ਹੁੰਦੀ ਸਾਥੋਂ..ਜੇ ਲੋੜ ਹੈ ਤਾਂ ਫੇਰ ਸਪਲਾਇਰ ਵੀ ਹੈਨ..ਆਓ ਅਸੀਂ ਦੱਸਦੇ ਹਾਂ ਇਹ ਸਭ ਕੁਝ ਦੋ ਤਿੰਨ ਸਾਲਾਂ ਵਿਚ ਕਿੱਦਾਂ ਬਣਾਉਣਾ..ਥੋੜਾ ਬਹੁਤ ਰਿਸ੍ਕ ਜਰੂਰ ਹੈ..ਪਰ ਉਹ ਤੇ ਸਪਾਇਡਰਮੈਨ ਨੂੰ ਵੀ ਲੈਣਾ ਪਿਆ ਸੀ..ਜੇ ਗੱਲ ਸਿਰੇ ਲੱਗ ਗਈ ਤਾਂ ਫੇਰ ਵਾਰੇ ਨਿਆਰੇ..ਕੋਈ ਨਹੀਂ ਪੁੱਛਦਾ..ਪੁਲਸ ਏਨੀ ਹੈ ਨਹੀਂ ਕੇ ਕੱਲੇ ਕੱਲੇ ਤੇ ਨਜਰ ਰੱਖ ਸਕੇ..ਸੋ ਇੱਕ ਦੋ ਗੇੜੇ ਲਾਓ..ਸੱਤੇ ਖੈਰਾਂ..ਸਾਲ ਛੇ ਮਹੀਨੇ ਬੈਠ ਕੇ ਖਾਓ..ਜਦੋਂ ਮੁੱਕ ਗਏ ਓਦੋਂ ਫੇਰ ਸਹੀ..ਦੁਨੀਆਂ ਫੇਸ ਵੈਲਿਊ ਵੇਖਦੀ..ਅਤੀਤ ਵਿਚ ਕੋਈ ਨਹੀਂ ਜਾਂਦਾ..ਇਹ ਸਭ ਕੁਝ ਬਣਾਇਆਂ ਕਿੱਦਾਂ..ਸੋ ਹਰ ਕੰਮ ਫਟਾਫਟ..ਸ਼ੋਰਟ ਕੱਟ..ਲੰਮੀ ਉਡੀਕ ਕੌਣ ਕਰੇ..ਖੁਸ਼ ਹੋਣ ਨਾਲੋਂ ਖੁਸ਼ ਹੋ ਕੇ ਵਿਖਾਉਣਾ ਲੋੜ ਬਣਾ ਦਿੱਤੀ ਗਈ..ਘੁੰਮਣ ਘੇਰੀ..ਚੱਕਰਵਾਤ..ਐਤਕੀ ਦੋ ਹਜਾਰ ਦੇ ਪਟਾਕੇ ਫੂਕ ਦਿੱਤੇ..ਤੁਸੀਂ ਬਾਹਰ ਹੀ ਨਹੀਂ ਨਿੱਕਲੇ..ਗੋਰੀ ਆਖਦੀ ਫੂਕਦੇ ਅਸੀਂ ਵੀ ਹਾਂ ਪਰ ਤਰੀਕੇ ਨਾਲ..ਤੁਸੀਂ ਤਾਂ ਫਾਵੇ ਹੋ ਜਾਂਦੇ ਓ..ਜਿੱਦਾਂ ਅਗਲਾ ਦਿਨ ਚੜਣਾ ਹੀ ਨਹੀਂ..ਉੱਫ ਸਾਹ ਚੜ ਗਿਆ ਥੋੜਾ ਸਾਹ ਲੈ ਲਵਾਂ..!
ਹੁਣ ਇਸ ਸਭ ਦਾ ਹੱਲ ਕੀ ਹੈ..ਹੱਲ ਹੈ ਮਾਨਸਿਕ ਆਜ਼ਾਦੀ..ਜਿਹੜੀ ਓਦੋਂ ਜਦੋਂ ਦੁਨੀਆਂ ਸਾਹਵੇਂ ਬਣ ਫੱਬ ਕੇ ਵਿਚਰਨ ਦੀ ਲੋੜ ਜਾਂਦੀ ਰਹੇ..ਮਾਨਸਿਕਤਾ ਦਾ ਇਹ ਪੱਧਰ ਸੌਖਿਆਂ ਪਾਇਆ ਜਾ ਸਕਦਾ ਜੇ ਹਿੰਮਤ ਮਾਰੀ ਜਾਵੇ..!
