ਰਹਿਮਤ ਦਾ ਦਰ 7 | rehmat da dar 7

ਰਹਿਮਤ ਦਾ ਦਰ (7)
ਪਿਤਾ ਜੀ ਨੇ ਸਕੂਲ ਦਾ ਉਦਘਾਟਨ ਰਿਬਨ ਜੋੜਕੇ ਕੀਤਾ। ਸਕੂਲ ਚ ਦਾਖਿਲੇ ਸ਼ੁਰੂ ਹੋ ਗਏ ਸਨ। ਪਿਤਾ ਜੀ ਅਕਸਰ ਹੀ ਸਕੂਲ ਵਿੱਚ ਆਉਂਦੇ ਰਹਿੰਦੇ ਸਨ। ਉਹ ਚਾਹੁੰਦੇ ਸਨ ਕਿ ਸਕੂਲ ਦੇ ਕੰਮਾਂ ਵਿੱਚ ਡੇਰਾ ਪ੍ਰਬੰਧਕ ਫਾਲਤੂ ਦੀ ਦਖਲ ਅੰਦਾਜ਼ੀ ਨਾ ਕਰਨ। ਉਹ ਸਮੇਂ ਸਮੇਂ ਤੇ ਪ੍ਰਬੰਧਕਾਂ ਨੂੰ ਵਰਜਦੇ ਵੀ ਰਹਿੰਦੇ। ਪਰ ਓਹ ਫਿਰ ਵੀ ਆਪਣੀ ਮਨਮਰਜੀ ਕਰਨ ਦੀ ਕੋਸ਼ਿਸ਼ ਕਰਦੇ। ਪਹਿਲਾਂ ਕੁਝ ਪ੍ਰਬੰਧਕਾਂ ਨੇ ਬਾਈ ਅਵਤਾਰ ਸਿੰਘ ਦਾ ਦਫਤਰ ਸਕੂਲ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਦਫਤਰ ਲਈ ਓੰਹ ਪ੍ਰਿੰਸੀਪਲ ਵਰਗੀ ਰਿਵਾਲਵਿੰਗ ਚੇਅਰ ਵੀ ਖਰੀਦ ਲਿਆਏ ਪਰ ਪਿਤਾ ਜੀ ਨੇ ਮਨਜ਼ੂਰੀ ਨਹੀਂ ਦਿੱਤੀ। ਫਿਰ ਇਹਨਾਂ ਨੇ ਸਕੂਲ ਦਫਤਰ ਨੂੰ ਡੇਰੇ ਵਿੱਚ ਸ਼ਿਫਟ ਕਰਨ ਦੀ ਸਲਾਹ ਬਣਾਈ ਪਰ ਪਿਤਾ ਜੀ ਨੇ ਵਰਜ਼ ਦਿੱਤਾ। ਪਿਤਾ ਜੀ ਨੇ ਮੈਨੂੰ ਅਤੇ ਇਹਨਾਂ ਪ੍ਰਬੰਧਕਾਂ ਨੂੰ ਮਾਪਿਆਂ ਨਾਲ ਹਿੰਦੀ ਵਿੱਚ ਗਲਬਾਤ ਕਰਨ ਲਈ ਆਖਿਆ। ਪਰ ਬਾਈ ਅਵਤਾਰ ਬਾਈ ਗੁਰਬਾਜ ਅਤੇ ਇੱਕ ਦੋ ਹੋਰ ਪ੍ਰਬੰਧਕ ਖਿਚੜੀ ਭਾਸ਼ਾ ਬੋਲਣ ਲੱਗੇ। ਕਿਉਂਕਿ ਹਿੰਦੀ ਯ ਅੰਗਰੇਜ਼ੀ ਬੋਲਣੀ ਇਹਨਾਂ ਦੇ ਵੱਸ ਵਿੱਚ ਨਹੀਂ ਸੀ। ਕੁਝ ਪ੍ਰਬੰਧਕ ਸਿੱਧੇ ਯ ਅਸਿੱਧੇ ਰੂਪ ਵਿੱਚ ਗਾਹੇ ਬਿਹਾਏ ਦਖਲ ਅੰਦਾਜ਼ੀ ਕਰਦੇ। ਆਪਣੇ ਨਵੇਂ ਨਵੇਂ ਕਨੂੰਨ ਬਣਾਉਂਦੇ ਤੇ ਉਹਨਾਂ ਨੂੰ ਹੁਕਮ ਹੈ ਦਾ ਲਾਬਾਦਾ ਪਹਿਨਾਉਂਦੇ। ਪਿਤਾ ਜੀ ਨੇ ਸਕੂਲ ਬੈਜ ਬਣਾਉਣ ਲਈ ਮੇਰੇ ਨਾਲ ਗੱਲ ਕੀਤੀ ਅਤੇ ਬੈਜ ਬਣਾਉਣ ਲਈ ਬਾਈ ਕ੍ਰਿਸ਼ਨ ਜੀ ਦੀ ਡਿਊਟੀ ਲਗਾ ਦਿੱਤੀ। ਉਸਨੇ ਇੱਕ ਹਫਤਾ ਕੋਈਂ ਕਾਰਵਾਈ ਨਹੀਂ ਕੀਤੀ। ਫਿਰ ਪਿਤਾ ਜੀ ਨੇ ਥੋੜ੍ਹਾ ਸਖਤੀ ਨਾਲ ਕਿਹਾ ਤਾਂ ਤੀਸਰੇ ਦਿਨ ਬੈਜ ਬਣਕੇ ਸਕੂਲ ਵਿੱਚ ਆ ਗਏ। ਇੱਕ ਗੱਲ ਮੈਂ ਨੋਟ ਕੀਤੀ ਕਿ ਬਹੁਤਾ ਨੇੜੇ ਰਹਿਣ ਵਾਲਿਆਂ ਵਿੱਚ ਉਹ ਸ਼ਰਧਾ ਨਹੀਂ ਹੁੰਦੀ ਜੋ ਦੂਰ ਰਹਿਣ ਵਾਲੇ ਆਮ ਸਤਸੰਗੀਆਂ ਵਿੱਚ ਹੁੰਦੀ ਹੈ। ਉਹ ਸਤਿਗੁਰੂ ਨੂੰ ਇੱਕ ਆਮ ਬੰਦਾ ਹੀ ਸਮਝਦੇ ਹਨ। ਪਿਤਾ ਜੀ ਨੇ ਸਕੂਲ ਦਾ ਨਕਸ਼ਾ ਇਸ ਤਰ੍ਹਾਂ ਦਾ ਅੰਡਕਾਰ ਕਿਸਮ ਦਾ ਬਣਾਇਆ ਸੀ ਕਿ ਇੱਕ ਜਗ੍ਹਾ ਖੜ੍ਹੇ ਹੋਕੇ ਤੁਸੀਂ 32 ਨੀਚੇ ਵਾਲ਼ੇ ਅਤੇ 32 ਉਪਰ ਵਾਲੇ ਕਮਰੇ ਵੇਖ ਸਕਦੇ ਹੋ। ਇਹ ਕਮਰੇ ਇੱਕ ਦੂਜੇ ਨਾਲ ਜੁੜੇ ਹੋਏ ਹਨ ਫਿਰ ਵੀ ਹਰ ਕਮਰੇ ਦੇ ਚਾਰੇ ਪਾਸੇ ਵੈਂਟੀਲੇਸ਼ਨ ਦਾ ਪ੍ਰਬੰਧ ਸੀ। ਇਹ ਦੁਨੀਆਂ ਵਿੱਚ ਇੱਕ ਮਿਸਾਲ ਸੀ। ਡਾਟ ਸਿਸਟਮ ਸ਼ੀ। ਕੋਈਂ ਲੇਂਟਰ ਨਹੀਂ ਸੀ ਪਾਇਆ। ਦਰਵਾਜੇ ਅਤੇ ਖਿੜਕੀਆਂ ਦੇ ਉਪਰ ਵੀ ਗੋਲ ਡਾਟਾਂ ਪਾਈਆਂ ਸਨ। ਸਕੂਲ ਵਿੱਚ ਬਣਾਏ ਗਏ ਬਲੈਕ ਬੋਰਡਾਂ ਤੇ ਨੀਲਾ ਰੰਗ ਕਰਵਾਇਆ ਗਿਆ। ਇਹ ਕੋਈਂ ਪਿਤਾ ਜੀ ਦੀ ਖੇਡ ਸੀ। ਇਸ ਤਰ੍ਹਾਂ ਉਹ ਬਲਿਊ ਬੋਰਡ ਸਨ ਪਰ ਹਰ ਕੋਈਂ ਉਹਨਾਂ ਨੂੰ ਬਲੈਕ ਬੋਰਡ ਯ ਨੀਲੇ ਬਲੈਕ ਬੋਰਡ ਆਖਦਾ। ਫਿਰ ਉਹਨਾਂ ਬੋਰਡਾਂ ਤੇ ਕਾਲਾ ਰੰਗ ਕਰਵਾ ਦਿੱਤਾ। ਸੁਸਾਇਟੀ ਦੇ ਨਾਮ ਅਨੁਸਾਰ ਸਕੂਲ ਦਾ ਨਾਮ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਗਰਲਜ਼ ਸਕੂਲ ਰੱਖਿਆ ਗਿਆ। ਮੈਂ ਬਾਬੂ ਇੰਦਰਸੈਨ ਅਤੇ ਬਾਈ ਅਵਤਾਰ ਸਿੰਘ ਕੋਲੇ ਸਕੂਲ ਦਾ ਨਾਮ ਜਿਆਦਾ ਵੱਡਾ ਹੋਣ ਦੀ ਗੱਲ ਕੀਤੀ ਤੇ ਇਸ ਨੂੰ ਸ਼ਾਹ ਸਤਨਾਮ ਜੀ ਸਕੂਲ ਯ ਸ਼ਾਹ ਸਤਨਾਮ ਅਕਾਦਮੀ ਯਾਨੀ ਛੋਟਾ ਨਾਮ ਰੱਖਣ ਦੀ ਗੱਲ ਕੀਤੀ। ਪਰ ਕਿਸੇ ਨੇ ਵੀ ਹੁੰਗਾਰਾ ਨਹੀਂ ਭਰਿਆ। ਨਾ ਹੀ ਪਿਤਾ ਜੀ ਕੋਲ ਗੱਲ ਕੀਤੀ। ਬਾਅਦ ਵਿਚ ਹਜ਼ੂਰ ਪਿਤਾ ਜੀ ਨੇ ਖੁਦ ਹੀ ਸਕੂਲ ਦਾ ਨਾਮ ਸ਼ਾਹ ਸਤਨਾਮ ਜੀ ਗਰਲਜ਼ ਸਕੂਲ ਕਰ ਦਿੱਤਾ। ਪਿਤਾ ਜੀ ਦੇ ਹੁਕਮ ਅਨੁਸਾਰ ਸਕੂਲ ਵਿੱਚ ਬਾਸਕਟ ਬਾਲ ਦੇ ਪੋਲ ਲਗਵਾਏ ਗਏ। ਪ੍ਰਬੰਧਕਾਂ ਤੇ ਖੇਡ ਇੰਚਾਰਜ ਨੇ ਆਪਣੀ ਮਿਣਤੀ ਕੀਤੀ। ਜਦੋਂ ਸ਼ਾਮ ਨੂੰ ਪਿਤਾ ਜੀ ਸਕੂਲ ਆਏ ਤਾਂ ਪਿਤਾ ਜੀ ਨੇ ਦੂਰੋਂ ਹੀ ਬਾਸਕਟ ਬਾਲ ਪੋਲ ਉੱਚੇ ਨੀਵੇਂ ਹੋਣ ਬਾਰੇ ਫਰਮਾਇਆ। ਇਹ ਸਾਰੇ ਨਹੀਂ ਜੀ ਨਹੀਂ ਜੀ ਕਰਨ ਲੱਗੇ। ਜਦੋਂ ਦੁਬਾਰਾ ਮਿਣਤੀ ਕੀਤੀ ਗਈ ਤਾਂ ਦੋਹਾਂ ਪੋਲਜ ਵਿੱਚ ਢਾਈ ਇੰਚ ਦਾ ਫਰਕ ਨਿਕਲਿਆ।
