1971 ਦੀ ਹਿੰਦ_ਪਾਕ ਜੰਗ ਤੋਂ ਬਾਦ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਪਾਕ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ ਨਾਲ ਸ਼ਿਮਲਾ ਸਮਝੌਤਾ ਕਰਕੇ ਲੈਫੀ. ਅਰੋੜਾ ਵੱਲੋਂ ਬੰਦੀ ਬਣਾਏ ਗਏ ਪੁਚਾਨਵੇ ਹਜ਼ਾਰ ਦੇ ਕਰੀਬ ਜੰਗੀ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਲਿਆ। ਉਹਨਾਂ ਕੈਦੀਆਂ ਦੇ ਆਪਣੇ ਵਤਨ ਵਾਸੀਆਂ ਨੇ ਨਾਮ ਸੰਦੇਸ਼ ਆਲ ਇੰਡੀਆ ਰੇਡੀਓ ਤੇ ਨਸ਼ਰ ਕੀਤੇ ਜਾਂਦੇ ਸਨ। ਉਸ ਰਿਹਾਈ ਦਾ ਦੇਸ਼ ਦੇ ਕਈ ਬੁੱਧੀਜੀਵੀਆਂ, ਵਿਰੋਧੀਧਿਰ ਤੇ ਮੀਡੀਏ ਨੇ ਭਾਰੀ ਵਿਰੋਧ ਕੀਤਾ। ਵਿਰੋਧ ਕਰਨ ਵਾਲਿਆਂ ਵਿੱਚ ਮੈਂ ਵੀ ਸ਼ਾਮਿਲ ਸੀ ਜੋ ਉਸ ਸਮੇਂ ਸਰਕਾਰੀ ਸਕੂਲ ਦੀ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਫਿਰ ਮੈਂ ਇਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਕੇ ਆਪਣਾ ਵਿਰੋਧ ਦਰਜ਼ ਕਰਾਉਣ ਤੇ ਉਸਤੋਂ ਜਬਾਬ ਮੰਗਣ ਦਾ ਫੈਸਲਾ ਕੀਤਾ। ਇਹ ਚਿੱਠੀ ਮੈਂ ਸਾਡੇ ਗੁਆਂਢ ਵਿਚ ਰਹਿੰਦੇ ਬਿੱਲੂ ਵੀਰੇ ਤੋਂ ਲਿਖਵਾਈ ਜੋ ਓਦੋਂ ਸ਼ਹਿਰ ਵਿਚਲੇ ਕਾਲਜ ਵਿੱਚ ਬੀ ਏ ਕਰਦਾ ਸੀ। ਨੀਲੇ ਰੰਗ ਦੇ ਅੰਤਰਰਾਸ਼ਟਰੀ ਪੱਤਰ ਤੇ ਲਿਖਵਾਈ ਉਹ ਚਿੱਠੀ ਮੈਂ ਬੈਜਨਾਥ ਦੇ ਠੇਕੇ ਨੇੜੇ ਲੱਗੇ ਲੈੱਟਰ ਬਾਕਸ ਰਾਹੀਂ ਪੋਸਟ ਕੀਤੀ।
ਮੈਨੂੰ ਨਹੀਂ ਪਤਾ ਕਿ ਮੇਰੀ ਪਾਈ ਚਿੱਠੀ ਦਾ ਕੀ ਬਣਿਆ। ਉਹ ਦਿੱਲੀ ਪਹੁੰਚੀ ਯ ਲੋਹਾਰਾ ਵੀ ਨਹੀਂ ਲੰਘੀ। ਯ ਪ੍ਰਧਾਨ ਮੰਤਰੀ ਦਫ਼ਤਰ ਦੀ ਕਿਸੇ ਡਸਟਬਿੰਨ ਦਾ ਸਿੰਗਾਰ ਬਣੀ। ਪਰ ਮੈਂ ਕਈ ਦਿਨ ਉਸ ਚਿੱਠੀ ਦੇ ਜਬਾਬ ਦਾ ਇੰਤਜ਼ਾਰ ਕਰਦਾ ਰਿਹਾ। ਪਰ ਮੈਨੂੰ ਪਤਾ ਲੱਗਿਆ ਕਿ ਮੈਡਮ ਇੰਦਰਾ ਗਾਂਧੀ ਜੀ ਨੇ ਇੱਕ ਸਭਾ ਵਿੱਚ ਛੇਵੀਂ ਕਲਾਸ ਵਿੱਚ ਪੜ੍ਹਦੀ ਇੱਕ ਲੜਕੀ ਦੀ ਚਿੱਠੀ ਦਾ ਜ਼ਿਕਰ ਕੀਤਾ ਜਿਸਨੇ ਵੀ ਮੇਰਾ ਵਾਲਾ ਮੁੱਦਾ ਉਠਾਇਆ ਸੀ। ਆਪਣੇ ਜਬਾਬ ਵਿੱਚ ਇੰਦਰਾ ਗਾਂਧੀ ਨੇ ਅਵਾਮ ਨੂੰ ਸ਼ਿਮਲਾ ਸਮਝੌਤੇ ਦੇ ਫਾਇਦੇ ਗਿਣਾਏ। ਭਾਵੇਂ ਬਾਦ ਵਿੱਚ ਪਾਕ ਸ਼ਿਮਲਾ ਸਮਝੌਤੇ ਦੀਆਂ ਸ਼ਰਤਾਂ ਤੇ ਖਰਾ ਨਹੀਂ ਉਤਰਿਆ। ਪਰ ਫਿਰ ਵੀ ਇੱਕ ਲੱਖ ਫੌਜੀਆਂ ਦਾ ਹਥਿਆਰ ਸੁੱਟਣਾ ਤੇ ਉਹਨਾਂ ਨੂੰ ਰਿਹਾ ਕਰਨਾ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਜੋ ਭਾਰਤ ਦੇ ਵੀਰ ਸੈਨਿਕ ਹੀ ਕਰ ਸਕਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