ਤੇਰੇ ਜਨਮ ਦਿਨ ਤੇ | tere janam din te

#ਪਤਨੀਜੀ_ਦੇ_ਜਨਮਦਿਨ_ਤੇ_ਵਿਸ਼ੇਸ਼।
ਅੱਜ ਅਠਾਰਾਂ ਨਵੰਬਰ ਹੈ ਤੇ ਅੱਜ ਹੀ ਮੇਰੀ ਬੇਗਮ ਸਾਹਿਬਾਂ Saroj Rani Insan ਦਾ ਜਨਮਦਿਨ ਹੈ। ਬੇਗਮ ਇਸ ਲਈ ਲਿਖਿਆ ਹੈ ਇਸਨੇ ਮੇਰੇ ਸਾਰੇ ਗਮ ਲੈਕੇ ਮੈਨੂੰ ਬੇਗਮ ਕਰ ਦਿੱਤਾ ਹੈ। ਸੋ ਹੈਪੀ ਬਰਥ ਡੇ ਲਿਖਕੇ ਵੀ ਬੁੱਤਾ ਸਾਰਿਆ ਜਾ ਸਕਦਾ ਹੈ ਪਰ ਨਹੀਂ, ਅੱਜ ਮੈਂ ਇਸ ਬਾਰੇ ਬਹੁਤ ਕੁਝ ਲਿਖਣਾ ਹੈ। ਮੈਂ ਧਾਰਾ 164 ਦੇ ਅਧੀਨ ਆਪਣੇ ਬਿਆਨ ਦਰਜ਼ ਕਰਾਉਣੇ ਚਾਹੁੰਦਾ ਹਾਂ। ਰੱਬ ਨੇ ਮੇਰੇ ਜਿੱਦੀ, ਕੱਬੇ ਅਤੇ ਅੜੀਅਲ ਸੁਭਾਅ ਨੂੰ ਦੇਖਦੇ ਹੋਏ ਮੇਰੇ ਜਨਮ ਤੋਂ ਠੀਕ ਤਿੰਨ ਸੌ ਇਕਾਨਵੇਂ ਦਿਨ ਪਹਿਲਾਂ ਹੀ ਸਾਹਿਬਾਂ ਨੂੰ ਇਸ ਸੰਸਾਰ ਵਿੱਚ ਭੇਜ ਦਿੱਤਾ। ਕਿਉਂਕਿ ਉਹ ਜਾਣਦਾ ਸੀ ਕਿ ਇਸ ਬੰਦੇ ਲਈ ਸਭ ਤੋਂ ਵਧੀਆ ਤੋਹਫ਼ਾ ਇਹੀ ਹੈ। ਉਹ ਇਹ ਚੰਗਾ ਸਮਾਨ ਅਗੇਤਾ ਹੀ ਤਿਆਰ ਕਰ ਬੈਠਾ ਸੀ। ਇਸ ਲਈ ਉਸਨੇ ਇਸ ਨਾਲ ਮੇਰੇ ਪੱਕੇ ਸੰਯੋਗ ਲਿਖ ਦਿੱਤੇ ਅਤੇ ਆਪਣੀ ਮੋਹਰ ਪਹਿਲਾਂ ਹੀ ਲਗਾ ਦਿੱਤੀ ਸੀ।
24 ਮਾਰਚ 1985 ਤੋਂ ਲੈਕੇ ਮੈਂ ਕਦੇ ਇਸ ਸਖਸ਼ੀਅਤ ਦੀ ਮੂੰਹ ਤੇ ਤਾਰੀਫ ਨਹੀਂ ਕੀਤੀ।ਅੱਜ ਮੈਂ ਇਹ ਸ਼ਰੇਆਮ ਕਬੂਲ ਕਰਦਾ ਹਾਂ। ਸਗੋਂ ਹਰ ਵਾਰੀ ਇਸ ਦੀਆਂ ਕਮੀਆਂ ਹੀ ਜਾਹਿਰ ਕੀਤੀਆਂ ਹਨ। ਇਸ ਨੂੰ ਮੇਰੀ ਆਕੜ, ਮੇਰਾ ਸੁਭਾਅ ਯ ਮੇਰਾ ਬਚਕਾਣਾ ਮਰਦਪੁਣਾ ਕਿਹਾ ਜਾ ਸਕਦਾ ਹੈ। ਬਚਪਨ ਤੋਂ ਹੀ ਮੈਨੂੰ ਮੇਰੀ ਮਾਂ ਦੇ ਹੱਥਾਂ ਦੀ ਬਣੀ ਰੋਟੀ ਦਾਲ ਸਬਜੀ ਯ ਹੋਰ ਖਾਣਾ ਹੀ ਪਸੰਦ ਸੀ। ਪਰ ਜਦੋ ਦਾ ਇਸਨੇ ਮੇਰੀ ਕਿਚਨ ਦਾ ਚਾਰਜ ਸੰਭਾਲਿਆ ਮੈਨੂੰ ਕਿਸੇ ਹੋਰ ਦੇ ਹੱਥਾਂ ਦਾ ਬਣਿਆ ਖਾਣਾ ਪਸੰਦ ਨਹੀਂ ਆਉਂਦਾ। ਮੈਂ ਖਾਣੇ ਦੀ ਰੰਗਤ ਦੇਖਕੇ ਯ ਪਹਿਲੀ ਗਰਾਹੀ ਚਖਕੇ ਹੀ ਦੱਸ ਦਿੰਦਾ ਹਾਂ ਕਿ ਅੱਜ ਖਾਣਾ ਇਸਨੇ ਨਹੀਂ ਬਣਾਇਆ। ਉਂਜ ਵੀ ਮੇਰੇ ਯਾਦ ਨਹੀਂ ਕਿ ਛੱਤੀ ਸਾਲਾਂ ਦੇ ਆਪਣੇ ਵਿਆਹਿਕ ਜੀਵਨ ਵਿੱਚ ਮੈਂ ਘਰੇ ਕਦੇ ਆਪੇ ਚੁੱਕਕੇ ਪਾਣੀ ਦਾ ਗਿਲਾਸ ਪੀਤਾ ਹੋਵੇ। ਇਸ ਦੇ ਹੱਥ ਦਾ ਪਾਣੀ ਹੀ ਮੇਰੀ ਪਿਆਸ ਬੁਝਾਉਂਦਾ ਹੈ। ਇਹ ਸ਼ਾਇਦ ਮੇਰੀ ਕਮਜ਼ੋਰੀ ਹੈ ਯ ਪਾਣੀ ਦਾ ਸਵਾਦ ਬਦਲਣ ਦਾ ਆਪਣਾ ਤਰੀਕਾ। ਮਨੁੱਖੀ ਦੇਹਿ ਤੇ ਅਕਸਰ ਹੀ ਤਕਲੀਫ਼ਾਂ ਆਉਂਦੀਆਂ ਰਹਿੰਦੀਆਂ ਹਨ। ਇਸਦੇ ਦੁਖਦੇ ਸੁਖਦੇ ਪਲਾਂ ਨੂੰ ਮੈਂ ਦਿਲੋਂ ਮਹਿਸੂਸ ਤਾਂ ਕਰਦਾ ਹਾਂ ਪਰ ਕਦੇ “ਕੀ ਹਾਲ ਹੈ ਹੁਣ? ਕੋਈ ਫਰਕ ਪਿਆ? ਦਰਦ ਘਟਿਆ ਕੁਝ?” ਵਰਗੇ ਹਮਦਰਦੀ ਭਰੇ ਬੋਲ ਨਹੀਂ ਬੋਲ ਸਕਿਆ। ਇਸਨੂੰ ਵੀ ਮੇਰੀ ਤੰਗਦਿਲੀ ਯ ਸੰਗਦਿਲੀ ਕਿਹਾ ਜਾ ਸਕਦਾ ਹੈ। ਹਾਲਾਂਕਿ ਇਹ ਆਪਣੀ ਤਕਲੀਫ ਤਾਂ ਬਰਦਾਸ਼ਤ ਕਰ ਲੈਂਦੀ ਹੈ ਪਰ ਮੇਰੀ ਤਕਲੀਫ ਇਸ ਤੋਂ ਭੋਰਾ ਵੀ ਬਰਦਾਸ਼ਤ ਨਹੀਂ ਹੁੰਦੀ। ਮੈਨੂੰ ਤਕਲੀਫ ਯ ਦਰਦ ਵਿੱਚ ਵੇਖਕੇ ਇਹ ਹਾਲ ਦੁਹਾਈ ਪਾ ਦਿੰਦੀ ਹੈ। ਇਸੇ ਲਈ ਕਈ ਵਾਰੀ ਮੈ ਆਪਣੀ ਤਕਲੀਫ ਵੀ ਇਸ ਤੋਂ ਛਿਪਾਉਣ ਦੀ ਕੋਸ਼ਿਸ਼ ਕਰਦਾ ਹਾਂ। ਬਿਮਾਰੀ ਦੀ ਹਾਲਤ ਵਿੱਚ ਵੀ ਇਸਨੇ ਕਦੇ ਨਹੀਂ ਕਿਹਾ ਕਿ “ਅੱਜ ਮੈਥੋਂ ਰੋਟੀ ਨਹੀਂ ਪੱਕਦੀ। ਯ ਰੋਟੀ ਪੱਕੀ ਪਈ ਹੈ ਆਪੇ ਪਾਕੇ ਖਾ ਲਵੋ।” ਇਸ ਨੂੰ ਇਹ ਗੁੜਤੀ ਖੋਰੇ ਆਪਣੀ ਮਾਂ ਤੋਂ ਮਿਲੀ ਹੈ ਯ ਆਪਣੀ ਨਾਨੀ ਤੋਂ।
