ਅਸਲ ਖ਼ੁਸ਼ੀ (ਸੱਚੀ ਕਹਾਣੀ ) | asal khushi

ਕਹਿੰਦੇ ਨੇ ਰੋਜ਼ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਜੇਕਰ ਤੁਸੀਂ ਕਿਸੇ ਦੇ ਭਲੇ ਲਈ ਆਪਣਾ ਸਮਾਂ ਕੱਢ ਲੈਂਦੇ ਹੋ ਤਾਂ ਇਸ ਤੋਂ ਵੱਡੀ ਖ਼ੁਸ਼ੀ ਕੀ ਹੋ ਸਕਦੀ ਹੈ ਅਤੇ ਕਿਸੇ ਦੇ ਭਲੇ ਲਈ ਕੀਤਾ ਗਿਆ ਕਾਰਜ ਜਿੱਥੇ ਦੂਜਿਆਂ ਦੀ ਜ਼ਿੰਦਗੀ ਨੂੰ ਨਿਰਸਵਾਰਥ ਸੁਆਰਨ ਦਾ ਕੰਮ ਕਰਦਾ ਹੈ ਉੱਥੇ ਹੀ ਦੂਜਿਆਂ ਦੀ ਖ਼ੁਸ਼ਹਾਲੀ ਖ਼ਾਤਰ ਕੀਤਾ ਗਿਆ ਕਾਰਜ ਸਾਰੀ ਉਮਰ ਚੇਤੇ ਰਹਿੰਦਾ ਹੈ।
ਕੁੱਝ ਅਜਿਹਾ ਹੀ ਮੇਰੀ ਜ਼ਿੰਦਗੀ ਵਿੱਚ ਵੀ ਵਾਪਰਿਆ। ਤਕਰੀਬਨ ਅੱਠ ਮਹੀਨੇ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਮੈਂ ਅਤੇ ਮੇਰੀ ਲਾਡਲੀ ਧੀ ਮਨਸੀਰਤ ਘਰ ਤੋਂ ਥੋੜ੍ਹੀ ਜਿਹੀ ਪੁਲਾਂਘ ਨਾਲ਼ ਹੀ ਨਾਲ਼ ਲੱਗਦੇ ਖੂਬਸੂਰਤ ਬਣੇ ਪਾਰਕ ਵਿੱਚ ਸੈਰ ਕਰਨ ਗਏ। ਪਾਰਕ ਵਿੱਚ ਲੱਗੇ ਰੰਗ -ਬਹੁਰੰਗੇ ਫੁੱਲਾਂ ਦੀ ਮਹਿਕ ਛੱਡਦੀ ਖੁਸ਼ਬੂ ਅਤੇ ਪਾਰਕ ਵਿੱਚ ਲੱਗੇ ਝੂਲਿਆਂ ਉੱਤੇ ਝੂੰਮਦੇ ਛੋਟੇ- ਛੋਟੇ ਬੱਚਿਆਂ ਦੇ ਹੁਲਾਰਿਆਂ ਨੇ ਮੈਨੂੰ ਵੀ ਉਹਨਾਂ ਦਿਨਾਂ ਵਿੱਚ ਵਾਪਿਸ ਘੁਮਾ ਦਿੱਤਾ ਜਿੱਥੇ ਹਰ ਕਿਸੇ ਨੂੰ ਆਪਣਾ ਬਚਪਨ ਅਵਾਜਾਂ ਮਾਰਦਾ ਨਜ਼ਰ ਆਉਂਦਾ ਐ। ਉਹਨਾਂ ਝੂਲਿਆਂ ਦੀ ਦਿੱਖ ਨੇ ਮੈਨੂੰ ਮੇਰੇ ਬਾਪੂ- ਬੇਬੇ ਦੇ ਹੱਥਾਂ ਵਿਚਲੀ ਗੁੰਨ੍ਹੀ ਨਿੱਘ ਦਾ ਵੀ ਖ਼ੂਬ ਚੇਤਾ ਕਰਾ ਮੇਰੀਆਂ ਅੱਖਾਂ ਬੀਤੀਆਂ ਯਾਦਾਂ ਵਿੱਚ ਸਮੋਈਆਂ ਕਰ ਦਿੱਤੀਆਂ। ਮੈਂ ਵੀ ਉਹਨਾਂ ਹੁਲਾਰੇ ਦੇਂਦੇ ਝੂਟਿਆਂ ਉੱਤੇ ਬੈਠੇ ਨਿੱਕੇ -ਨਿੱਕੇ ਬੱਚਿਆਂ ਨੂੰ ਝੂਲਿਆਂ ਉੱਤੇ ਝੂਟੇ ਲੈਂਦਿਆਂ ਉਹਨਾਂ ਵੱਲ ਟਿਕਟਿਕੀ ਲਾ ਘੂਰ- ਘੂਰ ਵੇਖਦਾ ਰਿਹਾ ਅਤੇ ਬਚਪਣ ਵਿੱਚ ਬਾਪੂ -ਬੇਬੇ ਜੀ ਦੇ ਸਿਰ ਉੱਤੇ ਹੰਢਾਈਆਂ ਬੇਪਰਵਾਹੀਆਂ ਨੂੰ ਚੇਤੇ ਕਰ ਨਿੰਮਾ- ਨਿੰਮਾ ਹੱਸ ਬੀਤੀਆਂ ਯਾਦਾਂ ਨੂੰ ਬੀਤ ਚੁੱਕੇ ਸਮੇਂ ਦੇ ਪਿਟਾਰੇ ਵਿੱਚੋਂ ਫ਼ਰੋਲ- ਫ਼ਰੋਲ ਗੱਲਵਕੜੀ ਪਾ ਰਿਹਾ ਸੀ। ਇੰਨ੍ਹੇਂ ਨੂੰ ਮੇਰੀ ਧੀ ਮਨਸੀਰਤ ਤੋਤਲੀ ਆਵਾਜ਼ ਵਿੱਚ ਮੈਨੂੰ ਉਸ ਨੂੰ ਝੂਲਿਆਂ ਉੱਤੇ ਬਿਠਾ ਝੂਟੇ ਦੇਣ ਲਈ ਜ਼ਿੱਦ ਕਰਨ ਲੱਗੀ ਅਤੇ ਮੈਂ ਵੀ ਉਹਦੀ ਜ਼ਿੱਦ ਦੇ ਪਿਆਰ ਮੂਹਰੇ ਢਲ੍ਹਦਿਆਂ ਝੂਲਿਆਂ ਵਾਲੀ ਥਾਂ ਨੇੜੇ ਮੌਜੂਦ ਵੱਖ-ਵੱਖ ਝੂਲਿਆਂ ਉੱਤੇ ਆਪਣੀ ਧੀ ਨੂੰ ਕੁਦਰਤ ਦੀ ਗੋਦ ਦਾ ਨਜ਼ਾਰਾ ਲੁੱਟਣ ਲਈ ਬਿਠਾ ਝੂਟੇ ਦਿੱਤੇ।ਮੇਰੀ ਬੇਟੀ ਵਾਂਙੂੰ ਉਥੇ ਹੋਰ ਵੀ ਨੰਨੇ -ਮੁੰਨੇ ਬੱਚੇ ਆਪਣੇ ਮਾਪਿਆਂ ਨਾਲ ਕੁਦਰਤ ਦੇ ਇਸ ਅਮੁੱਕ ਬਿਰਤਾਂਤ ਵਿੱਚ ਡੁੱਬਕੀਆਂ ਲਾ ਕੇ ਮਜ਼ੇ ਲੁੱਟ ਰਹੇ ਸਨ। ਅਸੀਂ ਪਿਉ- ਧੀ ਨੇ ਇੱਕ -ਦੂਜੇ ਨਾਲ ਝੂਲਿਆਂ ਉੱਤੇ ਬਹਿ ਕੇ ਖ਼ੂਬ ਅੱਧਾ ਘੰਟਾ ਮੌਜ -ਮਸਤੀ ਕੀਤੀ । ਖ਼ੈਰ! ਮੈਂ ਇਸ ਤੋਂ ਬਾਅਦ ਆਪਣੀ ਧੀ ਨੂੰ ਘਰ ਚੱਲਣ ਲਈ ਤਾਕੀਦ ਕੀਤੀ ,ਜਿਸ ਨੂੰ ਸੁਣਦਿਆਂ ਸਾਰ ਮੇਰੀ ਧੀ ਉਸੇ ਵੇਲੇ ਉਥੋਂ ਮੇਰੇ ਨਾਲ਼ ਤੁਰ ਪਈ। ਥੋੜੀ ਕੁ ਵਾਟ ਤੁਰਦਿਆਂ ਫਿਰ ਮਨਸੀਰਤ ਕਹਿੰਦੀ,”ਚੱਲੋ ਪਾਪਾ! ਪਾਰਕ ਦਾ ਇੱਕ ਲੰਮਾ ਚੱਕਰ ਲਗਾ ਕੇ ਹੀ ਘਰ ਜਾਵਾਂਗੇ।” ਮੈਂ ਵੀ ਕਿਹਾ”ਚੰਗਾ ਧੀਏ! ਜਿਵੇਂ ਤੇਰੀ ਖ਼ੁਸ਼ੀ।” ਇਸ ਮੌਕੇ ਮੁੜ ਮੈਂ ਵੀ ਸੋਚਣ ਲੱਗਾ ਕਿ ਕਾਸ਼! ਮੇਰਾ ਬਚਪਣ ਵੀ ਅੜਿੱਕਾ ਡਾਹ ਕੇ ਰੁਕ ਲੈਂਦਾ ਅਤੇ ਮੈਂ ਵੀ ਮੁੜ ਉਸ ਮਾਸੂਮੀਅਤ ਭਰੇ ਦਿਨਾਂ ਦਾ ਮੁੜ ਲਾਹਾ ਲੈਣ ‌ਲਈ ਮਾਪਿਆਂ ਮੂਹਰੇ ਇਸ ਬਚਪਣ ਦੇ ਪਿਆਰ ਨੂੰ ਪੂਰਦੀਆਂ ਜ਼ਿੱਦਾਂ ਕਰ- ਕਰ ਬਹਿੰਦਾ। ਇਸ ਸੋਚ ਤੋਂ ਬਾਹਰ ਆਉਂਦਿਆਂ ਹੀ ਮੁੜ ਮੈਂ ਮਨਸੀਰਤ ਨੂੰ ਘਰ ਵਾਪਸੀ ਕਰਨ ਲਈ ਕਿਹਾ ਅਤੇ ਉਹ ਕਹਿੰਦੀ,” ਅੱਛਾ ਪਾਪਾ ਜੀ! ਚੱਲੋ ਘਰ ਚੱਲੀਏ।”
ਅਜੇ ਅਸੀਂ ਵਾਪਿਸ ਆ ਹੀ ਰਹੇ ਸੀ ਤਾਂ ਪਾਰਕ ਵਿੱਚ ਸਾਨੂੰ ਦੋਹਾਂ ਨੂੰ ਇੱਕ ਵਿਅਕਤੀ ਜਿਸ ਨੇ ਆਪਣੇ ਇੱਕ ਹੱਥ ਵਿੱਚ ਇੱਕ ਤੋਤੇ ਨੂੰ ਪਿੰਜਰੇ ਵਿੱਚ ਫੜਿਆ ਹੋਇਆ ਸੀ,ਉਹ ਨਜ਼ਰੀਂ ਆਇਆ।ਉਸ ਤੋਤੇ ਵੱਲ ਜਦ ਮੇਰੀ ਧੀ ਦੀ ਅਚਾਨਕ ਨਜ਼ਰ ਪਈ ਤਾਂ ਮੇਰੀ ਬੇਟੀ ਜ਼ਿੱਦ ਕਰਕੇ ਉਸ ਤੋਤੇ ਨੂੰ ਘਰ ਲੈ ਕੇ ਜਾਣ ਲਈ ਤਰਲੇ ਪਾਉਂਦੀ ਰਹੀ।ਮੈਂ ਕਿਹਾ,” ਧੀਏ ! ਆਪਾਂ ਇਸ ਕੁਦਰਤ ਦੇ ਬੋਟ ਨੂੰ ਘਰ ਵਿੱਚ ਪਿੰਜਰੇ ਵਿੱਚ ਕੈਦ ਕਰਕੇ ਨਹੀਂ ਰੱਖਣਾ ਅਤੇ ਇਹਦੀ ਆਜ਼ਾਦੀ ਨੂੰ ਜ਼ੰਜੀਰਾਂ ਨਹੀਂ ਪਾਉਣੀਆਂ।” ਮੇਰੀ ਬੇਟੀ ਫ਼ਿਰ ਜ਼ਿੱਦ ਕਰ ਸਵਾਲ ਕਰਦਿਆਂ ਆਖਣ ਲੱਗੀ ,”ਪਾਪਾ! ਫੇਰ ਇਸ ਅੰਕਲ ਨੇ ਇਸ ਵਿਚਾਰੇ ਤੋਤੇ ਨੂੰ ਆਪਣੇ ਪਿੰਜਰੇ ਵਿੱਚ ਕੈਦ ਕਿਉਂ ਕੀਤਾ ਏ? ਅੰਕਲ ਨੂੰ ਕਹੋ ਜਾਂ ਤਾਂ ਇਸ ਨੂੰ ਪਿੰਜਰੇ ਵਿਚੋਂ ਕੱਢ ਕੇ ਉਡਾ ਦੇਣ ਨਹੀਂ ਤਾਂ ਆਪਾਂ ਇਸ ਵਿਚਾਰੇ ਤੋਤੇ ਨੂੰ ਘਰ ਲੈ ਜਾਈਏ ਤੇ ਉਡਾ ਦਈਏ।” ਆਪਣੀ ਧੀ ਦੀ ਇਹ ਗੱਲ ਸੁਣ ਕੇ ਇੱਕ ਵਾਰ ਤਾਂ ਮੈਂ ਅਤੇ ਉਸ ਤੋਤੇ ਦਾ ਮਾਲਕ ਇੱਕ -ਦੂਜੇ ਵੱਲ ਨਜ਼ਰਾਂ ਗੱਡ ਵੇਂਹਦੇ ਰਹੇ ਪਰ ਛੇਤੀ ਹੀ ਮੈਂ ਆਵਦੀ ਧੀ ਦੀ ਗੱਲ ਮੰਨਦਿਆਂ ਉਸ ਵਿਅਕਤੀ ਨੂੰ ਨਾ ਚਾਹੁੰਦੇ ਹੋਏ ਵੀ ਪੁੱਛਿਆ ਹੀ ਲਿਆ,” ਯਾਰ! ਕੀ ਤੂੰ ਇਹ ਤੋਤਾ ਮੇਰੀ ਧੀ ਦੀ ਖੁਸ਼ੀ ਖ਼ਾਤਰ ਕੁਝ ਦੇਰ ਲਈ ਦੇ ਸਕਦਾ ਐ ਕਿ ਨਹੀਂ?” ਤਦ ਉਸ ਵਿਅਕਤੀ ਨੇ ਨਾਂਹ- ਨੁੱਕਰ ਕਰਦਿਆਂ ਕਿਹਾ ,”ਸਾਹਿਬ ਜੀ! ਮੈਂ ਦੋ ਦਿਨਾਂ ਤੋਂ ਸਿਰਫ਼ ਪਾਣੀ ਪੀ- ਪੀ ਕੇ ਹੀ ਦਿਨ ਕੱਟ ਰਿਹਾ ਹਾਂ ਅਤੇ ਮੇਰੇ ਕੋਲ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਹਨ।” ਮੈਂ ਭਰੇ ਮਨ ਨਾਲ ਉਸ ਪੰਛੀ ਵੱਲ ਵੇਖਦਿਆਂ ਆਪਣੇ ਮਨ ਅੰਦਰ ਵੇਖਿਆ ਅਤੇ ਖੁਦ ਨੂੰ ਆਖਿਆ ,”ਏਡੀ ਵੀ ਕੀ ਗੱਲ ਹੋ ਗਈ ਯਾਰ ਕਿ ਇਸ ਵਿਅਕਤੀ ਨੂੰ ਭੁੱਖ ਮਿਟਾਉਣ ਦੀ ਕੀ ਮਜ਼ਬੂਰੀ ਪਈ ਐ ਜੋ ਪੇਟ ਦੀ ਬਲਦੀ ਅਤੇ ਧੁੱਖਦੀ ਭੁੱਖ ਖ਼ਾਤਰ ਹੱਥੀਂ ਪਾਲੇ ਬੋਟ ਨੂੰ ਹੀ ਸਦਾ ਵਾਸਤੇ ਪਿੰਜਰੇ ਦਾ ਗੁਲਾਮ ਬਣਾਉਣ ਦੀ ਤਿਆਰੀ ਵੱਟੀ ਬੈਠਾ ਹੈ ।” ਖੈਰ ! ਮੈਂ ਉਹਨੂੰ ਪੁੱਛਿਆ ” ਬੇਲੀਆ ! ਤੂੰ ਪੰਛੀ ਉੱਤੇ ਰਹਿਮ ਕਰਕੇ ਆਜ਼ਾਦ ਕਰ ਪਰ ਇਹਦਾ ਸੋਦਾ ਕਰਨ ਨੂੰ ਨਾ ਸੋਚ ।” ਮੇਰੀ ਗੱਲ ਸੁਣ ਉਹ ਵਿਅਕਤੀ ਭੁੱਬਾਂ ਮਾਰ -ਮਾਰ ਉੱਚੀ -ਉੱਚੀ ਰੋਣ ਲੱਗਿਆ ਅਤੇ ਉਸ ਨੇ ਕਿਹਾ੍,” ਬਾਬੂ ਜੀ । ਬੀ.