“ਬੇਟਾ ਕੋਈਂ ਵੀ ਗੱਲ ਹੋਵੇ ਤਾਂ ਤੁਸੀਂ ਸਾਡੇ ਨਾਲ ਸਿੱਧੀ ਗੱਲ ਕਰਨੀ ਹੈ ਕਿਸੇ ਹੋਰ ਨੂੰ ਕੁਝ ਨਹੀਂ ਦੱਸਣਾ।” ਇੱਕ ਦਿਨ ਪਿਤਾ ਜੀ ਨੇ ਸਕੂਲ ਦੇ ਦਫਤਰ ਵਿੱਚ ਮੈਨੂੰ ਫਰਮਾਇਆ। ਪਰ ਫਿਰ ਮੇਰੇ ਲਈ ਪਿਤਾ ਜੀ ਨੂੰ ਮਿਲਣਾ ਵੀ ਓਨਾ ਆਸਾਨ ਨਹੀਂ ਸੀ। ਸਤਸੰਗਾਂ ਦੌਰਾਨ ਪਿਤਾ ਜੀ ਆਪਣੇ ਨੇੜਲਿਆਂ ਦੀ ਤੁਲਣਾਂ ਮੱਝ ਦੇ ਲੇਵੇ ਕੋਲ ਲੱਗੇ ਚਿੱਚੜਾਂ ਨਾਲ ਕਰਦੇ। ਜੋ ਦੁੱਧ ਦੀ ਬਜਾਇ ਸਾਰੀ ਉਮਰ ਖੂਨ ਪੀਂਦੇ ਰਹਿੰਦੇ ਹਨ। ਇਹ ਨਹੀਂ ਕਿ ਸਤਿਗੁਰੂ ਦੇ ਨੇੜੇ ਰਹਿਣ ਵਾਲੇ ਸਾਰੇ ਹੀ ਚਿੱਚੜ ਹੀ ਹੁੰਦੇ ਹਨ। ਬਹੁਤੇ ਭਗਤ ਵੀ ਹੁੰਦੇ ਹਨ ਜਿੰਨਾਂ ਨੂੰ ਸਿਰਫ ਪਿਤਾ ਜੀ ਦੇ ਬਚਨ ਹੀ ਨਜ਼ਰ ਆਉਂਦੇ ਹਨ। ਜਿੰਨਾਂ ਨੂੰ ਸੋ ਗਾਹਲ ਵੀ ਮਾਫ ਹੁੰਦੀ ਹੈ। ਸਤਿਗੁਰੂ ਦੇ ਨੇੜੇ ਰਹਿਕੇ ਵੀ ਕੋਈਂ ਆਪਣੀ ਸਾਲਾਂ ਦੀ ਤਪੱਸਿਆ ਖਤਮ ਕਰ ਲੈਂਦਾ ਹੈ। ਕੋਈਂ ਕਿਸਮਤ ਵਾਲਾ ਹੀ ਆਪਣੇ ਸਤਿਗੁਰੂ ਨਾਲ ਔਡ਼ ਨਿਭਾਉਂਦਾ ਹੈ। ਕਈ ਸਭ ਤੋਂ ਨਜ਼ਦੀਕ ਰਹਿਣ ਵਾਲੇ ਹੀ ਆਪਣੇ ਸਤਿਗੁਰੂ ਤੋਂ ਬੇਮੁੱਖ ਹੋ ਜਾਂਦੇ ਹਨ। ਉਹਨਾਂ ਦਾ ਨਾਮ ਲਿਖਣਾ ਤਾਂ ਕੀ ਨਾਮ ਲੈਣਾ ਵੀ ਪਾਪ ਹੁੰਦਾ ਹੈ।
ਚਲਦਾ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *