ਕੱਲ੍ਹ ਰਾਜਪੁਰੇ ਇੱਕ ਸਮਾਰੋਹ ਤੇ ਗਏ। ਮੇਰੀ ਮੈਡਮ ਤੇ ਭਤੀਜਾ ਵੀ ਨਾਲ ਸੀ। ਸਾਨੂੰ ਵੇਖਦੇ ਹੀ ਮੇਜਬਾਨ ਪਰਿਵਾਰ ਦੇ ਚੇਹਰੇ ਖਿੜ ਗਏ। ਉਹਨਾਂ ਨੇ ਸਾਨੂੰ ਹੱਥਾਂ ਤੇ ਚੁੱਕ ਲਿਆ (ਮੁਹਾਵਰਾ)। ਮੇਜ਼ਬਾਨ ਪਰਿਵਾਰ ਨੇ ਗਲੀ ਵਿੱਚ ਹੀ ਖਾਣਪੀਣ ਦੇ ਸਟਾਲ ਲਗਾਏ ਸਨ। ਕੋਈਂ ਪੰਜ ਛੇ ਤਰ੍ਹਾਂ ਦੀ ਵਧੀਆ ਮਿਠਾਈ, ਵੰਨ ਸਵੰਨੀ ਕਿਸਮ ਦੇ ਪਕੌੜੇ, ਕੋਲਡ ਡ੍ਰਿੰਕ ਤੇ ਨਾਲ ਗਰਮਾ ਗਰਮ ਕੌਫ਼ੀ ਵੀ ਸੀ। ਕਿਉਂਕਿ ਅਸੀਂ ਕਾਫੀ ਲੰਮਾ ਸਫ਼ਰ ਤਹਿ ਕਰਕੇ ਗਏ ਸੀ ਪਰਿਵਾਰ ਨੇ ਸਾਨੂੰ ਬ੍ਰੇਕਫਾਸਟ ਕਰਨ ਲਈ ਓਥੇ ਹੀ ਕੁਰਸੀਆਂ ਤੇ ਬਿਠਾ ਲਿਆ। ਭਾਵੇਂ ਖਵਾਉਣ ਪਿਲਾਉਣ ਲਈ ਕਾਫੀ ਸ਼ਾਫ ਸੁਧਰੇ ਮਾਸਕ ਵਾਲ਼ੇ ਵੇਟਰ ਵੀ ਮੌਜੂਦ ਸਨ ਪਰ ਫਿਰ ਵੀ ਘਰਵਾਲੇ ਪਰਿਵਾਰ ਦੇ ਦੋ ਤਿੰਨ ਜਣੇ ਸਾਡੀ ਸੇਵਾ ਤੇ ਉਚੇਚੇ ਲੱਗ ਗਏ। ਅਸੀਂ ਕੌਫ਼ੀ ਪੀਣ ਲੱਗ ਗਏ। ਕੌਫ਼ੀ ਵਾਕਿਆ ਹੀ ਸਵਾਦ ਸੀ। ਪਰ ਪਕੌੜਿਆਂ ਦੇ ਚੱਕਰ ਵਿੱਚ ਮੇਰੀ ਕੌਫ਼ੀ ਜਰ੍ਹਾਂ ਠੰਡੀ ਹੋ ਗਈ। ਮੈਂ ਵੇਟਰ ਨੂੰ ਅੱਧਾ ਕੱਪ ਕੌਫ਼ੀ ਦੇਣ ਦਾ ਇਸ਼ਾਰਾ ਕੀਤਾ।
“ਐਂਕਲ ਜੀ ਵਾਸਤੇ ਵਧੀਆ ਜਿਹੀ ਇੱਕ ਕੱਪ ਕੌਫ਼ੀ ਹੋਰ ਲਿਆ, ਘੱਟ ਮਿੱਠੇਵਾਲੀ।” ਮੇਰੇ ਨਾਲ ਬੈਠੇ ਪਰਿਵਾਰ ਦੇ ਜਿੰਮੇਵਾਰ ਨੇ ਵੇਟਰ ਨੂੰ ਜੋਰ ਦੇਕੇ ਕਿਹਾ। ਮੇਰੇ ਲਈ ਉਚੇਚੀ ਤੇ #ਈ_ਸਪੈਸ਼ਲ ਕੌਫ਼ੀ ਆਈ। ਉਹ ਬਿਨਾਂ ਮਿੱਠੇ ਵਾਲੀ ਕੌਫ਼ੀ ਮੈਂ ਮਸਾਂ ਹੀ ਲੰਘਾਈ। ਕਈ ਵਾਰੀ
ਬਾਹਲੇ ਹਮਦਰਦ ਵੀ ਨੁਕਸਾਨ ਕਰ ਦਿੰਦੇ ਹਨ। ਹਾਂ ਸੱਚ ਭਾਵੇਂ ਵੇਟਰਾਂ ਦੀ ਸਰਵਿਸ ਬਹੁਤ ਵਧੀਆ ਸੀ। ਉਹ ਕੋਲਡ ਡ੍ਰਿੰਕ ਤੇ ਮਿਠਾਈ ਦੀ ਟਰੇ ਹਰੇਕ ਮਹਿਮਾਨ ਦੇ ਮੂਹਰੇ ਕਰ ਰਹੇ ਸੀ। ਪਰ ਜਦੋਂ ਸਾਡੇ ਹੱਥਾਂ ਵਿੱਚ ਕੌਫ਼ੀ ਵਾਲੇ ਕੱਪ ਸਨ ਤੇ ਅਸੀਂ ਕੌਫ਼ੀ ਦਾ ਲੁਤਫ਼ ਉਠਾ ਰਹੇ ਸੀ। ਉਹਨਾਂ ਦਾ ਉਸੇ ਵੇਲੇ ਕੋਲਡ ਡ੍ਰਿੰਕ ਦੇ ਟਰੇ ਸਾਡੇ ਮੂਹਰੇ ਕਰਨਾ ਜਚਿਆ ਨਹੀਂ। ਇਹ ਕਾਮਨ ਸੈਂਸ ਹੈ ਕਿ ਕੌਫ਼ੀ ਪੀ ਰਿਹਾ ਬੰਦਾ ਕੋਲਡ ਡ੍ਰਿੰਕ ਕਿਵੇਂ ਪੀ ਲਵੇਗਾ। “ਜੇ ਇਹਨਾਂ ਨੂੰ ਇੰਨੀ ਅਕਲ ਹੁੰਦੀ ਤਾਂ ਇਹ ਵੇਟਰ ਨਹੀਂ ਕਿਸੇ ਕੰਪਨੀ ਦੇ ਮੈਨੇਜਰ ਹੁੰਦੇ।”
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