ਇੱਕ ਵੇਰ ਫੇਰ ਉਸਦਾ ਹੀ ਇਨਬਾਕਸ ਸੀ..ਅਖ਼ੇ ਤੀਬਰਤਾ ਮੁੱਕਦੀ ਜਾਂਦੀ..ਸਭ ਕੰਮਾਂ-ਕਾਰਾਂ ਵਿਚ ਰੁਝ ਗਏ..ਤੂੰ ਵੀ..ਪਰ ਚੇਤੇ ਰਖੀਂ ਉਹ ਤੀਜੀ ਵੇਰ ਫੇਰ ਮਰੇਗਾ ਜੇ ਮਨੋਂ ਵਿਸਾਰ ਦਿੱਤਾ ਗਿਆ ਤਾਂ..ਦੂਜੀ ਵੇਰ ਤਾਂ ਉਸਨੂੰ ਕਿੰਨੇ ਮੁਹਾਜ਼ਾਂ ਤੇ ਅਜੇ ਤੱਕ ਵੀ ਮਾਰਿਆ ਜਾ ਰਿਹਾ..ਚਰਿੱਤਰ ਹੀਣੰ ਗੱਦਾਰ ਐਸ਼ ਪ੍ਰਸਥ ਸ਼ਰਾਬੀ ਵਿਕਿਆ ਹੋਇਆ ਅਤੇ ਹੋਰ ਵੀ ਕਿੰਨਾ ਕੁਝ ਆਖ ਆਖ..!
ਤਸੱਲੀ ਦਿੱਤੀ ਦੋਸਤਾਂ ਹਮਦਰਦੀ ਦੇ ਭਾਵੇਂ ਸਾਰੇ ਦਰਿਆ ਵੀ ਸੁੱਕ ਜਾਵਣ..ਉਸਦੀ ਸੋਚ ਨੂੰ ਹਮੇਸ਼ਾਂ ਯਾਦ ਕਰਦੇ ਰਹਾਂਗੇ..ਹਵਾਲੇ ਰੈਫਰੈਂਸ ਵੀ ਦਿੰਦੇ ਰਹਾਂਗੇ..ਜਦੋਂ ਵੀ ਕੋਈ ਭੰਬਲ ਭੂਸ ਉੱਠ ਖਲੋਤਾ..ਦੋਚਿੱਤੀ ਪੈ ਗਈ ਤੇ ਜਾਂ ਫੇਰ ਵੈਸੇ ਹੀ ਕਦੀ ਹੱਸਦੇ ਹੋਏ ਦਾ ਚੇਤਾ ਆ ਗਿਆ..ਲਿਖਤਾਂ ਵਿਚ..ਜਿਕਰਾਂ ਵਿਚ ਅਤੇ ਫਿਕਰਾਂ ਵਿਚ..ਜਿਥੇ ਵੀ ਮੌਕਾ ਮਿਲਿਆ..!
ਆਖਰੀ ਦਿਨਾਂ ਵਿਚ ਤਾਂ ਜਿਉਣ ਜੋਗਾ ਹੱਸਦਾ ਨਹੀਂ ਸਗੋਂ ਜਾਨ ਹੀ ਕੱਢ ਲਿਆ ਕਰਦਾ ਸੀ..ਤਿੜਕੇ ਘੜੇ ਦਾ ਪਾਣੀ ਬਣ ਗਿਆ ਦੀਵੇ ਦੀ ਆਖਰੀ ਲੌ ਵਾਂਙ..!
ਜੇ ਮੈਂ ਜਾਣਦੀ ਜੱਗੇ ਮਰ ਜਾਣਾ..ਇੱਕ ਦੇ ਮੈਂ ਸੌ ਜੰਮਦੀ..ਇਸ ਵੇਰ ਦੋ ਨਹੀਂ ਸਗੋਂ ਕਈ ਸੋਆਂ ਦੀ ਲੋੜ ਏ!
ਫੇਰ ਇੱਕ ਦਿਨ ਉਸਦੀ ਸਕੋਰਪਿਓ ਵੇਖ ਲਈ..ਰਿਕਵਰੀ ਵੈਨ ਤੇ ਲੱਦੀ ਹੋਈ..ਕਿਸੇ ਅਣਜਾਣ ਮੰਜਿਲ ਵੱਲ ਵਧਦੀ ਹੋਈ..ਤਰਪਾਲ ਨਾਲ ਢੱਕੀ..ਸਿਰਫ ਟਾਇਰ ਹੀ ਨੰਗੇ ਸਨ..ਡਿਕੋ ਡੋਲੇ ਖਾਂਦੀ ਹੋਈ..ਸੰਗਲ ਤੁੜਾਉਂਦੀ ਹੋਈ..ਸ਼ਾਇਦ ਅਸਲੀ ਕਹਾਣੀ ਦੱਸਣ ਲਈ ਕਾਹਲੀ ਸੀ..ਪਰ ਗੂੰਗੀ ਹੋ ਗਈ ਕਮਲੀ ਤੋਂ ਬੋਲਿਆ ਨਹੀਂ ਸੀ ਜਾ ਰਿਹਾ..ਠੀਕ ਉਂਝ ਹੀ ਜਿੱਦਾਂ ਚਾਰ ਦਹਾਕੇ ਪਹਿਲੋਂ ਨਹਿਰਾਂ ਕੱਸੀਆਂ ਖੂਹ ਜੰਗਲ ਬੇਲੇ ਫਾਰਮ ਹਾਊਸ ਠਾਣੇ ਹਸਪਤਾਲ ਗੂੰਗੇ ਹੋ ਜਾਇਆ ਕਰਦੇ ਸਨ..ਸਿਰਫ ਆਪਣੀ ਹਿੱਕ ਤੇ ਡੁੱਲੇ ਖੂਨ ਅਤੇ ਮਿਝ ਦੀਆਂ ਬੋਟੀਆਂ ਵਿਖਾਉਣ ਤੋਂ ਸਿਵਾਏ ਉਹ ਕੁਝ ਨਾ ਕਰ ਸਕਦੇ!