ਇੱਕ ਔਰਤ ਦਾ ਫਰਜ਼ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੀ ਨਹੀਂ ਹੁੰਦਾ। ਚੰਗੀ ਔਰਤ ਉਹ ਹੈ ਜੋ ਆਏ ਮਹਿਮਾਨ ਨੂੰ ਵੀ ਬਣਦਾ ਸਨਮਾਨ ਦੇਵੇ। ਯ ਕਿਸੇ ਗ਼ੈਰ ਨੂੰ ਵੀ ਘਰੋਂ ਭੁੱਖਾ ਨਾ ਜਾਣ ਦੇਵੇ। ਅੱਜ ਤੱਕ ਕੋਈ ਵੀ ਮਹਿਮਾਨ ਸਾਡੇ ਘਰੋਂ ਖਾਣੇ ਤੋਂ ਅਸੰਤੁਸ਼ਟ ਹੋਕੇ ਨਹੀਂ ਗਿਆ। ਸਗੋਂ ਇੱਕ ਵਾਰੀ ਆਇਆ ਮਹਿਮਾਨ ਕਈ ਕਈ ਸਾਲ ਖਾਣੇ ਦੀਆਂ ਤਰੀਫਾਂ ਕਰਦਾ ਨਹੀਂ ਥੱਕਦਾ। ਹੋਰ ਤਾਂ ਹੋਰ ਬਹੁਤੇ ਵਾਰੀ ਸਭ ਦੇ ਰੋਕਦੇ ਰੋਕਦੇ ਦੋ ਸੇਬ ਕੱਟਣ ਲੱਗਿਆ ਭੋਰਾ ਨਹੀਂ ਸੋਚਦੀ। ਅਗਲੇ ਦੇ ਨਾਂਹ ਨਾਂਹ ਕਰਦੇ ਵੀ ਲਿਮਕੇ ਦੀ ਬੋਤਲ ਦਾ ਝੱਟ ਗਲਾ ਮਰੋੜ ਦਿੰਦੀ ਹੈ। ਅੱਜ ਤੱਕ ਮੈਨੂੰ ਮਿਲਣ ਆਉਣ ਵਾਲਿਆਂ ਲਈ ਕੌਫ਼ੀ ਬਣਾਉਣ ਵੇਲੇ ਇਸ ਨੇ ਕਦੇ ਮੱਥੇ ਵੱਟ ਨਹੀਂ ਪਾਇਆ। ਉਂਜ ਮੇਰੇ ਆਸ਼ਰਮ ਵਿੱਚ ਆਉਣ ਵਾਲਿਆਂ ਦਾ ਤਾਂ ਤਾਂਤਾ ਲੱਗਿਆ ਹੀ ਰਹਿੰਦਾ ਹੈ। ਜੇ ਕੋਈ ਨਾ ਆਵੇ ਤਾਂ ਮੈਂ ਆਪ ਹੀ ਫੋਨ ਕਰਕੇ ਸੱਦ ਲੈਂਦਾ ਹਾਂ। ਜੇ ਕਿਤੇ ਮਹਿਮਾਨ ਨਿਵਾਜੀ ਨੂੰ ਸਨਮਾਨਿਤ ਕਰਨ ਦਾ ਰਿਵਾਜ ਹੁੰਦਾ ਤਾਂ ਹਰ ਸਾਲ ਦਾ ਫਸਟ ਪ੍ਰਾਇਜ ਮੇਰੀ ਹਮਸਫਰ ਦਾ ਪੱਕਾ ਸੀ। ਬੈਸਟ ਮੇਜ਼ਬਾਨ ਆਫ ਦਾ ਈਅਰ।
ਸੁਣਿਆ ਸੀ ਕਿ ਔਰਤ ਤਿਆਗ ਦੀ ਮੂਰਤੀ ਹੁੰਦੀ ਹੈ। ਪਰ ਹੁਣ ਅੱਖੀਂ ਵੇਖਕੇ ਤਸੱਲੀ ਹੁੰਦੀ ਹੈ। ਮੇਰੀ ਸ਼ਰੀਕ ਏ ਹਯਾਤ ਨੇ ਆਪਣੇ ਜੀਵਨ ਵਿਚ ਬਹੁਤ ਵੱਡਾ ਤਿਆਗ ਕੀਤਾ ਹੈ ਜੋ ਹਜ਼ਾਰ ਮਗਰ ਇੱਕ ਨਹੀਂ ਸ਼ਾਇਦ ਲੱਖ ਮਗਰ ਇੱਕ ਦੇ ਹਿੱਸੇ ਆਉਂਦਾ ਹੋਵੇਗਾ। ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਉਸ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਇਸ ਤੋਂ ਵੱਡਾ ਤਿਆਗ ਕੋਈ ਨਹੀਂ ਕਰ ਸਕਦਾ। ਇਸ ਗੱਲ ਨੂੰ ਮੈਂ ਦਿਲੋ ਮਹਿਸੂਸ ਹੀ ਨਹੀਂ ਕਰਦਾ ਸਗੋਂ ਇਸਨੂੰ ਆਪਣੇ ਉਪਰ ਇੱਕ ਅਹਿਸਾਨ ਵੀ ਸਮਝਦਾ ਹਾਂ। ਜਿਸਦਾ ਕੋਈ ਮੁੱਲ ਨਹੀਂ। ਅਨਮੋਲ ਹੈ।
ਮੇਰੀ ਮਾਂ ਨਾਲ ਮੇਰਾ ਬਹੁਤ ਲਗਾਵ ਸੀ। ਪਰ ਇਸਤੋਂ ਵੀ ਵੱਧ ਲਗਾਵ ਇਸਦਾ ਸੀ। ਫੋਰਟਿਸ ਹਸਪਤਾਲ ਵਿੱਚ ਇਸਨੂੰ ਰੋਂਦੀ ਆਉਂਦੀ ਦਾ ਵੇਖਣ ਵਾਲਾ ਸੀਨ ਮੈਂ ਤਾਉਮਰ ਨਹੀਂ ਭੁੱਲ ਸਕਦਾ। ਜਦੋ ਬੈਠੇ ਲੋਕਾਂ ਨੂੰ ਲੱਗਿਆ ਕਿ ਇੱਕ ਧੀ ਆਪਣੀ ਮਾਂ ਨੂੰ ਮਿਲਕੇ ਆਈ ਹੈ ਪਰ ਇਹ ਤਾਂ ਨੂੰਹ ਸੀ। ਤੇ ਜਦੋਂ ਮੈਂ ਇਸਦੇ ਇੱਕ ਸੱਸ ਦੇ ਰੂਪ ਨੂੰ ਦੇਖਦਾ ਹਾਂ ਤਾਂ ਉਦੋਂ ਵੀ ਲੱਗਦਾ ਹੈ ਇਹ ਸੱਸ ਨਹੀਂ ਸਗੋਂ ਇੱਕ ਮਾਂ ਹੈ। ਜੇ ਇਸਨੇ ਇੱਕ ਸੱਸ ਦੀ ਆਪਣੀ ਮਾਂ ਵਾਂਗੂ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤਾਂ ਨੂੰਹਾਂ ਨੂੰ ਧੀਆਂ ਸਮਝਣ ਵਿੱਚ ਕਦੇ ਕੋਤਾਹੀ ਨਹੀਂ ਕੀਤੀ। ਪੋਤੀ ਦਾ ਰਿਸ਼ਤਾ ਤਾਂ ਦਿਲ ਦੀ ਧੜਕਣ ਨਾਲ ਜੁੜਿਆ ਹੈ।
ਰਿਸ਼ਤਿਆਂ ਦੀ ਗੱਲ ਤਾਂ ਇੱਕ ਪਾਸੇ ਇਹ ਤਾਂ ਆਪਣੀਆਂ ਕੰਮ ਵਾਲੀਆਂ ਨਾਲ ਆਪਣੇ ਚੰਗੇ ਵਿਹਾਰ ਕਰਕੇ ਜਾਣੀ ਜਾਂਦੀ ਹੈ। ਤੇ ਕੰਮ ਵਾਲੀਆਂ ਦੇ ਹਮੇਸ਼ਾ ਨਾਲ ਖੜ੍ਹਦੀ ਹੈ।
ਟੋਕਰੇ ਵਿੱਚ ਪਏ ਭਾਂਡਿਆਂ ਦੇ ਖੜਕਣ ਤੇ ਸੱਚੀ ਗੱਲ ਕਹਿਣ ਵਾਲੇ ਦੀ ਮੂੰਹ ਤੋਂ ਨਿਕਲਦੀ ਗੱਲ ਨੂੰ ਕੋਈ ਨਹੀਂ ਰੋਕ ਸਕਦਾ।
ਅਠਾਰਾਂ ਨਵੰਬਰ 1959 ਨੂੰ ਮਹਿਮਾ ਸਰਕਾਰੀ ਦੇ ਸ੍ਰੀ ਮੋਹਨ ਲਾਲ ਗਰੋਵਰ ਦੇ ਘਰ ਵੱਡੀ ਪੋਤੀ ਵਜੋਂ ਕਿਲਕਾਰੀ ਮਾਰਨ ਵਾਲੀ ਮੇਰੀ ਹਮਸਫਰ ਸ੍ਰੀ ਮੁਕਤਸਰ ਸਾਹਿਬ ਦੇ ਗਗੜ ਪਿੰਡ ਵਾਲੇ ਸ੍ਰੀ ਮੁਨਸ਼ੀ ਰਾਮ ਬੱਬਰ ਦੀ ਦੋਹਤੀ ਹੈ। ਪਿਤਾ ਸ੍ਰੀ ਬਸੰਤ ਰਾਮ ਗਰੋਵਰ ਅਤੇ ਮਾਤਾ ਪੂਰਨਾ ਦੇਵੀ ਨੇ ਵਧੀਆ ਸੰਸਕਾਰ ਚੰਗੀ ਤਾਲੀਮ ਦੇਕੇ ਅਤੇ ਇਸਦਾ ਕੰਨਿਆ ਦਾਨ ਕਰਕੇ ਮੇਰਾ ਜੀਵਨ ਸੰਵਾਰਨ ਦਾ ਰਾਹ ਪੱਧਰਾ ਕੀਤਾ।
ਕੇਕ ਤੇ ਲੱਗੀਆਂ ਮੋਮ ਬੱਤੀਆਂ ਨੂੰ ਮੂੰਹ ਦੀ ਫੂਕ ਮਾਰਕੇ ਬੁਝਾਉਣ ਅਤੇ ਛੁਰੀ ਨਾਲ਼ ਕੇਕ ਕੱਟਣ ਨੂੰ ਜਨਮ ਦਿਨ ਮਨਾਉਣਾ ਨਹੀਂ ਕਹਿੰਦੇ। ਅਸਲ ਜਨਮ ਦਿਨ ਕਿਸੇ ਦੀਆਂ ਚੰਗਿਆਈਆਂ ਨੂੰ ਪਕੜਨਾ ਹੁੰਦਾ ਹੈ। ਤੇ ਬੁਰਾਈਆਂ ਤੋਂ ਪਾਸਾ ਵੱਟਣਾ ਹੁੰਦਾ ਹੈ।
ਜਨਮ ਦਿਨ ਤੇ ਤੇਰੀਆਂ ਖੂਬੀਆਂ ਨੂੰ ਯਾਦ ਕਰਨਾ ਕਮੀਆਂ ਨੂੰ ਅੱਖ ਪਰੋਖੇ ਕਰਨਾ ਅਤੇ ਆਪਣੀਆਂ ਕਮੀਆਂ ਦਾ ਖੁੱਲ੍ਹਕੇ ਇਜ਼ਹਾਰ ਕਰਨਾ ਹੀ ਮੇਰੇ ਵੱਲੋਂ ਤੈਨੂੰ ਵੱਡਾ ਗਿਫ਼ਟ ਹੈ।
ਪਰਮਾਤਮਾ ਅੱਗੇ ਇਹ ਹੀ ਦੂਆ ਹੈ ਕਿ ਤੇਰੇ ਹੱਥ ਦੀ ਪੱਕੀ ਰੋਟੀ ਤੇ ਦਾਲ ਤਾਉਮਰ ਹੀ ਮਿਲਦੀ ਰਹੇ।
ਹੋਰ ਆਪਾਂ ਬਾਹਰ ਬਣੇ ਸ਼ਾਹੀ ਪਨੀਰ ਤੋਂ ਕੀ ਲੈਣਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
18 11 2021

Leave a Reply

Your email address will not be published. Required fields are marked *