ਰਾਹਗੀਰ ਖੋਤੇ ਨਾਲ ਤੁਰਿਆ ਜਾਵੇ..ਨਾਲ ਵਹੁਟੀ ਵੀ..ਇੱਕ ਆਖਣ ਲੱਗਾ ਕਿੱਡਾ ਬੇ-ਅਕਲ ਏ..ਏਡੀ ਸੋਹਣੀ ਜਨਾਨੀ..ਓਸੇ ਨੂੰ ਹੀ ਜਾਨਵਰ ਤੇ ਬਿਠਾ ਦੇਵੇ..!
ਉਸਨੇ ਨਾਲਦੀ ਖੋਤੇ ਤੇ ਬਿਠਾ ਦਿੱਤੀ..ਇੱਕ ਹੋਰ ਮਿਲਿਆ ਅਖ਼ੇ ਜਨਾਨੀ ਥੱਲੇ ਲੱਗਿਆ ਜਾਪਦਾ..ਆਪ ਪੈਦਲ ਤੇ ਉਹ ਖੋਤੇ ਤੇ..!
ਓਸੇ ਵੇਲੇ ਨਾਲਦੀ ਨੂੰ ਹੇਠਾਂ ਲਾਹ ਆਪ ਖੋਤੇ ਤੇ ਬੈਠ ਗਿਆ..ਕਿਸੇ ਸੁਣੋਤ ਮਾਰੀ..ਕਿੰਨਾ ਬੇਗੈਰਤ ਏ..ਮਰਦ ਹੋ ਕੇ ਆਪ ਸਵਾਰੀ ਤੇ ਅਤੇ ਮਜਲੂਮ ਜਾਤ ਨੂੰ ਪੈਦਲ ਤੋਰਿਆ ਹੋਇਆ..!
ਅੱਕ ਕੇ ਦੋਵੇਂ ਖੋਤੇ ਤੇ ਬੈਠ ਗਏ..ਹੁਣ ਲਾਹਨਤਾਂ ਪਾਉਣ ਲੱਗੇ..ਓਏ ਬੇਗੈਰਤੋ..ਬੇਜੁਬਾਨ ਤੇ ਕਿੰਨਾ ਜ਼ੁਲਮ..ਦੋ ਜਣੇ ਚੜੇ ਓ!
ਹਰ ਕੇ ਖੋਤਾ ਕੰਧਾੜੇ ਚੁੱਕ ਲਿਆ..ਇਸ ਵੇਰ ਠਿੱਠ ਕੀਤਾ..ਜਿਸਦੀ ਸਵਾਰੀ ਕਰਨੀ ਚਾਹੀਦੀ ਸੀ ਉਸਨੂੰ ਸਿਰਾਂ ਤੇ ਚੁੱਕਿਆਂ..!
ਮੁੱਕਦੀ ਗੱਲ ਦੁਨੀਆਂ ਕਿਸੇ ਤੋਂ ਨਾ ਸਾਧੀ ਗਈ..ਆਪਣੇ ਫੈਸਲੇ ਆਪਣੇ ਹਾਲਾਤਾਂ ਦੇ ਮੱਦੇਨਜਰ ਲੈਣੇ ਬਣਦੇ..ਜੇ ਬੀ ਐੱਮ ਡਬਲਯੂ ਵੱਸੋਂ ਬਾਹਰ ਏ ਤਾਂ ਸਧਾਰਨ ਜਿਹੀ ਲੈ ਲਵੋ..ਅਪੜੇਗੀ ਇਹ ਵੀ ਓਸੇ ਮੰਜਿਲ ਤੇ..ਦੋ ਚਾਰ ਮਿੰਟ ਦਾ ਹੇਰ ਫੇਰ ਜਰੂਰ ਹੋ ਸਕਦਾ!
ਹਰਪ੍ਰੀਤ ਸਿੰਘ ਜਵੰਦਾ