ਵੀਹਵੀਂ ਸਦੀ ਦੇ ਅੱਠਵੇਂ ਨੌਵੇਂ ਦਹਾਕੇ ਦੀ ਗੱਲ ਹੈ ਪਾਪਾ ਜੀ ਦੇ ਕਹਿਣ ਤੇ ਮੈਂ ਸ਼ਹਿਰ ਵਿੱਚ ਰਹਿੰਦੀ ਮੇਰੇ ਪਾਪਾ ਜੀ ਦੀ ਭੂਆ ਜੀ ਦੀ ਦੋਹਤੀ ਨੂੰ ਦੀਵਾਲੀ ਤੇ ਮਿਠਾਈ ਦਾ ਇੱਕ ਛੋਟਾ ਡਿੱਬਾ ਦੇ ਆਇਆ। ਕਿਉਂਕਿ ਅਸੀ ਸੀਮਤ ਜਿਹੇ ਪਰਿਵਾਰਾਂ ਨੂੰ ਦੀਵਾਲੀ ਦਿੱਤੀ ਸੀ। ਉਹ ਸ਼ਹਿਰ ਦੇ ਮਸ਼ਹੂਰ ਮੌਂਗਾ ਪਰਿਵਾਰ ਘਰੇ ਵਿਆਹੀ ਹੋਈ ਸੀ। ਉਸ ਸਮੇਂ ਉਸ ਪਰਿਵਾਰ ਨੂੰ ਲੋਕ #ਭੱਠੇ_ਵਾਲੇ_ਮੌਂਗੇ ਕਹਿੰਦੇ ਸਨ। ਸ਼ਹਿਰ ਦੇ ਅਮੀਰ ਪਰਿਵਾਰਾਂ ਦੀ ਲਿਸਟ ਵਿੱਚ ਉਸ ਪਰਿਵਾਰ ਦਾ ਨਾਮ ਆਉਂਦਾ ਸੀ। ਕੋਈਂ “ਮਿਠਾਈ ਦਾ ਭੁੱਖਾ ਨਹੀਂ ਹੁੰਦਾ। ਗੱਲ ਧੀ ਧਿਆਣੀ ਨੂੰ ਤਿੱਥ ਤਿਉਹਾਰ ਤੇ ਸੰਭਾਲਣ ਦੀ ਹੁੰਦੀ ਹੈ।” ਪਾਪਾ ਜੀ ਨੇ ਕਿਹਾ ਤੇ ਇਹੀ ਓਹਨਾ ਦੀ ਸੋਚ ਸੀ। ਉਸ ਸਮੇਂ ਸਾਡੀ ਹੈਸੀਅਤ ਵੀ ਬੱਸ ਮਿਠਾਈ ਜੋਗੀ ਹੀ ਸੀ। ਅਗਲੇ ਦਿਨ ਉਹ ਆਕੇ ਸਾਨੂੰ ਧੱਕੇ ਨਾਲ ਡ੍ਰਾਈ ਫਰੂਟ ਦਾ ਡਿੱਬਾ ਦੇ ਗਏ। ਜੋ ਓਹਨਾ ਦੀ ਹੈਸੀਅਤ ਮੁਤਾਬਿਕ ਠੀਕ ਸੀ ਤੇ ਸਾਡੇ ਲਈ ਬਹੁਤ ਵੱਡੀ ਗੱਲ ਸੀ। ਅਸੀ ਡਿੱਬਾ ਲੈਣ ਤੋਂ ਕਾਫੀ ਇਨਕਾਰ ਵੀ ਕੀਤਾ ਪਰ ਓਹ ਨਹੀਂ ਮੰਨੇ। ਉਹ ਡਿੱਬਾ ਰੱਖਣ ਲੱਗਿਆ ਸਾਨੂੰ ਸ਼ਰਮ ਜਿਹੀ ਵੀ ਆਈ। ਅਗਲੇ ਸਾਲ ਦੀਵਾਲੀ ਤੇ ਅਸੀਂ ਹੁੱਬਕੇ ਉਹਨਾਂ ਨੂੰ ਡ੍ਰਾਈ ਫਰੂਟ ਦਾ ਡਿੱਬਾ ਦੇ ਆਏ ਪਰ ਉਹਨਾਂ ਨੇ ਇੱਕੀ ਨੂੰ ਇਕੱਤੀ ਕਰਦੇ ਹੋਏ ਉਹ ਡ੍ਰਾਈ ਫਰੂਟ ਦੀ ਵੱਡੀ ਪੈਕਿੰਗ ਨਾਲ ਸੇਬ ਤੇ ਕੇਲਿਆਂ ਵਾਲਾ ਲਿਫ਼ਾਫ਼ਾ ਵੀ ਸਾਡੇ ਘਰ ਆਕੇ ਦੇ ਗਏ। ਤੀਸਰੇ ਸਾਲ ਭਾਵੇਂ ਅਸੀਂ ਮਾਲੀ ਰੂਪ ਵਿੱਚ ਕੁਝ ਹੋਰ ਸਮਰਥ ਹੋ ਗਏ ਸੀ ਅਸੀਂ ਉਸ ਭੈਣ ਨੂੰ ਅੱਡੀਆਂ ਚੁੱਕਕੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਅਮੀਰੀ ਤੇ ਖੁੱਲ੍ਹਕੇ ਵਰਤਣ ਦੀ ਨੀਤੀ ਸਾਨੂੰ ਫਿਰ ਸ਼ਰਮਸ਼ਾਰ ਕਰ ਗਈ। ਇਹ ਕੋਈਂ ਮੁਕਾਬਲਾ ਨਹੀਂ ਸੀ। ਇੱਥੇ ਵੱਧ ਲੈਣਾ ਠੀਕ ਨਹੀਂ ਸੀ।
“ਬੇਟਾ, ਧੀ ਦੇ ਘਰੋਂ ਬਹੁਤਾ ਲਿਆ ਨਹੀਂ ਜਾਂਦਾ। ਇਹ ਚੰਗਾ ਨਹੀਂ ਲੱਗਦਾ। ਉਹ ਹਰ ਵਾਰ ਧੱਕਾ ਕਰ ਜਾਂਦੇ ਹਨ। ਇਸ ਨਾਲ ਭਾਰ ਚੜ੍ਹਦਾ ਹੈ।” ਚੌਥੇ ਸਾਲ ਇਹ ਕਹਿਕੇ ਪਾਪਾ ਜੀ ਨੇ ਮੈਨੂੰ ਦੀਵਾਲੀ ਵੇਲੇ ਓਹਨਾ ਨੂੰ ਕੁਝ ਵੀ ਦੇਣ ਤੋਂ ਵਰਜ਼ ਦਿੱਤਾ। ਕਿਉਂਕਿ ਪੁਰਾਣੇ ਬਜ਼ੁਰਗ ਧੀਆਂ ਦੇ ਘਰ ਦਾ ਪਾਣੀ ਵੀ ਨਹੀਂ ਸੀ ਪੀਂਦੇ। ਫਿਰ ਕਾਜੂ ਬਦਾਮ ਖਾਣੇ ਤਾਂ ਹੋਰ ਵੀ ਔਖੇ ਸਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