ਗੱਲ ਮੇਰੇ ਸਹੁਰੇ ਪਿੰਡ ਮਹਿਮਾ ਸਰਕਾਰੀ ਦੀ ਹੈ।ਉਸ ਸਮੇ ਸਾਡੇ ਬਹੁਤੇ ਰਿਸ਼ਤੇਦਾਰ ਸਰਕਾਰੀ ਮਾਸਟਰ ਹੀ ਸਨ।ਤੇ ਓਹਨਾ ਦਾ ਬਹੁਤਾ ਸਹਿਚਾਰ ਮਾਸਟਰ ਭਾਈ ਚਾਰੇ ਨਾਲ ਸੀ। ਕੁਝ ਕੁ ਮਾਸਟਰ ਪੰਡਿਤ ਬਰਾਦਰੀ ਦੇ ਸਨ ਤੇ ਕੁਝ ਕੁ ਜੱਟ ਸਿੱਖ।ਤੇ ਸਾਰੇ ਸਾਈਕਲਾਂ ਤੇ ਹੀ ਨਾਲ ਦੇ ਪਿੰਡਾਂ ਵਿੱਚ ਡਿਊਟੀ ਤੇ ਜਾਂਦੇ ਸਨ। ਆਮਤੌਰ ਤੇ ਚਿੱਟੇ ਪਜਾਮੇ ਪਹਿਨਦੇ ਤੇ ਨਿੱਤ ਪਹੁੰਚਿਆ ਤੇ ਗਰੀਸ ਲੱਗ ਜਾਂਦੀ। ਕੜਕੀ ਦੇ ਦਿਨ ਹੁੰਦੇ ਸੀ। ਸਾਰੇ ਜਣੇ ਰੀਸੋ ਰੀਸ ਪਜਾਮਾ ਸਾਈਕਲ ਦੇ ਹੈਂਡਲ ਤੇ ਟੰਗ ਲੈਂਦੇ ਤੇ ਸਕੂਲ ਦੇ ਨੇੜੇ ਜਾ ਕੇ ਪਜਾਮਾ ਪਹਿਣ ਲੈਂਦੇ।ਕਿਉਂਕਿ ਇੱਕ ਪਜਾਮਾ ਕੁੜਤਾ ਕਈ ਦਿਨ ਪਾਉਣਾ ਹੁੰਦਾ ਸੀ। ਗੱਲ ਸ਼ਾਇਦ ਪੰਡਿਤ ਮਾਸਟਰ ਜੀ ਦੀ ਹੈ। ਉਸਨੇ ਸਵੇਰੇ ਸਵੇਰੇ ਆਪਣੀ ਧੀ ਨੂੰ ਕਿਹਾ ਦਿੱਤਾ ਕਿ ਪਜਾਮਾ ਹੈਂਡਲ ਤੇ ਟੰਗ ਦੇਵੇ। ਕੁੜੀ ਨੂੰ ਵੀ ਸਕੂਲ ਜਾਣ ਦੀ ਕਾਹਲੀ ਸੀ। ਖੈਰ ਪੰਡਿਤ ਜੀ ਜਦੋ ਸਕੂਲ ਦੇ ਨੇੜੇ ਜਾ ਕੇ ਹੈਂਡਲ ਤੋਂ ਪਜਾਮਾ ਲੈ ਜਦੋ ਪਾਉਣ ਲੱਗੇ ਤਾਂ ਗੁੱਸਾ ਸੱਤਵੇਂ ਆਸਮਾਨ ਤੇ ਸੀ। ਹੁਣ ਫਸ ਗਏ ਮਾਸਟਰ ਜੀ। ਹੋਇਆ ਕੀ ਕਿ ਕੁੜੀ ਨੇ ਚਿੱਟੇ ਪਜਾਮੇ ਦੇ ਭੁਲੇਖੇ ਆਪਣੀ ਮਾਂ ਦੀ ਚਿੱਟੀ ਸਲਵਾਰ ਸਾਈਕਲ ਦੇ ਹੈਂਡਲ ਤੇ ਟੰਗ ਦਿੱਤੀ।ਫਿਰ ਮਾਸਟਰ ਜੀ ਵਾਪਿਸ ਘਰੇ ਆਏ। ਉਸ ਦਿਨ ਓਹਨਾ ਦਾ ਵਨ ਥਰਡ ਸੀ ਲੀਵ ਦਾ ਨੁਕਸਾਨ ਹੋਇਆ।ਜੋ ਓਹਨਾ ਨੂੰ ਉਮਰ ਭਰ ਚੁਭਦਾ ਰਿਹਾ। ਕਿਉਂਕਿ ਮਾਸਟਰ ਮਹਿਕਮਾ ਲੱਖਾਂ ਦਾ ਘਾਟਾ ਬਰਦਾਸਤ ਕਰ ਸਕਦਾ ਹੈ ਪਰ ਇੱਕ ਸੀ ਲੀਵ ਦਾ ਨੁਕਸਾਨ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