ਇੱਕ ਭੌਂਰੇ ਦੀ ਦੋਸਤੀ ਇੱਕ ਗੋਹਰੀ ( ਗੋਹੇ ਵਿੱਚ ਰਹਿਣ ਵਾਲ਼ਾ ਕੀੜਾ) ਨਾਲ਼ ਸੀ । ਇੱਕ ਦਿਨ ਗੋਹਰੀ ਨੇ ਭੌਂਰੇ ਨੂੰ ਕਿਹਾ ਕਿ, ” ਭਰਾਵਾ ! ਤੂੰ ਮੇਰਾ ਸਭ ਤੋਂ ਗੂੜ੍ਹਾ ਮਿੱਤਰ ਹੈਂ, ਏਸ ਲਈ ਮੇਰਾ ਜੀਅ ਕਰਦਾ ਹੈ ਕਿ ਤੂੰ ਕੱਲ੍ਹ ਦੁਪਹਿਰ ਦਾ ਭੋਜਨ ਮੇਰੇ ਵੱਲ ਕਰੇਂ ।”
ਨਿਉਤਾ ਕਬੂਲ ਕਰਕੇ, ਭੌਂਰਾ ਅਗਲੇ ਦਿਨ ਟਾਇਮ ਸਿਰ ਪਹੁੰਚਿਆ । ਗੋਹਰੀ ਨੇ ਚੰਗੀ ਆਉ-ਭਗਤ ਕੀਤੀ । ਖਾਣ-ਪੀਣ ਤੋਂ ਬਾਅਦ ਭੌਂਰਾ ਸੋਚਾਂ ਵਿੱਚ ਪੈ ਗਿਆ •••’ ਕਿ ਮੈਂ ਬੁਰੇ ਦਾ ਸੰਗ ਕੀਤਾ, ਏਸ ਲਈ ਮੈਨੂੰ ਅੱਜ ਗੋਹਾ ਖਾਣਾ ਪੈ ਗਿਆ ••! ‘
ਮਨ ਤੋਂ ਤਾਂ ਉਦਾਸ ਸੀ ਪਰ ਫੇਰ ਭੀ ਉਸਨੇ, ਗੋਹਰੀ ਦਾ ਭੋਜਨ ਲਈ ਧੰਨਵਾਦ ਕੀਤਾ ਅਤੇ ਅਗਲੇ ਦਿਨ ਆਪਣੇ ਬਾਗ ਵਿੱਚ ਆਉਣ ਦਾ ਤੇ ਪ੍ਰਸ਼ਾਦਾ-ਪਾਣੀ ਛਕਣ ਦਾ ਸੱਦਾ ਦਿੱਤਾ ।
ਅਗਲੇ ਦਿਨ ਗੋਹਰੀ, ਭੌਂਰੇ ਦੇ ਬਾਗ ਵਿੱਚ ਪਹੁੰਚਿਆ ਤਾਂ ਭੌਂਰੇ ਨੇ ਉਸਨੂੰ, “ਜੀ ਆਇਆਂ ਨੂੰ ” ਕਹਿੰਦਿਆਂ, ਚੁੱਕ ਕੇ ਗੁਲਾਬ ਦੇ ਫੁੱਲ ਵਿੱਚ ਬਿਠਾ ਦਿੱਤਾ । ਗੋਹਰੀ ਨੇ ਛੱਕ ਕੇ ਪਰਾਗ ਰਸ ਪੀਤਾ । ਦੋਸਤ ਭੌਂਰੇ ਦਾ , ਅਜੇ ਧੰਨਵਾਦ ਕਰ ਹੀ ਰਿਹਾ ਸੀ ਕਿ, ਮੰਦਰ ਦਾ ਇੱਕ ਪੁਜਾਰੀ ਆਇਆ ਅਤੇ ਅਨੇਕਾਂ ਹੋਰ ਫੁੱਲਾਂ ਦੇ ਨਾਲ਼ ਉਹ ਗੁਲਾਬ ਦਾ ਫੁੱਲ ਵੀ ਤੋੜ ਕੇ ਲੈ ਗਿਆ । ਸਾਰੇ ਫੁੱਲ ਪੁਜਾਰੀ ਨੇ ਮੰਦਰ ਵਿੱਚ ਕ੍ਰਿਸ਼ਨ-ਮੁਰਾਰ ਦੇ ਚਰਣਾਂ ਵਿੱਚ ਚੜ੍ਹਾ ਦਿੱਤੇ । ਗੋਹੇ ਦੇ ਕੀੜੇ ਨੂੰ ਠਾਕੁਰ ਜੀ ਦੇ ਦਰਸ਼ਨ ਹੋ ਗਏ ••• ਚਰਣਾਂ ਚ ਬੈਠਣ ਦਾ ਸੁਭਾਗ ਵੀ ਮਿਲ਼ਿਆ ! ਸੰਧਿਆ-ਆਰਤੀ ਤੋਂ ਬਾਅਦ, ਕੀੜਾ ਸਾਰੀ ਰਾਤ ਭਗਵਾਨ ਦੇ ਚਰਣਾਂ ਚ ਰਿਹਾ । ਸਵੇਰੇ ਦੀ ਪੂਜਾ ਤੋਂ ਪਹਿਲਾਂ ਪੁਜਾਰੀ ਨੇ ਸਾਫ-ਸਫਾਈ ਕੀਤੀ ਅਤੇ ਸਾਰੇ ਫੁੱਲ ‘ਕੱਠੇ ਕਰਕੇ, ਕੋਲ਼ੇ ਵਗਦੀ ਗੰਗਾ ਵਿੱਚ ਜਲ-ਪ੍ਰਵਾਹ ਕਰ ਦਿੱਤੇ । ਕੀੜਾ ਆਪਣੇ ਨਸੀਬ ਤੇ ਹੈਰਾਨ ਸੀ । ਇੰਨੇ ਵਿੱਚ ਭੌਂਰਾ ਉੱਡਦਾ ਹੋਇਆ ਗੋਹਰੀ ਕੀੜੇ ਕੋਲ਼ ਆਇਆ ਅਤੇ ਬੋਲਿਆ, ” ਕਿੰਵੇਂ ਆਂ ਮਿੱਤਰਾ! ਕੀ ਹਾਲ ਨੇ •• ? ”
ਕੀੜਾ ਬੋਲਿਆ ! ” ਪੁੱਛ ਨਾ ਭਰਾਵਾ •• ਮੈਂ ਤਾਂ ਤੇਰਾ ਦੇਣ ਨੀਂ ਦੇ ਸਕਦਾ ••ਜਨਮਾਂ-ਜਨਮਾਂ ਦੇ ਪਾਪਾਂ ਤੋਂ ਮੁਕਤੀ ਹੋ ਗਈ । ਅੱਜ ਮੈਨੂੰ ਯਕੀਨ ਹੋ ਗਿਐ ਕਿ ਇਹ ਸਭ ਤੇਰੀ ਚੰਗੀ ਸੰਗਤ ਦਾ ਫਲ਼ ਹੈ । ”
ਕਿਹਾ ਵੀ ਹੈ •••
” ਸੰਗਤਿ ਨਾਲਿ ਗੁਣ ਉਪਜੇ ••ਅਉਗਣ ਤਜਿਆ ਜਾਇ ,
ਲੋਹਾ ਲਗਿਓ ਜਹਾਜ ਨਾਲਿ ਭਉਸਾਗਰ ਤਰਿ ਜਾਇ ।”
ਕੋਈ ਵੀ ਨਹੀਂ ਜਾਣਦਾ ਕਿ ਜੀਵਨ ਦੇ ਏਸ ਸਫ਼ਰ ਵਿੱਚ ਇੱਕ ਦੂਸਰੇ ਨਾਲ਼ ਕਿਉਂ ਮਿਲ਼ਦੇ ਹਾਂ । ਸਭ ਦੇ ਨਾਲ਼ ਤਾ ਖ਼ੂਨ ਦਾ ਰਿਸ਼ਤਾ ਨਹੀਂ ਹੋ ਸਕਦਾ, ਪਰ ਪ੍ਰਮਾਤਮਾ ਸਾਨੂੰ ਕੁੱਝ ਅਣਜਾਣ ਲੋਕਾਂ ਨਾਲ਼ ਵੀ ਮਿਲ਼ਾ ਕੇ, ਅਨੋਖੇ ਰਿਸ਼ਤਿਆਂ ਵਿੱਚ ਬੰਨ੍ਹ ਦਿੰਦਾ ਹੈ । ਸਾਨੂੰ ਅਜਿਹੇ ਅਨਮੋਲ ਰਿਸ਼ਤਿਆਂ ਨੂੰ ਹਮੇਸ਼ਾ ਸਹੇਜ ਕੇ ਰੱਖਣਾ ਚਾਹੀਦਾ ਹੈ । ਵਾਹਿਗੁਰੂ ਜੀ