ਇਕ ਵੇਰ ਪਿੰਡੋਂ ਆਉਂਦਿਆਂ ਇੱਕ ਗੂੰਗੀ ਟਰਾਲੀ ਮੈਂ ਵੀ ਵੇਖੀ ਸੀ..ਸ੍ਰੀਹਰਗੋਬਿੰਦ ਪੁਰ ਵੱਲੋਂ ਸ਼ਹਿਰ ਨੂੰ ਆਉਂਦੀ ਹੋਈ..ਖੁੱਲੇ ਡਾਲੇ ਵਿਚ ਪਰਾਲੀ ਦੇ ਢੇਰ ਉਤੇ ਚਿੱਟੀ ਚਾਦਰ ਨਾਲ ਢੱਕੇ ਦੋ ਮਾਵਾਂ ਦੇ ਪੁੱਤ..ਸਿਰਫ ਪੈਰ ਹੀ ਨੰਗੇ ਸਨ..ਉਹ ਵੀ ਇੰਝ ਹੀ ਹਿੱਲੀ ਜਾਂਦੇ ਸਨ..ਮੈਂ ਡਾਲੇ ਦਾ ਸੰਗਲ ਫੜ ਮਗਰ ਹੀ ਆਇਆ..ਅੰਦਾਜੇ ਲਾਉਂਦਾ..ਕੌਣ ਹੋ ਸਕਦੇ..ਕਿਥੇ ਮੁੱਕੇ ਹੋਣਗੇ.ਕਿੱਦਾਂ ਮੁਕੇ ਹੋਣਗੇ..ਕੋਲ ਬੈਠੇ ਦੋ ਖਾਕੀ ਵਰਦੀ ਵਾਲੇ ਵੀ ਚੁੱਪ ਸਨ..ਉਸ ਵੇਲੇ ਸਾਰੇ ਮਾੜੇ ਨਹੀਂ ਸਨ..ਪਰ ਮਜਬੂਰ ਸਨ..ਓਹਨਾ ਮੈਨੂੰ ਕੁਝ ਨਾ ਆਖਿਆ!
ਖੈਰ ਕਹਾਣੀ ਲੰਮੀ ਹੋ ਜਾਣੀ..ਅਖੀਰ ਵਿਚ ਏਨਾ ਹੀ ਆਖਾਂਗਾ..ਅਖੀਰ ਤੱਕ ਚੇਤੇ ਰੱਖਾਂਗੇ..ਫਿਕਰ ਨਾ ਕਰ..ਜਿਥੇ ਵੀ ਹੈਂ ਕਦੀ ਕਦੀ ਸੁਫਨਿਆਂ ਵਿਚ ਮਿਲ ਜਾਇਆ ਕਰ..ਹਲੂਣਾ ਦੇ ਜਾਇਆ ਕਰ..ਸੁਤਿਆਂ ਨੂੰ ਜਗਾ ਵੀ ਜਾਇਆ ਕਰ..ਕਿਓੰਕੇ ਘੜੀ ਕੂ ਜਾਗ ਫੇਰ ਗੂੜੀ ਨੀਂਦਰ ਸੋਂ ਜਾਣਾ ਕੌਂਮ ਦੀ ਪੂਰਾਣੀ ਆਦਤ ਏ!
ਇਕ ਮੋਇਆ ਪੁੱਤ ਪੰਜਾਬ ਦਾ..ਕੁੱਲ ਦੁਨੀਆਂ ਰੋਈ..ਇਸ ਕਰਮਾਂ ਮਾਰੀ ਕੌਮ ਨਾਲ ਅਣਹੋਣੀ ਹੋਈ!
ਹਰਪ੍ਰੀਤ ਸਿੰਘ ਜਵੰਦਾ
ਕੁਛ ਨੀ ਸਮਝ ਆਇਆ ਕਿ ਤੇ ਕਾਹਦੇ ਲਈ ਲਿਖਿਆ ਹੈ