ਮੈਨੂੰ ਆਪਣੀ ਹਰ ਗਲਤੀ ਲਈ ਦੂਜੇ ਮਨੁੱਖ ਹੀ ਜੁੰਮੇਵਾਰ ਲੱਗਦੇ..ਗੱਲ ਗੱਲ ਤੇ ਬਿਨਾ ਵਜਾ ਦੂਜਿਆਂ ਦੀ ਬੇਇੱਜਤੀ ਕਰ ਦੇਣੀ ਮੇਰੀ ਆਦਤ ਬਣ ਗਈ ਸੀ..ਹਰੇਕ ਨੂੰ ਪਤਾ ਹੁੰਦਾ ਕੇ ਉਹ ਬੇਕਸੂਰ ਹੈ ਪਰ ਨੌਕਰੀ ਖਾਤਿਰ ਅੱਗੋਂ ਨਾ ਬੋਲਦਾ!
ਇੱਕ ਵੇਰ ਨਵੇਂ ਸਟੋਰ ਦਾ ਉਦਘਾਟਨ ਸੀ..ਸਬੱਬੀਂ ਪੰਜਾਬੋਂ ਬਾਪੂ ਹੂਰੀ ਵੀ ਆਏ ਹੋਏ ਸਨ..ਸੋਚਿਆ ਪਹਿਲੋਂ ਇਕ ਗੇੜਾ ਕਢਵਾ ਲਿਆਵਾਂ..ਨਾਲੇ ਇਹ ਵੀ ਪਤਾ ਲੱਗ ਜੂ ਕਿੰਨੇ ਲੋਕ ਮੇਰੇ ਥੱਲੇ ਕੰਮ ਕਰਦੇ ਨੇ!
ਸਾਈਟ ਤੇ ਅੱਪੜਨ ਤੱਕ ਮੈਂ ਨਾਲ ਬੈਠੇ ਮੈਨੇਜਰ ਨੂੰ ਝਿੜਕਾਂ ਹੀ ਦਿੰਦਾ ਆਇਆ..ਬਾਪੂ ਜੀ ਸਭ ਸੁਣੀ ਗਏ..ਪਰ ਬੋਲੇ ਨਹੀਂ..!
ਅੰਦਰ ਵੜਨ ਲੱਗੇ ਤਾਂ ਬੂਹਾ ਨਾ ਖੁੱਲੇ..ਮੈਂ ਬਾਹਰ ਨੂੰ ਜ਼ੋਰ ਲਾਈ ਜਾਵਾਂ..ਅੱਧਾ ਧਿਆਨ ਮੇਰਾ ਫੋਨ ਤੇ..ਕਿਸੇ ਨੂੰ ਉਚੀ ਉਚੀ ਕੁਝ ਆਖੀ ਵੀ ਜਾ ਰਿਹਾ ਸਾਂ..!
ਬਾਪੂ ਹੁਰੀਂ ਪਹਿਲੋਂ ਥੋੜਾ ਹੱਸੇ ਤੇ ਫੇਰ ਮੈਨੂੰ ਪਰਾਂ ਕਰਦੇ ਹੋਏ ਬੂਹੇ ਨੂੰ ਅੰਦਰ ਨੂੰ ਧੱਕਣ ਲੱਗੇ..ਬੂਹਾ ਖੁੱਲ ਗਿਆ..ਫੇਰ ਆਖਣ ਲੱਗੇ ਪੁੱਤਰ ਹਯਾਤੀ ਦੇ ਕੁਝ ਬੂਹੇ ਅੰਦਰ ਵੱਲ ਨੂੰ ਵੀ ਖੁੱਲਿਆ ਕਰਦੇ ਨੇ..ਸਾਰੀ ਉਮਰ ਬੱਸ ਬਾਹਰ ਨੂੰ ਹੀ ਜ਼ੋਰ ਲਾਈ ਜਾਣਾ ਠੀਕ ਨਹੀਂ..!
ਅਚਾਨਕ ਮੇਰੇ ਹੱਥੋਂ ਫੋਨ ਛੁੱਟ ਗਿਆ ਅਤੇ ਬਰਫ ਦੇ ਢੇਰ ਅੰਦਰ ਜਾ ਧਸਿਆ..ਓਸੇ ਵੇਲੇ ਕੱਢ ਤਾਂ ਲਿਆ ਪਰ ਮੁੜ ਨਹੀਂ ਚੱਲਿਆ..!
ਸ਼ੋ ਰੂਮ ਵਾਲੇ ਆਖਣ ਲੱਗੇ ਬਦਲਣਾ ਪੈਣਾ..ਅੰਦਰ ਪਾਣੀ ਪੈ ਗਿਆ..!
ਜੀ ਕੀਤਾ ਇਹ ਵੀ ਆਖ ਦਿਆਂ ਕੇ ਦੋਸਤਾ ਪਾਣੀ ਸਿਰਫ ਫੋਨ ਅੰਦਰ ਹੀ ਨਹੀਂ ਸਗੋਂ ਮੇਰੇ ਖੁਦ ਅੰਦਰ ਵਰ੍ਹਿਆਂ ਤੋਂ ਲਗਾਤਾਰ ਬਲਦੀ ਆ ਰਹੀ ਹਉਂਮੈਂ ਆਪਹੁਦਰੇਪਣ ਦੀ ਇੱਕ ਪ੍ਰਚੰਡ ਲਾਟ ਤੇ ਵੀ ਪੈ ਗਿਆ ਸੀ..ਉਹ ਲਾਟ ਜਿਹੜੀ ਪੂਰਨ ਤੌਰ ਤੇ ਤਾਂ ਭਾਵੇਂ ਅਜੇ ਵੀ ਨਹੀਂ ਸੀ ਬੁਝੀ ਪਰ ਵਕਤੀ ਤੌਰ ਤੇ ਮੱਠੀ ਜਰੂਰ ਪੈ ਗਈ ਸੀ!
ਹਰਪ੍ਰੀਤ ਸਿੰਘ ਜਵੰਦਾ
Nice Story