ਇਹ ਆਮ ਕਰਕੇ ਹਰ ਇਨਸਾਨ ਦੀ ਹੀ ਫਿਤਰਤ ਹੁੰਦੀ ਹੈ ਕਿ ਜਦੋ ਉਹ ਅਸਮਾਨੀ ਉੱਡਦਾ ਹੈ ਤਾਂ ਜਮੀਨ ਨਾਲੋ ਟੁੱਟ ਜਾਂਦਾ ਹੈ। ਥੋੜੀ ਜਿਹੀ ਚੜ੍ਹਤ ਤੋ ਬਾਅਦ ਜਮੀਨ ਤੇ ਫਿਰਦੇ ਉਸ ਨੂੰ ਆਦਮੀ ਨਹੀ ਕੀੜੇ ਮਕੌੜੇ ਲੱਗਦੇ ਹਨ। ਪਰ ਕਹਿੰਦੇ ਹਨ ਉਹ ਇਨਸਾਨ ਹੀ ਅਸਲ ਕਾਮਜਾਬ ਹੁੰਦਾ ਹੈ ਜੋ ਹਰ ਹਲਾਤ ਵਿੱਚ ਆਪਣੀ ਜੜ੍ਹ ਨਾਲ ਜੁੜਿਆ ਰਹਿੰਦਾ ਹੈ। 1990 ਦੇ ਕਰੀਬ ਸਾਨੂੰ ਸਕੂਲ ਦੇ ਬੱਚਿਆ ਨਾਲ ਮੂੰਬਈ ਗੋਆ ਦੇ ਵਿਦਿਅਕ ਟੂਰ ਤੇ ਜਾਣ ਦਾ ਮੋਕਾ ਮਿਲਿਆ। ਅਸੀ ਅਬੋਹਰ ਤੋ ਕਿਸੇ ਬਾਬੂ ਰਾਮ ਨਾ ਦੇ ਵਿਅਕਤੀ ਦੀ ਬੱਸ ਕਿਰਾਏ ਤੇ ਕਰ ਲਈ।ਅਤੇ ਉਸਨੇ ਹੀ ਟੂਰ ਦੋਰਾਨ ਸਾਡੇ ਖਾਣੇ ਦੀ ਗੱਲਬਾਤ ਉਥੋ ਦੇ ਮਸਹੂਰ ਗਰੀਨ ਕੇਟਰਜ ਦੇ ਮਾਲਿਕ ਦੀਪ ਬਾਬੂ ਨਾਲ ਕਰਵਾ ਦਿੱਤੀ। ਉਹਨਾ ਨੇ ਸਾਡੇ ਨਾਲ ਬੱਸ ਵਿੱਚ ਹੀ ਸਫਰ ਕਰਨਾ ਸੀ ਤੇ ਸਾਨੂੰ ਰਸਤੇ ਵਿੱਚ ਹੀ ਖਾਣਾ ਮੂਹਈਆ ਕਰਵਾਉਣਾ ਸੀ। ਸੇਠ ਬਾਬੂ ਰਾਮ ਜੋ ਬੱਸ ਲੈ ਕੇ ਗਿਆ ਸੀ ਉਹ ਖਟਾਰਾ ਬੱਸ ਸੀ ਤੇ ਲੰਬੇ ਟੂਰਾਂ ਤੇ ਜਾਣ ਦੇ ਲਾਈਕ ਨਹੀ ਸੀ। ਮੁਫਤ ਦੀ ਸੈਰ ਦਾ ਸੋਚਕੇ ਉਹ ਆਪਣੀ ਪਤਨੀ ਤੇ ਬੇਟੇ ਨੂੰ ਵੀ ਨਾਲ ਲੈ ਗਿਆ । ਮੁਬੰਈ ਗੋਆ ਤੱਕ ਦਾ ਸਫਰ ਅਸੀ ਬੜੀ ਮੁਸ਼ਕਿਲ ਨਾਲ ਤਹਿ ਕੀਤਾ। ਬਹੁਤੇ ਰਸਤੇ ਬੱਸ ਉਸਨੇ ਆਪ ਚਲਾਈ ।