ਮੇਰੇ ਵਿਆਹ ਤੋਂ ਪਹਿਲਾ ਚੁੰਨੀ ਚੜਾਉਣ ਦੀ ਰਸਮ ਜਿਸਨੂੰ ਬਾਅਦ ਵਿੱਚ ਲੋਕ ਰਿੰਗ ਸੈਰਾਮਣੀ ਆਖਣ ਲਗ ਗਏ ਮੇਰੇ ਸਹੁਰੇ ਪਿੰਡ ਮਹਿਮਾ ਸਰਕਾਰੀ ਵਿਖੇ ਹੀ ਕੀਤੀ ਗਈ। ਉਸ ਸਮੇ ਹੋਟਲਾਂ ਵਾਲੀ ਬਿਮਾਰੀ ਨਹੀਂ ਸੀ ਆਈ ਅਜੇ ਪਿੰਡਾਂ ਵਿੱਚ।ਅਸੀਂ ਸਾਰਾ ਲੁੰਗ ਲਾਣਾ ਜਿਹਾ ਇੱਕਠਾ ਕਰਕੇ ਸਕੂਲ ਦੀ ਮੈਟਾਡੋਰ ਤੇ ਚਲੇ ਗਏ।
ਸਾਰਾ ਪ੍ਰੋਗਰਾਮ ਘਰੇ ਹੀ ਸੀ। ਹਾਸੀ ਖੁਸ਼ੀ ਨਾਲ ਪ੍ਰੋਗਰਾਮ ਨਿਪਟ ਗਿਆ।ਸ਼ਾਮ ਜਿਹੇ ਨੂੰ ਯਾਨੀ ਚਾਰ ਕੁ ਵਜੇ ਅਸੀਂ ਵਾਪਸੀ ਘਰ ਨੂੰ ਚਾਲੇ ਪਾ ਲਏ। ਬਠਿੰਡਾ ਤੋਂ ਗੋਨਿਆਣਾ ਤੱਕ ਦੀ ਬਸ ਸਰਵਿਸ ਤਾਂ ਵਧੀਆ ਸੀ। ਪਰ ਗੋਨਿਆਨੇ ਤੋਂ ਮਹਿਮਾ ਸਰਕਾਰੀ ਤੱਕ ਹਾਲਾਤ ਮਾੜੇ ਹੀ ਸਨ। ਘੰਟਿਆ ਬਾਅਦ ਕੋਈ ਇੱਕ ਅੱਧੀ ਮਿੰਨੀ ਬਸ ਚਲਦੀ ਹੁੰਦੀ ਸੀ। ਬਾਕੀ ਸਾਰਾ ਦਿਨ ਮਰੂਤੇ ਘੜੁੱਕੇ ਹੀ ਚਲਦੇ ਸਨ। ਜਿੰਨਾ ਨੂੰ ਲੋਕ ਢੀਂਡਸਾ ਟ੍ਰਾੰਸਪੋਰਟ ਵੀ ਕਹਿੰਦੇ ਸਨ ਕਿਉਂਕਿ ਇਹ ਸਰਦੂਲਗੜ੍ਹ ਦੇ ਇਲਾਕੇ ਚ ਜਿਆਦਾ ਬਣਦੇ ਸਨ ਤੇ ਢੀਂਡਸਾ ਸਾਹਿਬ ਦੀ ਇਸ ਉਦਯੋਗ ਤੇ ਖਾਸ ਮੇਹਰਬਾਨੀ ਸੀ।
“ਉਹ ਆਉਂਦੀ ਹੈ ਸੇਠੀ ਸਾਹਿਬ ਦੀ ਮਾਰੂਤੀ। ਹੁਣ ਤਾਂ ਇਸੇ ਤੇ ਹੀ ਹੂਟੇ ਲਿਆ ਕਰਨਗੇ ਬਾਬੂ ਜੀ।” ਦੂਰੋਂ ਆਉਂਦੇ ਮਰੂਤੇ ਘੜੁੱਕੇ ਨੂੰ ਵੇਖ ਕੇ ਸਾਡੇ ਮੈਟਾਡੋਰ ਦੇ ਡਰਾਈਵਰ ਨੇ ਕਿਹਾ
ਬਾਹਲੀ ਸ਼ਰਮ ਜਿਹੀ ਆਈ। ਫਿਰ ਮਨ ਚ ਫੈਸਲਾ ਕੀਤਾ ਮਨਾ ਅਬਲੀ ਤਾਂ ਸਹੁਰੇ ਆਉਂਦੇ ਨਹੀਂ। ਜਿਸ ਦਿਨ ਆਇਆ ਕਰਾਂਗੇ ਉਸ ਦਿਨ ਮੋਟਰ ਸਾਈਕਲ ਤੇ ਹੀ ਆਇਆ ਕਰੂਗਾ।ਵਿਆਹ ਤੋਂ ਬਾਅਦ ਮੈਂ ਕਦੇ ਬਿਨਾ ਮੋਟਰ ਸਾਈਕਲ ਦੇ ਸਹੁਰੇ ਨਹੀਂ ਗਿਆ। ਫਿਰ ਤਿੰਨ ਕੁ ਸਾਲਾਂ ਬਾਅਦ ਖਾੜਕੂਵਾਦ ਤੋਂ ਡਰਦੇ ਉਹ ਸਾਰੇ ਗੋਨਿਆਣਾ ਮੰਡੀ ਆ ਗਏ। ਤੇ ਫਿਰ ਕਈ ਸਾਲਾਂ ਬਾਅਦ ਬਠਿੰਡੇ ਦੇ ਮੋਡਲ ਟਾਊਨ ਚ ਕੋਠੀਆਂ ਆਲੇ ਬਣ ਗਏ।
ਹੁਣ ਭਾਵੇ ਕੋਲ ਕਾਰ ਵੀ ਹੈਗੀ ਪਰ…
ਮਹਿਮਾ ਸਰਕਾਰੀ ਤੇ ਸਰਕਾਰੀ ਮਹਿਮੈ ਆਲੇ ਦੂਰ ਹੋ ਗਏ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