ਏ. ਪਾਸ ਹਾਂ ,ਨੰਬਰ ਵੀ ਚੰਗੇ ਨੇ ਪਰ ਸਿਫਾਰਸ਼ ਨਾ ਹੋਣ ਕਾਰਨ ਅਤੇ ਗ਼ੁਰਬਤ ਨਾਲ਼ ਗੂੜ੍ਹੀ ਯਾਰੀ ਕਾਰਨ ਹਰ ਪਾਸੇ ਨਿਰਾਸ਼ਤਾ ਹੀ ਪੱਲੇ ਪੈਂਦੀ ਰਹੀ।” ਮੈਂ ਕਿਹਾ ,” ਹਿੰਮਤ ਨਾ ਹਾਰ ਬੇਲੀਆ!ਰੱਬ ਹੈਗਾ ਅਜੇ।”
ਮੈਂ ਜੇਬ ਵਿੱਚੋਂ ਮੋਬਾਇਲ ਕੱਢ ਕੇ ਇੱਕ ਜਾਣ -ਪਛਾਣ ਵਾਲੇ ਹੋਟਲ ਵਾਲੇ ਅੰਕਲ ਜੀ ਨਾਲ਼ ਇਸ ਵਿਅਕਤੀ ਦੀ ਨੋਕਰੀ ਬਾਰੇ ਗੱਲ ਕੀਤੀ ਅਤੇ ਅੰਕਲ ਜੀ ਨੇ ਵੀ ਨੋਕਰੀ ਦੇਣ ਲਈ ਥੋੜ੍ਹੀ ਜੇਹੀ ਹਾਂ ਦਾ ਹੁੰਗਾਰਾ ਭਰਦਿਆਂ ਉਸ ਵਿਅਕਤੀ ਨੂੰ ਮਿਲਾਉਣ ਦੀ ਗੱਲ ਕੀਤੀ ।ਮੈਂ ਉਸ ਵਿਅਕਤੀ ਨੂੰ ਨਾਲ ਲੈ ਅੰਕਲ ਹੋਰਾਂ ਕੋਲ ਚਲਾ ਗਿਆ ਅਤੇ ਅੰਕਲ ਨੇ ਉਸ ਵਿਅਕਤੀ ਦੀ ਗੱਲਾਂ ਨੂੰ ਭਾਂਪਦਿਆਂ ਕਿਹਾ ,” ਪੁੱਤਰ ! ਮੈਂ ਤੈਨੂੰ ਫਿਲਹਾਲ 5000 ਰੁਪਏ ਪ੍ਰਤਿ ਮਹੀਨਾ ਦੇ ਸਕਦਾ ਹਾਂ। ਕੀ ਤੈਨੂੰ ਇਹ ਮੰਨਜ਼ੂਰ ਹੈ?” ਉਸ ਵਿਅਕਤੀ ਨੇ ਕਿਹਾ ,”ਬਾਪੂ ਜੀ, ਹਾਂ ਮੈਨੂੰ ਇਹ ਪੈਸੇ ਮੰਨਜ਼ੂਰ ਨੇ।” ” ਇਸ ਖੁਸ਼ੀ ਵਿੱਚ ਉਸ ਵਿਅਕਤੀ ਨੇ ਮੈਨੂੰ ਬਿਨ੍ਹਾਂ ਕਿਸੇ ਪੈਸੇ ਤੋਂ ਤੋਤਾ ਪਿੰਜਰੇ ਸਮੇਤ ਦੇ ਦਿੱਤਾ।ਮੈਂ ਉਸ ਪਿੰਜਰੇ ਵਿੱਚ ਤੋਤਾ ਕੱਢਿਆ ਅਤੇ ਅਸਮਾਨ ਵੱਲ ਉਡਾ ਦਿੱਤਾ ਅਤੇ ਖ਼ਾਲੀ ਪਿੰਜਰਾ ਉਸ ਤੋਤੇ ਦੇ ਮਾਲਕ ਨੂੰ ਸੁਪਰਦ ਕਰ ਦਿੱਤਾ ।
