ਬੰਸੋ ਸਹੁਰਿਆਂ ਤੋਂ ਤੀਜੇ ਬੱਚੇ ਲਈ ਜਣੇਪਾ ਕੱਟਣ ਪੇਕੇ ਆਈ ਸੀ, ਉਹਦੇ ਘਰ ਦੋ ਧੀਆਂ ਇਕ ਚਾਰ ਸਾਲ ਦੀ ਅਤੇ ਦੂਜੀ ਦੋ ਸਾਲ ਦੀ ਮਗਰੋਂ ਤੀਜੇ ਪੁੱਤਰ ਨੇ ਜਨਮ ਲਿਆ, ਜਿਸ ਦੇ ਜੰਮਣ ਤੋਂ ਤਿੰਨ ਮਹੀਨਿਆਂ ਬਾਅਦ ਹੀ ਉਸਦੇ ਪਤੀ ਜਰਨੈਲ ਸਿੰਘ ਦੀ ਮੌਤ ਐਕਸੀਡੈਂਟ ਕਾਰਨ ਹੋ ਗਈ । ਉਸ ਦੇ ਸਹੁਰਾ ਪਰਿਵਾਰ ਵਿੱਚ ਕੋਈ ਨਾ ਹੋਣ ਕਰਕੇ ਉਹ ਪੇਕਿਆਂ ਤੋਂ ਕਦੇ ਮੁੜ ਵਾਪਿਸ ਸਹੁਰੇ ਨਾ ਗਈ । ਪੇਕਿਆਂ ਦਾ ਪਰਿਵਾਰ ਵੱਡਾ ਹੋਣ ਕਾਰਨ ਉਹਦੇ ਮਾਂ ਬਾਪ ਨੇ ਉਹਨੂੰ ਇਕ ਅਲੱਗ ਮਕਾਨ ਅਤੇ ਇਕ ਮੱਝ ਲੈ ਦਿੱਤੀ । ਬੰਸੋ ਜਾਣਦੀ ਸੀ ਕਿ ਭਰਾਵਾਂ ਦੀ ਆਪਣੀ ਕਬੀਲਦਾਰੀ ਬਹੁਤ ਵੱਡੀ ਹੈ ਮਾਂ-ਬਾਪ ਨਹੀਂ ਰਹੇ , ਮੇਰੇ ਜਵਾਕਾਂ ਦੀ ਸਾਰ ਕਿਸੇ ਨੀ ਲੈਣੀ। ਵੱਡੀ ਕੁੜੀ ਨੂੰ ਰੱਬ ਨੇ ਰੱਜ ਕੇ ਸੁਹੱਪਣ ਦਿੱਤਾ, ਦਸਵੀਂ ਪਾਸ ਕਰਨ ਤੋਂ ਬਾਅਦ ਰਿਸ਼ਤੇ ਆਉਣ ਲੱਗੇ, ਉਹ ਹਲੇ ਸਤਾਰਾਂ ਵਰ੍ਹਿਆਂ ਦੀ ਹੀ ਸੀ ਤਾਂ ਉਸ ਦਾ ਰਿਸ਼ਤਾ ਬਾਹਰਲੇ ਮੁਲਕ ਤੋਂ ਆਏ ਪੈਂਤੀ ਚਾਲੀ ਸਾਲ ਦੇ ਮਰਦ ਨਾਲ ਕਰ ਦਿੱਤਾ, ਜਿਸ ਦੇ ਪਹਿਲਾਂ ਤੋਂ ਹੀ ਦਸ-ਬਾਰਾਂ ਸਾਲ ਦੀ ਲੜਕੀ ਸੀ। ਬੰਸੋ ਨੂੰ ਆਪਣੇ ਘਰ ਦੀ ਗਰੀਬੀ ਅਤੇ ਛੋਟੇ ਬੱਚਿਆਂ ਦਾ ਭਵਿੱਖ ਦਿਸਦਾ ਸੀ। ਸ਼ਾਇਦ ਉਸ ਦੀ ਵੱਡੀ ਲੜਕੀ ਵੀ ਘਰ ਦੇ ਹਾਲਾਤਾਂ ਤੋਂ ਜਾਣੂੰ ਸੀ। ਲੜਕੀ ਵਿਆਹ ਕਰਵਾ ਬਾਹਰਲੇ ਮੁਲਕ ਚਲੀ ਗਈ, ਉਸਨੇ ਆਪਣੇ ਛੋਟੇ ਭੈਣ-ਭਰਾ ਨੂੰ ਆਪਣੇ ਕੋਲ ਬੁਲਾ ਲਿਆ।ਬੰਸੋ ਦੇ ਮੁੰਡੇ ਨੇ ਬਾਹਰ ਬਹੁਤ ਮਿਹਨਤ ਕੀਤੀ, ਬੰਸੋ ਨੂੰ ਪਿੰਡ ਵਿੱਚ ਭਰਾਵਾਂ ਦੇ ਘਰਾਂ ਨੇੜੇ ਆਲੀਸ਼ਾਨ ਕੋਠੀ ਬਣਵਾ ਦਿੱਤੀ, ਉਸ ਨੂੰ ਲੱਗਿਆ ਮਾਂ ਨੂੰ ਹਰ ਖੁਸ਼ੀ ਪੈਸੇ ਨਾਲ ਹੀ ਖਰੀਦ ਦੇਣੀ ਹੈ। ਕਿਸੇ ਨੇ ਵੀ ਬੰਸੋ ਦੇ ਦਿਲ ਦਾ ਹਾਲ ਨਾ ਜਾਣਿਆ, ਉਸ ਦੇ ਅੰਦਰਲੇ ਜ਼ਖ਼ਮ ਪਤਾ ਨਹੀਂ ਕਦੋਂ ਕੈਂਸਰ ਬਣ ਗਏ.. ਆਖ਼ਰੀ ਸਟੇਜ ‘ਤੇ ਉਹ ਆਪਣੇ ਪੁੱਤਰ ਨੂੰ ਉਡੀਕਦੀ ਮਰ ਗਈ, ਉਸ ਨੂੰ ਸ਼ਾਇਦ ਮਾਂ ਨਾਲ਼ੋਂ ਜ਼ਿਆਦਾ ਪੈਸਾ ਪਿਆਰਾ ਹੋ ਚੁੱਕਾ ਸੀ ।