ਪਰ ਫਿਰ ਵੀ ਉਹ ਆਪਣੀ ਸਹੂਲੀਅਤ ਲਈ ਅਬੋਹਰ ਦੇ ਕਿਸੇ ਟਰੱਕ ਡਰਾਈਵਰ ਨੂੰ ਨਾਲ ਲੈ ਗਿਆ। ਤਾਂ ਕਿ ਲੰਬੇ ਰੂਟ ਤੇ ਲਗਾਤਾਰ ਬੱਸ ਚਲਾਉਣ ਤੋਂ ਉਸਨੂੰ ਕੁਝ ਸਹਾਰਾ ਮਿਲ ਸਕੇ। ਸਾਡਾ ਬਹੁਤਾ ਸਮਾਂ ਤਾਂ ਬੱਸ ਦੀ ਮੁਰੰਮਤ ਕਰਾਉਣ ਵਿੱਚ ਹੀ ਗੁਜਰਿਆ। ਜਦੋ ਚਲਦੀ ਚਲਦੀ ਬੱਸ ਰਾਹ ਵਿੱਚ ਹੀ ਰੁੱਕ ਜਾਂਦੀ ਤਾਂ ਬਾਬੂ ਰਾਮ ਤੇ ਉਹ ਡਰਾਇਵਰ ਬੱਸ ਨੂੰ ਠੀਕ ਕਰਨ ਵਿੱਚ ਜਾ ਕੋਈ ਪੁਰਜਾ ਲਿਆਉਣ ਵਿੱਚ ਉਲਝ ਜਾਣੇ ਪਰ ਕੇਟਰਿੰਗ ਵਾਲੇ ਦੇਵਰਾਜ ਅੰਕਲ ਖਾਣਾ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੰਦੇ। ਸਫਰ ਚਾਹੇ ਅਕਾ ਦੇਣ ਵਾਲਾ ਤੇ ਬੋਰਿੰਗ ਹੋ ਗਿਆ ਸੀ ਪਰ ਖਾਣਾ ਲਾਜਬਾਬ ਹੁੰਦਾ ਸੀ। ਅਸੀ ਹਰ ਚੀਜ ਚਟਕਾਰੇ ਲੈ ਕੇ ਖਾਂਦੇ । ਸੜਕ ਦੇ ਕਿਨਾਰੇ ਤੇ ਖੁਲ੍ਹੇ ਵਿੱਚ ਖਾਣਾ ਖਾਣ ਦਾ ਮਜ਼ਾ ਹੀ ਅਜੀਬ ਹੁੰਦਾ ਹੈ। ਬੱਚੇ ਕੇਟਰਿੰਗ ਵਾਲੇ ਦੇਵਰਾਜ ਨੂੰ ਡੈਨੀ ਅੰਕਲ ਆਖਦੇ ਕਿਉਕਿ ਉਸ ਦੀ ਸ਼ਕਲ ਫਿਲਮ ਸਟਾਰ ਡੈਨੀ ਨਾਲ ਮਿਲਦੀ ਸੀ।
ਇੰਨੇ ਲੰਬੇ ਸਫਰ ਲਈ ਸਾਡਾ ਕੋਈ ਵੀ ਸਿਡਊਲ ਫਿਕਸ ਨਹੀ ਸੀ ਕੋਈ ਐਡਵਾਂਸ ਬੁਕਿੰਗ ਨਹੀ ਸੀ ਕਰਵਾਈ । ਸਾਨੂੰ ਜਿੱਥੇ ਦਿਨ ਛਿਪਦਾ ਜਾ ਅਰਾਮ ਦੀ ਲੋੜ ਮਹਿਸੂਸ ਕਰਦੇ ਹੋਟਲ, ਧਰਮਸਾਲਾ, ਮੰਦਿਰ, ਰੈਸਟਹਾਊਸ, ਸਕੂਲ ਜਾ ਗੁਰੂਘਰ ਵਿੱਚ ਰਾਤ ਕੱਟ ਲੈਦੇ। ਤੇ ਕਈ ਕਈ ਵਾਰੀ ਅਸੀ ਸਾਰੀ ਸਾਰੀ ਰਾਤ ਸਫਰ ਕਰਦੇ ਰਹਿੰਦੇ। ਇੱਕ ਡਰਾਈਵਰ ਬੱਸ ਚਲਾਉਂਦਾ ਤੇ ਦੂਸਰਾ ਆਪਣੀ ਨੀਂਦ ਪੂਰੀ ਕਰ ਲੈਂਦਾ। ਬੱਚੇ ਤੇ ਨਾਲ ਗਏ ਸਟਾਫ ਮੈਂਬਰ ਵੀ ਬੱਸ ਦੀਆਂ ਸੀਟਾਂ ਤੇ ਹੀ ਨੀੱਦ ਦੀਆਂ ਝੱਪਕੀਆਂ ਲੈ ਲੈਂਦੇ।
ਗੁਜਰਾਤ ਵਿੱਚੋ ਗੁਜਰਦੇ ਵਕਤ ਅਸੀ ਇੱਕ ਛੋਟੇ ਜਿਹੇ ਕਸਬੇ ਵਿੱਚ ਰਾਤ ਕੱਟਣ ਦਾ ਸੋਚਿਆ। ਸਾਇਦ ਉਹ ਕੋਈ ਧਾਰਮਿਕ ਕਸਬਾ ਸੀ। ਕਸਬੇ ਵਿੱਚਲੇ ਚੌਂਕ ਚੋ ਅਸੀ ਕਿਸੇ ਮੰਦਿਰ ਧਰਮਸ਼ਾਲਾ ਬਾਰੇ ਪੁੱਛਿਆ। ਤੇ ਉਹਨਾ ਦੇ ਦੱਸੇ ਅਨੁਸਾਰ ਹੀ ਕੋਈ ਤਿੰਨ ਚਾਰ ਜਣੇ ਪੈਦਲ ਹੀ ਨਜਦੀਕੀ ਮਦਿਰ ਵਿੱਚ ਰਾਤੀ ਵਿਸ਼ਰਾਮ ਲਈ ਜਗ੍ਹਾਂ ਵੇਖਣ ਚਲੇ ਗਏ। ਇਹ ਇੱਕ ਕੱਚਾ ਜਿਹਾ ਮੰਦਿਰ ਸੀ। ਜਿਸ ਵਿੱਚ ਫਰਸ਼ ਵੀ ਨਹੀ ਸੀ ਲੱਗਿਆ ਹੋਇਆ । ਕੁਦਰਤੀ ਉਸ ਸਮੇ ਬੱਤੀ ਵੀ ਗੁੱਲ ਸੀ। ਅੰਧੇਰੇ ਕਾਰਨ ਸਾਨੂੰ ਉਹ ਜਗਾਂ ਅਜੀਬ ਜਿਹੀ ਲੱਗੀ। ਮੰਦਿਰ ਦੇ ਪ੍ਰਬੰਧਕਾਂ ਨੇ ਰਾਤੀ ਸੌਣ ਲਈ ਸਾਨੂੰ ਜੋ ਹਾਲ ਕਮਰਾ ਦਿਖਾਇਆ ਉਹ ਕੱਚਾ ਸੀ ਉਸਤੇ ਲੱਕੜ ਦੀਆਂ ਕੜੀਆਂ ਤੇ ਫੂਸ ਦੀ ਛੱਤ ਪਾਈ ਹੋਈ ਸੀ। ਉਥੇ ਸੌਣਾਂ ਤਾਂ ਦੂਰ ਖੜ੍ਹਨ ਨੂੰ ਵੀ ਦਿਲ ਨਹੀ ਸੀ ਕਰਦਾ। ਸਾਨੂੰ ਬਹੁਤ ਨਿਰਾਸ਼ਾ ਹੋਈ। ਹੁਣ ਚਾਲੀ ਪੰਜਾਹ ਲੜਕੀਆਂ ਤੇ ਸਟਾਫ ਲਈ ਰਾਤ ਕੱਟਣ ਦਾ ਗੰਭੀਰ ਮਸਲਾ ਸਾਡੇ ਸਾਹਮਣੇ ਸੀ। ਕੋਈ ਹੋਰ ਸ਼ਹਿਰ ਵੀ ਨੇੜੇ ਨਹੀ ਸੀ। ਅਗਲਾ ਸ਼ਹਿਰ ਕੋਈ ਦੋ ਢਾਈ ਸੋ ਕਿਲੋਮੀਟਰ ਦੀ ਦੂਰੀ ਤੇ ਸੀ । ਜਿਥੇ ਪਹੁੰਚਣ ਲਈ ਪੰਜ ਛੇ ਘੰਟੇ ਲੱਗਣੇ ਸਨ। ਪ੍ਰੇਸ਼ਾਨੀ ਦੀ ਹਾਲਤ ਵਿੱਚ ਜਦੋ ਅਸੀ ਮੰਦਿਰ ਦੇ ਮੁੱਖ ਦੁਆਰ ਕੋਲ ਆਏ ਤਾਂ ਚਿੱਟਾ ਕੁੜਤਾ ਪਜਾਮਾ ਪਹਿਣੀ ਇੱਕ ਬਾਬੂ ਸਾਨੂੰ ਮਿਲਿਆ ਜਿਸਦੇ ਹੱਥ ਵਿੱਚ ਪੂਜਾ ਦੀ ਥਾਲੀ ਸੀ। ਲਗਦਾ ਸੀ ਉਹ ਮੰਦਿਰ ਚ ਪੂਜਾ ਕਰਕੇ ਹੀ ਬਾਹਰ ਆ ਰਿਹਾ ਸੀ। ਨਮਸਕਾਰ ਬੁਲਾਕੇ ਮੈ ਉਸ ਨੂੰ ਆਪਣੀ ਤੇ ਬੱਚਿਆ ਦੀ ਪਰਾਬਲਮ ਦੱਸੀ ਤੇ ਉਸਨੂੰ ਇਹ ਵੀ ਦੱਸਿਆ ਕਿ ਅਸੀ ਪੰਜਾਬ ਤੋ ਆਏ ਹਾਂ ਤੇ ਇਹ ਸਕੂਲੀ ਬੱਚੀਆਂ ਸਾਡੇ ਨਾਲ ਹਨ। ਉਸ ਆਦਮੀ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਦੱਸਿਆ ਇਹ ਬਹੁਤ ਛੋਟਾ ਕਸਬਾ ਹੈ ਇੱਥੇ ਕੋਈ ਹੋਰ ਮੰਦਿਰ ਧਰਮਸ਼ਾਲਾ ਨਹੀ ਹੈ ਤੇ ਨਾ ਹੀ ਕੋਈ ਸਕੂਲ ਹੈ। ਥੋੜਾ ਜਿਹਾ ਸੋਚਕੇ ਉਸ ਨੇ ਕਿਹਾ ਕਿ ਕਸਬੇ ਤੋ ਬਾਹਰ ਨਹਿਰ ਦੇ ਕਿਨਾਰੇ ਇੱਕ ਬਹੁਤ ਵਧੀਆ ਸਰਕਾਰੀ ਰੈਸਟ ਹਾਊਸ ਹੈ। ਮੈ ਪਤਾ ਕਰਕੇ ਉਸ ਰੈਸਟ ਹਾਊਸ ਵਿੱਚ ਤੁਹਾਡੇ ਲਈ ਪ੍ਰਬੰਧ ਕਰਵਾ ਦਿੰਦਾ ਹਾਂ। ਇਸ ਤਰਾਂ ਗੱਲਾਂ ਕਰਦਾ ਕਰਦਾ ਉਹ ਸਾਡੇ ਨਾਲ ਉਸੇ ਚੌਕ ਵਿੱਚ ਹੀ ਆ ਗਿਆ ਜਿੱਥੇ ਸਾਡੀ ਬੱਸ ਖੜੀ ਸੀ।
ਚੌਕ ਤੇ ਬਣੀ ਚੈਕ ਪੋਸਟ ਤੋ ਉਸਨੇ ਰੈਸਟ ਹਾਊਸ ਦਾ ਨੰਬਰ ਮਿਲਾਕੇ ਦੋ ਕੁ ਮਿੰਟ ਘੁਸਰ ਮੁਸਰ ਜਿਹੀ ਕੀਤੀ ਤੇ ਕਹਿੰਦਾ ਤੁਹਾਡੇ ਲਈ ਕਮਰੇ ਬੁੱਕ ਹੋ ਗਏ ਹਨ ਤੇ ਤੁਸੀ ਰੈਸਟ ਹਾਊਸ ਚਲੇ ਜਾਉ। ਕਿਉਕਿ ਅਸੀ ਉਸ ਇਲਾਕੇ ਤੋਂ ਬਿਲਕੁਲ ਅਣਜਾਣ ਸੀ ਤੇ ਰਸਤੇ ਦਾ ਸਾਨੂੰ ਪਤਾ ਨਹੀ ਸੀ। ਫਿਰ ਉਹ ਆਪ ਹੀ ਸਾਡੇ ਨਾਲ ਚੱਲਣ ਨੂੰ ਤਿਆਰ ਹੋ ਗਿਆ। ਢਾਈ ਤਿੰਨ ਕਿਲੋਮੀਟਰ ਦੂਰ ਉਹ ਸਾਡੇ ਨਾਲ ਬੱਸ ਚ ਬਹਿਕੇ ਸਾਨੂੰ ਰੈਸਟ ਹਾਊਸ ਲੈ ਗਿਆ। ਬੱਸ ਵਿੱਚ ਬੈਠਾ ਉਹ ਆਦਮੀ ਸਾਡੇ ਨਾਲ ਦੇਸ਼ ਵਿਦੇਸ਼ ਤੇ ਰਾਜਨੀਤੀ ਦੀਆਂ ਗੱਲਾ ਕਰਦਾ ਰਿਹਾ। ਉਸਨੇ ਕਈ ਧਾਰਮਿਕ ਵਿਸਿ਼ਆ ਤੇ ਵੀ ਗੱਲ ਕੀਤੀ। ਉਸ ਦੀਆਂ ਗੱਲਾ ਤੋ ਉਹ ਆਦਮੀ ਕੋਈ ਲਾਲਾ ਨਹੀ ਸਗੋ ਕਾਫੀ ਪੜ੍ਹਿਆ ਲਿਖਿਆ ਲੱਗਿਆ। ਰੈਸਟ ਹਾਊਸ ਦੀ ਇਮਾਰਤ ਬਹੁਤ ਵਧੀਆ ਸੀ ਤੇ ਜਿੱਥੇ ਹਰ ਸਹੂਲੀਅਤ ਮੋਜੂਦ ਸੀ। ਬੱਚਿਆ ਨੂੰ ਕਮਰੇ ਅਲਾਟ ਕਰ ਦਿੱਤੇ ਗਏ। ਕੇਟਰਜ ਨੇ ਆਪਣੀਆਂ ਭੱਠੀਆਂ ਬਾਲ ਲਈਆ ਤੇ ਤੜਕੇ ਲੱਗਣੇ ਸ਼ੁਰੂ ਹੋ ਗਏ।। ਫਿਰ ਮੈ ਤੇ ਮੇਰਾ ਸਹਿਕਰਮੀ ਦੋਸਤ ਉਸਨੂੰ ਬੱਸ ਰਾਹੀ ਵਾਪਿਸ ਉਸਦੇ ਘਰ ਛੱਡਣ ਲਈ ਤਿਆਰ ਹੋ ਗਏ। ਪਰ ਉਸਨੇ ਸਾਡੇ ਨਾਲ ਜਾਣ ਤੋ ਸਾਫ ਇਨਕਾਰ ਕਰ ਦਿੱਤਾ ਤੇ ਕਹਿੰਦਾ। “ਮੈ ਆਪਣੇ ਆਪ ਚਲਾ ਜਾਵਾਂਗਾ। ਇਸੇ ਬਹਾਨੇ ਮੇਰੀ ਸੈਰ ਹੋ ਜਾਵੇਗੀ। ਬੱਸ ਤੁਸੀ ਖੇਚਲ ਨਾ ਕਰੋ ।” ਗੱਲਾਂ ਕਰਦੇ ਹੋਏ ਮੈ ਅਚਾਨਕ ਦੇਖਿਆ ਕਿ ਉਹ ਨੰਗੇ ਪੈਰੀ ਸੀ। ਜਦੋਂ ਮੈ ਇਸਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਘਰੋ ਨੰਗੇ ਪੈਰੀ ਹੀ ਮੰਦਿਰ ਆਉਂਦਾ ਹੈ। ਮੈਨੂੰ ਉਸ ਦੀ ਇਹ ਗੱਲ ਬਹੁਤ ਵਧੀਆ ਲੱਗੀ। “ਸਰ ਜੀ ਤੁਸੀ ਕੀ ਕੰਮ ਕਰਦੇ ਹੋ?” ਅਚਾਨਕ ਮੇਰੇ ਮੂੰਹ ਚੋ ਨਿਕਲਿਆ। “ਮੈ ਸੀ ਜੇ ਐਮ ਹਾਂ। ਤੇ ਮੇਰੀ ਪੋਸਟਿੰਗ ਇੱਥੋ ਦੋ ਸੋ ਕਿਲੋਮੀਟਰ ਦੂਰ ਜ਼ਿਲੇ ਵਿੱਚ ਹੈ। ਮੈ ਹਰ ਵੀਕ ਐਡ ਤੇ ਇੱਥੇ ਆਪਣੇ ਬੁਢੇ ਮਾਂ ਬਾਪ ਨੂੰ ਮਿਲਣ ਆਉਂਦਾ ਹਾਂ।” ਉਸਦੇ ਮੂੰਹੋ ਸੀ ਜੇ ਐਮ ਸਬਦ ਸੁਣਕੇ ਮੇਰਾ ਮੂੰਹ ਅੱਡਿਆ ਹੀ ਰਹਿ ਗਿਆ।
ਵਾਪਿਸੀ ਤੇ ਮੇਰਾ ਦੋਸਤ ਮੈਨੂੰ ਕਹਿੰਦਾ “ਯਾਰ ਇਹ ਸੀ ਜੇ ਐਮ ਕੀ ਹੁੰਦਾ ਹੈ।” ” ਚੀਫ ਜੂਡੀਸ਼ੀਅਲ ਮੈਜਿਸਟਰੇਟ।” ਮੈਂ ਦੱਸਿਆ। ਢਾਈ ਦਹਾਕੇ ਗੁਜਰਨ ਤੋ ਬਾਦ ਅੱਜ ਵੀ ਮੈਨੂੰ ਉਸ ਦੇਵਤਾ ਨੁਮਾ ਆਦਮੀ ਦਾ ਚੇਹਰਾ ਚੰਗੀ ਤਰਾਂ ਯਾਦ ਹੈ । ਤੇ ਸਿਰ ਉਸ ਦੀ ਹਲੀਮੀ ਤੇ ਨਿਮਰਤਾ ਅੱਗੇ ਝੁਕਦਾ ਹੈ।
#ਰਮੇਸ਼ਸੇਠੀਬਾਦਲ