ਤੋਤਾ ਜਦੋਂ ਅਸਮਾਨ ਵਿੱਚ ਉਡਾਰੀ ਭਰ ਰਿਹਾ ਸੀ ਤਾਂ ਸਾਡੇ ਤਿੰਨਾਂ ਜਣਿਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ।ਉਸ ਵਿਅਕਤੀ ਦੇ ਅੰਦਰ ਤੋਤੇ ਨੂੰ ਆਜ਼ਾਦ ਕਰ ਮਿਲੇ ਵਿਛੋੜੇ ਦੇ ਹੰਝੂ,‌ਮੇਰੀਆ ਅੱਖਾਂ ਵਿੱਚ ਤੋਤੇ ਦੀ ਆਜ਼ਾਦੀ ਦਰਸਾਉਂਦੇ ਹੰਝੂ ਅਤੇ ਮੇਰੀ ਧੀ ਦੀਆਂ ਅੱਖਾਂ ਵਿੱਚ ਮੇਰੇ ਦੁਆਰਾ ਕੀਤੇ ਚੰਗੇ ਕੰਮ ਲਈ ਹੰਝੂ ਸਾਫ਼ ਤੌਰ ਤੇ ਮੇਰੀ ਲਾਡਲੀ ਧੀ ਦੀਆਂ ਗੱਲਾਂ ਉਪਰ ਤਿੱਪ -ਤਿੱਪ ਕਰਦੀਆਂ ਬੂੰਦਾਂ ਦਾ ਵਹਾਅ ਦੇ ਰਹੇ ਸਨ ਪਰ ਅਸਲ ਵਿੱਚ ਮੈਨੂੰ ਖ਼ੁਸ਼ੀ ਇਹ ਨਸੀਬ ਹੋਈ ਕਿ ਮੈਂ ਉਸ ਵਿਅਕਤੀ ਦੀ ਭੁੱਖ ਨੂੰ ਉਸ ਰੱਬ ਦੀ ਰਹਿਮਤ ਨਾਲ ਸਹੀ ਤਰੀਕੇ ਨਾਲ ਮਿਟਾਉਣ ਵਿੱਚ ਕਾਮਯਾਬ ਹੋਇਆ।ਇਹੀ ਮੇਰੀ ਜ਼ਿੰਦਗੀ ਦੀ ਅਸਲ ਖ਼ੁਸ਼ੀ ਸੀ।ਮੇਰੀ ਧੀ ਨੂੰ ਵੀ ਮੇਰੇ ਦੁਆਰਾ ਉਸ ਵਿਅਕਤੀ ਪ੍ਰਤਿ ਨਿਭਾਈ ਗਈ ਜ਼ਿੰਮੇਵਾਰੀ ਤੋਂ ਜਾਣੂੰ ਹੁੰਦਿਆਂ ਮੇਰੇ ਉੱਤੇ ਫ਼ਖ਼ਰ ਮਹਿਸੂਸ ਹੋ ਰਹਿਆ ਸੀ ਕਿ ਮੈਂ ਉਸ ਪੰਛੀ ਨੂੰ ਪਿੰਜਰੇ ਦੀ ਕੈਦ ਵਿੱਚੋਂ ਕੱਢ ਕੇ ਖੁੱਲ੍ਹੇ ਅਸਮਾਨ ਵਿੱਚ ਉਡਾਰੀ ਭਰਨ ਦਿੱਤੀ ਅਤੇ ਉਸ ਅਣਭੋਲ ਜਾਨਵਰ ਨੂੰ ਆਸਮਾਨ ਵਿੱਚ ਖੁੱਲ੍ਹਾ ਉੱਡਣ ਲਈ ਪਿੰਜਰੇ ਦੀ ਕੈਦ ਵਿੱਚੋਂ ਆਜ਼ਾਦ ਕਰਵਾ ਦਿੱਤਾ।

ਕਹਾਣੀਕਾਰ -:
ਸ਼ਮਸ਼ੀਲ ਸਿੰਘ ਸੋਢੀ,
ਚੰਡੀਗੜ੍ਹ।
9501013321ਅਤੇ 8054500154

Leave a Reply

Your email address will not be published. Required fields are marked *