ਸਾਡੇ ਘਰੇ ਮੇਰੇ ਜੋਗਾ ਉਚੇਚਾ ਮੱਝ ਦਾ ਚੁਆਵਾਂ ਦੁੱਧ ਅਉਂਦਾ..!
ਮੰਮੀ ਸਕੂਲ ਜਾਣ ਤੋਂ ਪਹਿਲੋਂ ਦੁੱਧ ਦਾ ਇੱਕ ਸਪੈਸ਼ਲ ਗਲਾਸ ਢੱਕ ਜਾਇਆ ਕਰਦੀ..ਕੰਮ ਵਾਲੀ ਸ਼ਿੰਦਰੀ ਆਂਟੀ ਨੂੰ ਪੱਕੀ ਹਿਦਾਇਤ ਹੁੰਦੀ ਕੇ ਮਗਰੋਂ ਇਸਨੂੰ ਪਿਆ ਦੇਣਾ..!
ਉਸਦਾ ਨਿੱਕਾ ਮੁੰਡਾ ਰਾਜੀ ਵੀ ਨਾਲ ਹੀ ਅਉਂਦਾ..ਅਸੀਂ ਦੋਵੇਂ ਕਿੰਨੀ ਕਿੰਨੀ ਦੇਰ ਖੇਡਦੇ ਰਹਿੰਦੇ..ਫੇਰ ਦੁਪਹਿਰ ਵੇਲੇ ਆਂਟੀ ਵਾਜ ਦਿੰਦੀ..ਵੇ ਨਿੱਕਿਆਂ ਦੁੱਧ ਪੀ ਲਿਆ ਈ?
ਮੈਂ ਆਖਦਾ ਹਾਂਜੀ ਪੀ ਲਿਆ..ਫੇਰ ਗਲਾਸ ਸਿੰਕ ਵਿਚ ਮੂਧਾ ਕਰ ਦਿੰਦਾ..ਰਾਜੀ ਇਹ ਸਭ ਕੁਝ ਵੇਖੀ ਜਾਂਦਾ..ਇੱਕ ਦਿਨ ਦੁੱਧ ਸੁੱਟਣ ਲੱਗਾ ਤਾਂ ਕੋਲ ਖਲੋਤੇ ਨੂੰ ਵੈਸੇ ਹੀ ਪੁੱਛ ਲਿਆ ਤੂੰ ਪੀਣਾ?
ਉਸਨੂੰ ਸ਼ਾਇਦ ਅੱਜ ਮਾਰੀ ਇਸ ਸੁਲਾ ਦਾ ਚਿਰਾਂ ਤੋਂ ਇੰਤਜਾਰ ਸੀ..ਓਸੇ ਵੇਲੇ ਹਾਮੀ ਭਰ ਦਿੱਤੀ..ਫੇਰ ਡੀਕ ਲਾ ਕੇ ਪੀ ਗਿਆ..ਮੈਂ ਆਖਿਆ ਆਪਣੀ ਮੰਮੀ ਨੂੰ ਨਾ ਦੱਸੀ!
ਪਰ ਇੱਕ ਦਿਨ ਪਤਾ ਲੱਗ ਹੀ ਗਿਆ..ਪਰ ਆਂਟੀ ਕੁਝ ਨਾ ਬੋਲੀ..!
ਇੱਕ ਦਿਨ ਲੱਡੂਆਂ ਦਾ ਡੱਬਾ ਲੈ ਆਈ..ਰਾਜੀ ਚੰਗੇ ਨੰਬਰ ਲੈ ਕੇ ਪਾਸ ਹੋਇਆ..ਨਾਲੇ ਦੌੜਾਂ ਵਿਚ ਦੂਜੇ ਨੰਬਰ ਤੇ ਵੀ ਆਇਆ..!
ਮੇਰੇ ਜੋਗੀਆਂ ਵੇਸਣ ਦੀਆਂ ਚਾਰ ਟੁਕੜੀਆਂ ਵੱਖਰੀਆਂ ਪੁਆ ਕੇ ਲਿਆਈ..ਇਹ ਸ਼ਾਇਦ ਇੱਕ ਮਾਂ ਦਾ ਇਨਾਮ ਸੀ..ਪੁੱਤਰ ਦੀ ਕਾਮਯਾਬੀ ਵਿਚ ਪਾਏ ਮੇਰੇ ਯੋਗਦਾਨ ਦੇ ਇਵਜ਼ਾਨੇ ਵੱਜੋਂ..!
ਅੱਜ ਏਨੇ ਵਰ੍ਹਿਆਂ ਬਾਅਦ ਉਹ ਦਿਨ ਚੇਤੇ ਆਉਂਦੇ ਨੇ ਤਾਂ ਜੀ ਕਰਦਾ ਓਸੇ ਵੇਲੇ ਪਿੰਡ ਪਰਤ ਜਾਵਾਂ..ਪਿੰਡ ਦੀ ਮਿੱਟੀ ਜੂ ਲੱਗੀ ਏ ਮੇਰੇ ਪੈਰਾਂ ਨੂੰ..ਤਾਂ ਹੀ ਸ਼ਾਇਦ ਸ਼ਹਿਰ ਨੂੰ ਜਾਂਦੇ ਸਾਰੇ ਰਾਹ ਅੱਜ ਖੁਸ਼ੀ ਵਿਚ ਪਾਗਲ ਨੇ”
ਹਰਪ੍ਰੀਤ ਸਿੰਘ ਜਵੰਦਾ