ਝੋਰੇ ਨਾਲ ਝੁਰ ਰਿਹਾ ਮੈਂ… ਪਿੰਡ ਵੰਨੀਓਂ ਆਉਂਦੀ ਸੜਕ ਗਹੁ ਨਾਲ ਤੱਕ ਰਿਹਾਂ… ਮੈਂ ਵੀ ਤਾਂ ਇਸੇ ਸੜਕ ਵਰਗਾ ਹੀ ਹਾਂ…ਨਾ ਬੋਲਿਆ ਜਾਂਦਾ…ਨਾ ਤੁਰਿਆ ਜਾਂਦਾ…ਬਸ ਬੇਵੱਸ। ਜਦੋਂ ਦਾ ਵੀਲ੍ਹਚੇਅਰ ‘ਤੇ ਬੈਠਾਂ…ਮੇਰੇ ਤੇ ਮੇਰਾ ਸਭ ਕੁੱਝ ਜਾਂਦਾ ਰਿਹਾ…ਤੇ ਮੈਂ ਕੁੱਝ ਵੀ ਨਾ ਕਰ ਸਕਿਆ….. ਹੁਣ ਤਾਂ ਜਿਵੇਂ ਕੋਈ ਸਜ਼ਾ ਭੋਗ ਰਿਹਾਂ…
ਮੈਥੋਂ ਮੇਰਾ ਦਰਦ ਝੱਲਿਆ ਨਹੀਂ ਜਾਂਦਾ…ਤੇ ਮੇਰੀਆਂ ਅੱਖਾਂ ਵਿੱਚੋਂ ਖੂਨ ਦੇ ਅੱਥਰੂ ਵਗਦੇ ਆ…ਤੇ ਮੈਨੂੰ ਸਮਝਣ ਵਾਲਾ ਵੀ…. ਕੋਈ ਨਹੀਂ ਬਚਿਆ… ਮੈਂ ਮੂਰਖ਼ ਬਣ ਰਿਹੈਂ .. ਸਭ ਕੂੱਝ ਜਾਣਦਾ ਵੀ… ਜਿਨ੍ਹਾਂ ਪੋਤਰਿਆਂ ਦੇ ਹੋਣ ਦੀਆਂ ਮੈਂ ਸੁੱਖਾਂ ਸੁੱਖਦਾ ਸਾਂ…ਉਹ ਅੱਜ ਮੇਰੇ ਮਰਨ ਦੀਆਂ ਸੁੱਖਾਂ ਸੁਖਦੇ ਆ…ਆਹ ਦਿਨ ਵੀ ਆਉਣੇ ਸੀ ਮੇਰੇ ‘ਤੇ…
ਹਵਾ ਨੂੰ ਗੰਢਾਂ ਦੇਣ ਵਾਲਾ ਮੈਂ ਪੀੜਾਂ ਨਾਲ ਗੰਢਿਆਂ ਪਿਆਂ… ਪੱਥਰ ਤੇ ਬੁੱਤ ਬਣਿਆ ਮੈਂ …ਰੱਬ ਅੱਗੇ ਆਪਣੇ ਪੋਤਰਿਆਂ ਦੀ ਸੁੱਖੀ ਸੁੱਖ ਪੂਰੀ ਕਰਨ ਦੀ ਅਰਦਾਸ ਕਰ ਰਿਹਾਂ!
ਸਤਵੀਰ ਵੜਿੰਗ