ਇਤਫ਼ਾਕ | ittfaak

#ਇਤਫ਼ਾਕ
“ਐਂਕਲ ਜੀ ਮੈਂ ਜਲਦੀ ਜਾਣਾ ਹੈ। ਮੇਰੀ ਵੱਡੀ ਮਾਂ ਹਸਪਤਾਲ ਦਾਖਿਲ ਹੈ।”

“ਵੱਡੀ ਮਾਂ ਮਤਲਬ ਤੇਰੀ ਤਾਈ ਯ ਦਾਦੀ। ਕੀ ਤਕਲੀਫ ਹੈ ਉਸਨੂੰ?”

“ਉਸਨੂੰ ਕੈਂਸਰ ਹੈ ਜੀ। ਨਾਲੇ ਮੇਰੀਆਂ ਦੋ ਮੰਮੀਆਂ ਹਨ ਜੀ।”

“ਦੋ ਮੰਮੀਆਂ?” ਮੈਂ ਥੋੜੀ ਹੈਰਾਨੀ ਨਾਲ ਪੁੱਛਦਾ ਹਾਂ।

“ਹਾਂਜੀ ਮੇਰੇ ਪਾਪਾ ਦੇ ਦੋ ਵਿਆਹ ਹੋਏ ਹਨ। ਕਿਉਂਕਿ।”

“ਦੋ ਵਿਆਹ ਕਿਵ਼ੇਂ?”

“ਵੱਡੀ ਮੰਮਾਂ ਦੇ ਔਲਾਦ ਨਹੀਂ ਹੋਈ ਸੀ। ਫਿਰ ਮੇਰੇ ਪਾਪਾ ਨੇ ਇੱਕ ਹੋਰ ਵਿਆਹ ਕਰਵਾ ਲਿਆ।”

“ਅੱਛਾ।”

“ਨਹੀਂ ਮੇਰੇ ਵੱਡੀ ਮੰਮੀ ਆਪਣੀ ਛੋਟੀ ਭੈਣ ਦਾ ਸਾਕ ਲ਼ੈ ਆਈ। ਮੇਰੇ ਨਾਨੇ ਦੇ ਬੱਸ ਦੋ ਹੀ ਕੁੜੀਆਂ ਸਨ। ਮੁੰਡਾ ਕੋਈਂ ਨਹੀਂ ਸੀ।”
“ਫਿਰ।” ਹੁਣ ਮੇਰੀ ਉਸਦੀ ਕਹਾਣੀ ਵਿੱਚ ਦਿਲਚਸਪੀ ਵੱਧ ਗਈ ਸੀ।

” ਅਸੀਂ ਨਾਨਕੀ ਢੇਰੀ ਤੇ ਆ ਗਏ। ਫਿਰ ਦੋ ਭੈਣਾਂ ਬਾਦ ਮੇਰਾ ਜਨਮ ਹੋਇਆ।”
“ਫਿਰ ਕਦੇ ਤੇਰੀਆਂ ਮੰਮੀਆਂ ਲੜ੍ਹੀਆਂ ਨਹੀਂ ਆਪਿਸ ਵਿੱਚ।” ਮੈਂ ਗੱਲ ਵਧਾਉਣ ਦੇ ਲਹਿਜੇ ਨਾਲ ਪੁੱਛਿਆ।

“ਨਹੀਂ ਐਂਕਲ ਜੀ ਉਹ ਉਂਜ ਵੀ ਸਕੀਆਂ ਭੈਣਾਂ ਸਨ ਤੇ ਸਾਰੀ ਉਮਰ ਭੈਣਾਂ ਬਣਕੇ ਹੀ ਰਹੀਆਂ।
ਸਾਨੂੰ ਜਨਮ ਚਾਹੇ ਛੋਟੀ ਮੰਮੀ ਨੇ ਦਿੱਤਾ ਹੈ ਪਰ ਪਾਲਿਆ ਵੱਡੀ ਮੰਮੀ ਨੇ ਹੀ ਹੈ ਕਿਉਂਕਿ ਛੋਟੀ ਮੰਮੀ ਨੌਕਰੀ ਕਰਦੀ ਹੈ।”
ਉਸਦੀ ਵਾਰਤਾ ਜਾਰੀ ਸੀ ਤੇ ਮੈਂ ਇੱਕ ਮਨ ਹੋਕੇ ਸੁਣ ਰਿਹਾ ਸੀ।

“ਪਹਿਲਾਂ ਵੱਡੀ ਮੰਮੀ ਨੂੰ ਕਰੋਨਾ ਹੋ ਗਿਆ। ਛੋਟੀ ਮੰਮੀ ਨੇ ਆਪਣੇ ਪੀ ਐਫ ਦੀ ਰਕਮ ਵੀ ਉਸ ਦੇ ਇਲਾਜ ਤੇ ਖਰਚ ਕਰ ਦਿੱਤਾ। ਹੁਣ ਛੋਟੀ ਮੰਮੀ ਬੀਮਾਰ ਹੈ ਤਾਂ ਵੱਡੀ ਮੰਮੀ ਨੇ ਦੋ ਕਨਾਲਾਂ ਜਮੀਨ ਵੇਚ ਦਿੱਤੀ। ਸਰਸਾ, ਹਿਸਾਰ, ਮੋਹਾਲੀ, ਇਲਾਜ ਕਰਵਾਇਆ। ਕੋਈਂ ਫਰਕ ਨਹੀਂ ਪਿਆ। ਹੁਣ ਬੀਕਾਨੇਰ ਲਿਜਾਣ ਦੀ ਤਿਆਰੀ ਹੈ। ਮੇਰੀ ਵੱਡੀ ਮੰਮੀ ਪੂਰੇ ਪਰਿਵਾਰ ਦਾ ਬਹੁਤ ਕਰਦੀ ਹੈ।”

ਬਹੁਤ ਵਧੀਆ। ਮੈਂ ਹੁੰਗਾਰਾ ਭਰਨ ਦੇ ਲਹਿਜੇ ਨਾਲ ਆਖਿਆ।

“ਪਹਿਲਾਂ ਸਾਡਾ ਘਰ ਬਹੁਤ ਛੋਟਾ ਸੀ ਬੱਸ ਦਸ ਮਰਲਿਆਂ ਦਾ ਹੀ ਸੀ। ਫਿਰ ਵੱਡੀ ਮੰਮੀ ਨੇ ਕਹਿਕੇ ਤਿੰਨ ਕਨਾਲਾਂ ਚ ਘਰ ਪਾਇਆ। ਇਹ ਦੋਹਾਂ ਮੰਮੀਆਂ ਦਾ ਆਪਸੀ ਇਤਫ਼ਾਕ ਹੀ ਸੀ ਕਿ ਬਾਪੂ ਨੇ ਜਮੀਨ ਵੀ ਢਾਈ ਕਿੱਲਿਆਂ ਤੋਂ ਸੱਤ ਕਿੱਲੇ ਬਣਾ ਲਈ।”
ਮੈਨੂੰ ਇਹ ਅਸਲ ਜਿੰਦਗੀ ਦੀ ਕਹਾਣੀ ਬਹੁਤ ਵਧੀਆ ਲੱਗੀ।ਕਿਉਂਕਿ ਇਹ ਕੋਈਂ ਫ਼ਿਲਮੀ ਕਹਾਣੀ ਨਹੀਂ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *