“ਗੱਲ ਬਾਹਲੀ ਪੁਰਾਣੀ ਵੀ ਨਹੀਂ ਸੇਠੀ ਜੀ। ਮੈਂ ਮੇਰੇ ਬਾਪੂ ਨਾਲ ਇੱਕ ਵਿਆਹ ਤੇ ਗਿਆ। ਸ਼ਾਇਦ ਕਿਸੇ ਲੜਕੀ ਦੀ ਸ਼ਾਦੀ ਸੀ।” ਜਸਕਰਨ ਆਪਣੀ ਹੱਡਬੀਤੀ ਸੁਣਾ ਰਿਹਾ ਸੀ।
“ਬਾਹਰ ਟੇਬਲਾਂ ਤੇ ਮਿਠਾਈਆਂ ਸਜੀਆਂ ਹੋਈਆਂ ਸਨ। ਉਥੇ ਕਾਲੇ ਗੁਲਾਬ ਜਾਮੁਣ ਵੀ ਪਏ ਸਨ। ਮੈਂ ਚੀਨੀ ਦੀ ਵੱਡੀ ਪਲੇਟ ਚੁੱਕੀ ਤੇ ਗੁਲਾਬ ਜਾਮੁਣ ਦੇ ਚਾਰ ਪੰਜ ਪੀਸ ਪਲੇਟ ਵਿੱਚ ਧਰ ਲਏ। ਵੈਸੇ ਤਾਂ ਮੈਂ ਉਹ ਹੱਥ ਨਾਲ ਵੀ ਰਗੜ ਸਕਦਾ ਸੀ ਪਰ ਉਥੇ ਮਹਿਮਾਨਾਂ ਵਿੱਚ ਬਹੁਤੇ ਕੋਟ ਪੈਂਟਾਂ ਵਾਲ਼ੇ ਸੱਜਣ ਸਨ ਤੇ ਸਾਰੇ ਚਮਚ ਨਾਲ ਹੀ ਖਾਣ ਲੱਗੇ ਹੋਏ ਸਨ। ਆਪਣਾ ਪੈਂਡੂਪੁਣਾ ਲੁਕਾਉਣ ਲਈ ਮੈਂ ਵੀ ਚਮਚ ਚੁੱਕਿਆ ਤੇ ਗੁਲਾਬ ਜਾਮੁਣ ਖਾਣਾ ਸ਼ੁਰੂ ਕੀਤਾ ਪਰ ਓਹ ਥੱਲੇ ਡਿੱਗ ਪਿਆ। ਇੱਕ ਇੱਕ ਕਰਕੇ ਉਹ ਸਾਰੇ ਥੱਲੇ ਨੂੰ ਖਿਸਕ ਗਏ। ਨਮੋਸ਼ੀ ਜਿਹੀ ਤਾਂ ਹੋਈ ਪਰ ਮੈਂ ਹਿੰਮਤ ਨਹੀਂ ਹਾਰੀ। ਮੈਨੂੰ ਲੱਗਿਆ ਖੋਰੇ ਇਹ ਕਾਲੇ ਗੁਲਾਬ ਜਾਮੁਣਾਂ ਵਿੱਚ ਹੀ ਨੁਕਸ ਹੋਊ ਜਿਹੜੇ ਵਾਰੀ ਵਾਰੀ ਥੱਲੇ ਡਿੱਗ ਰਹੇ ਹਨ।” ਮਲੂਕੇ ਦੀ ਗੱਲ ਜਾਰੀ ਸੀ ਤੇ ਮੇਰੀਆਂ ਅੱਖਾਂ ਮੂਹਰੇ ਵਿਕਟਾਂ ਵਾਂਗੂ ਡਿਗਦੇ ਗੁਲਾਬ ਜਾਮੁਣਾ ਦੀ ਤਸਵੀਰ ਘੁੰਮ ਰਹੀ ਸੀ।
“ਫਿਰ ਮੈਂ ਕਾਲੇ ਗੁਲਾਬ ਜਾਮੁਣ ਛੱਡਕੇ ਪਲੇਟ ਵਿੱਚ ਚਿੱਟੇ ਧਰ ਲਏ। ਪਰ ਆਹ ਕੀ? ਚਿੱਟੇ ਵੀ ਇੱਕ ਇੱਕ ਕਰਕੇ ਥੱਲ੍ਹੇ ਨੂੰ ਰੁੜਣ ਲੱਗੇ। ਬਰਾਤ ਵਾਸਤੇ ਕੁਝ ਛੱਡੇਗਾ। ਕਿ ਸਾਰੇ ਹੀ ਬਿਲੇ ਲਾਵੇਂਗਾ। ਬਾਹਰੋਂ ਟੈਂਟ ਵਿੱਚ ਮੂੰਹ ਕੱਢਕੇ ਲੜਕੀ ਦੇ ਪਿਓ ਨੇ ਮੈਨੂੰ ਕਿਹਾ। ਤੇ ਮੈਂ ਝੱਟ ਹੀ ਅਖਰੀਲਾ ਬਚਿਆ ਹੋਇਆ ਚਿੱਟਾ ਗੁਲਾਬ ਜਾਮੁਣ ਮੂੰਹ ਵਿੱਚ ਪਾ ਲਿਆ। ਉਹ ਦਿਨ ਜਾਂਦਾ ਹੈ ਮੈਂ ਕੋਈਂ ਚੀਜ਼ ਖਾਣ ਵੇਲੇ ਚਮਚ ਦਾ ਇਸਤੇਮਾਲ ਨਹੀਂ ਕੀਤਾ।” ਆਪਣੀ ਗੱਲ ਸੁਣਾਕੇ Jaskarn Maluka ਤਾਂ ਜੋਰ ਦੀ ਹੱਸਿਆ ਹੀ, ਕੋਲ ਖੜੀ ਮੇਰੀ ਬੇਗਮ ਵੀ ਹੱਸੇ ਬਿਨ ਨਾ ਰਹਿ ਸਕੀ।
ਕਈ ਵਾਰੀ ਚਮਚ ਵੀ ਬੇਜਿੱਤੀ ਦਾ ਸਬੱਬ ਬਣ ਜਾਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